ਯੂਨੀਵਰਸਿਟੀ ਪ੍ਰਸ਼ਾਸਨ ਨੇ ਲੜਕੀਆਂ ਦੇ ਹੋਸਟਲ ਬੰਦ ਹੋਣ ਦਾ ਸਮਾਂ ਸ਼ਾਮ 8 ਵਜੇ ਤੋਂ ਵਧਾ ਕੇ 9 ਵਜੇ ਕੀਤਾ
Sat 13 Oct, 2018 0ਵਿਦਿਆਰਥਣਾਂ ਨੂੰ ਯੂਨੀਵਰਸਿਟੀ ਦੀ ਲਾਇਬਰੇਰੀ ਵਿੱਚ ਜਾਣ ਵਾਸਤੇ ਸ਼ਾਮ 9 ਵਜੇ ਅਤੇ ਵਾਪਸ ਆਉਣ ਲਈ ਰਾਤ 11 ਵਜੇ ਬੱਸ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀਐਸ
ਐਸ ਪੀ ਸਿੱਧੂ
ਚੰਡੀਗੜ੍ਹ 13 ਅਕਤੂਬਰ
ਪੰਜਾਬੀ ਯੂਨੀਵਰਸਿਟੀ ਵਿੱਚ ਡੀਐੱਸਓ ਤੇ ਸਹਿਯੋਗੀ ਵਿਦਿਆਰਥੀ ਧਿਰਾਂ ਵੱਲੋਂ ਲੜਕੀਆਂ ਦੇ ਹੋਸਟਲ ਦੀ ਸਮਾਂਬੰਦੀ ਸਮੇਤ ਹੋਰ ਮਸਲਿਆਂ ਦੇ ਹੱਲ ਲਈ ਅਰੰਭਿਆ ਸੰਘਰਸ਼ ਅੱਜ ਸਮਾਪਤ ਹੋ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਲੜਕੀਆਂ ਦੇ ਹੋਸਟਲ ਬੰਦ ਹੋਣ ਦਾ ਸਮਾਂ ਸ਼ਾਮ 8 ਵਜੇ ਤੋਂ ਵਧਾ ਕੇ 9 ਵਜੇ ਕਰ ਦਿੱਤਾ ਹੈ। ਦੋਹਾਂ ਧਿਰਾਂ ਵਿਚਾਲੇ ਇਹ ਸਮਝੌਤਾ ਅੱਜ ਗੈਸਟ ਹਾਊਸ ਵਿੱਚ ਹੋਈ ਲੰਬੀ ਚਰਚਾ ਮਗਰੋਂ ਸਿਰੇ ਚੜ੍ਹਿਆ।
ਦੱਸਣਯੋਗ ਹੈ ਕਿ ਡੀਐੱਸਓ ਵੱਲੋਂ ਇਹ ਅੰਦੋਲਨ 18 ਸਤੰਬਰ ਨੂੰ ਉਪ ਕੁਲਪਤੀ ਦਫ਼ਤਰ ਅੱਗੇ ਅਰੰਭਿਆ ਗਿਆ ਸੀ। ਉਪਰੰਤ ਪੰਜ ਹੋਰ ਵਿਦਿਆਰਥੀ ਧਿਰਾਂ ਧਰਨੇ ਵਿੱਚ ਸ਼ਾਮਲ ਹੋ ਗਈਆਂ ਸਨ। ਕੁਝ ਵਿਦਿਆਰਥੀਆਂ ਨੇ ਮਰਨ ਵਰਤ ਵੀ ਆਰੰਭੀ ਰੱਖਿਆ। ਇਸ ਦੌਰਾਨ ਭਾਵੇਂ ਕਿ ਯੂਨੀਵਰਸਿਟੀ ਕੈਂਪਸ ਵਿੱਚ ਵਿਦਿਆਰਥੀ ਧਿਰਾਂ ਵਿਚਾਲੇ ਝਗੜੇ ਵੀ ਹੋਏ ਪਰ ਇਸ ਦੇ ਬਾਵਜੂਦ ਡੀਐੱਸਓ ਪੱਖੀ ਵਿਦਿਆਰਥੀ ਅੰਦੋਲਨ ਲਈ ਬਜ਼ਿੱਦ ਸਨ। ਆਖ਼ਰਕਾਰ ਅੱਜ ਦੋਵੇਂ ਧਿਰਾਂ ਵਿੱਚ ਆਮ ਸਹਿਮਤੀ ਬਣਨ ਮਗਰੋਂ ਅੰਦੋਲਨ ਦੀ ਕਮਾਨ ਸੰਭਾਲ ਰਹੇ ਸਾਂਝੇ ਵਿਦਿਆਰਥੀ ਮੋਰਚੇ ਨੇ ਸੰਘਰਸ਼ ਸਮਾਪਤ ਕਰਨ ਦੀ ਰਜ਼ਾਮੰਦੀ ਦੇ ਦਿੱਤੀ।
ਉਪਰੰਤ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਅਧਿਕਾਰਤ ਤੌਰ ’ਤੇ ਬਿਆਨ ਵੀ ਜਾਰੀ ਕਰ ਦਿੱਤਾ ਗਿਆ, ਜਿਸ ਵਿੱਚ ਸਪੱਸ਼ਟ ਕੀਤਾ ਗਿਆ ਕਿ ਲੜਕੀਆਂ ਦੇ ਹੋਸਟਲ ਬੰਦ ਹੋਣ ਦੇ ਸਮੇਂ ਵਿੱਚ ਇੱਕ ਘੰਟੇ ਦਾ ਇਜ਼ਾਫ਼ਾ ਕੀਤਾ ਗਿਆ ਹੈ। ਹੋਸਟਲ ਬੰਦ ਹੋਣ ਦਾ ਸਮਾਂ ਸ਼ਾਮ 8 ਵਜੇ ਤੋਂ ਵਧਾਕੇ 9 ਵਜੇ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਸਟਲ ਵਿੱਚ ਰਹਿਣ ਵਾਲੀਆਂ ਵਿਦਿਆਰਥਣਾਂ ਤੋਂ ਰਾਤ 10 ਵਜੇ ਤੱਕ ਕੋਈ ਲੇਟ ਐਂਟਰੀ ਫੀਸ ਨਹੀਂ ਵਸੂਲੀ ਜਾਵੇਗੀ ਪਰ ਉਹ ਹੋਸਟਲ ਵਿੱਚ ਦਾਖਲੇ ਸਮੇਂ ਇਸ ਮੰਤਵ ਲਈ ਰੱਖੇ ਰਜਿਸਟਰ ਵਿੱਚ ਐਂਟਰੀ ਕਰਨਗੀਆਂ। ਨਿਰਧਾਰਤ ਸਮੇਂ ਤੋਂ ਬਾਅਦ ਹੋਸਟਲ ਵਿੱਚ ਆਉਣ ਵਾਲੀਆਂ ਵਿਦਿਆਰਥਣਾਂ ’ਤੇ ਚਲਦੀ ਪ੍ਰਥਾ ਅਨੁਸਾਰ ਨਿਯਮ ਲਾਗੂ ਹੋਣਗੇ ਪਰ ਅਰਜ਼ੀ ਦੀ ਜਗ੍ਹਾ ਹੁਣ ਰਜਿਸਟਰ ਵਿੱਚ ਲੇਟ ਆਉਣ ਦਾ ਸਮਾਂ ਤੇ ਕਾਰਨ ਆਦਿ ਦਰਜ ਕੀਤਾ ਜਾਵੇਗਾ। ਹੋਸਟਲ ਦੀਆਂ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਦੀ ਲਾਇਬਰੇਰੀ ਵਿੱਚ ਜਾਣ ਵਾਸਤੇ ਸ਼ਾਮ 9 ਵਜੇ ਅਤੇ ਵਾਪਸ ਆਉਣ ਲਈ ਰਾਤ 11 ਵਜੇ ਬੱਸ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
Comments (0)
Facebook Comments (0)