ਪੁਰਾਣੇ ਸਮੇਂ 'ਚ ਸੰਗੀਤ ਦੀਆਂ ਧੁਨਾਂ ਛੱਡਣ ਵਾਲੀ ਮਸ਼ੀਨ ਅਤੇ ਤਵੇ ਸਾਂਭ ਕੇ ਰੱਖੇ ਨੇ ਮਾਨ ਬ੍ਰਦਰਜ਼ ਨੇ
Fri 26 Oct, 2018 0ਸੁਣਨ ਵਿਚ ਆਉਂਦਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਕਈ ਲੋਕ ਅਪਣਾ ਸ਼ੌਕ ਪੂਰਾ ਕਰਨ ਅਤੇ ਦੁਨੀਆਂ 'ਤੇ ਅਪਣਾ ਨਾਮ ਚਲਾਉਣ ਲਈ ਹਜ਼ਾਰਾਂ ਤੇ ਲੱਖਾਂ ਰੁਪਏ ਲਾ ਦਿੰਦੇ ਹਨ। ਹਰ ਆਦਮੀ ਦੇ ਦਿਲ ਵਿਚ ਕੋਈ ਨਾ ਕੋਈ ਸ਼ੌਕ ਜ਼ਰੂਰ ਹੁੰਦਾ ਹੈ। ਕਈ ਅਜਿਹੀਆਂ ਸ਼ਖ਼ਸੀਅਤਾਂ ਵੀ ਸਮਾਜ ਵਿਚ ਮੌਜੂਦ ਹਨ, ਜੋ ਅਪਣੇ ਸ਼ੌਕ ਪੂਰੇ ਕਰਨ ਦੇ ਨਾਲ-ਨਾਲ ਚੰਗੇ ਕੰਮ ਕਰ ਕੇ ਅਜਿਹੀਆਂ ਮਿਸਾਲਾਂ ਕਾਇਮ ਕਰ ਦਿੰਦੇ ਹਨ, ਜਿਸ ਨੂੰ ਹਰ ਕੋਈ ਯਾਦ ਕਰਦਾ ਹੈ। ਇਸ ਤਰ੍ਹਾਂ ਹੀ ਅਪਣਾ ਸ਼ੌਕ ਪੂਰਾ ਕਰਦੇ ਹੋਏ ਵਖਰੀਆਂ ਹੀ ਮਿਸਾਲਾਂ ਦੇ ਰਹੇ ਹਨ ਜ਼ਿਲ੍ਹਾ ਬਰਨਾਲਾ ਦੇ ਪਿੰਡ ਬਦਰਾ ਵਿਚ ਰਹਿੰਦੇ ਮਾਨ ਬ੍ਰਦਰਜ਼।
ਇਨ੍ਹਾਂ ਵਿਚ ਇਕ ਦਾ ਨਾਮ ਅਮਨਦੀਪ ਸਿੰਘ ਮਾਨ ਅਤੇ ਦੂਜਾ ਹਰਪ੍ਰੀਤ ਸਿੰਘ ਮਾਨ ਹੈ। ਇਹ ਮਾਨ ਬ੍ਰਦਰਜ਼ ਬਿਲਕੁਲ ਨੌਜਵਾਨ ਅਤੇ ਜਵਾਨੀ ਦੇ ਜੋਸ਼ ਵਿਚ ਹਨ। ਇਨ੍ਹਾਂ ਨੌਜਵਾਨਾਂ ਨੇ ਉਹ ਚੀਜ਼ਾਂ ਸਾਂਭ ਕੇ ਰਖੀਆਂ ਹੋਈਆਂ ਨੇ, ਜਿਨ੍ਹਾਂ ਬਾਰੇ ਅੱਜ ਕਲ ਦੇ ਨੌਜਵਾਨਾਂ ਨੂੰ ਸ਼ਾਇਦ ਜਾਣਕਾਰੀ ਵੀ ਨਹੀਂ ਹੈ। ਇਨ੍ਹਾਂ ਨੇ ਪੁਰਾਣੇ ਸਮੇਂ ਵਿਚ ਸੰਗੀਤ ਦੀਆਂ ਧੁਨਾਂ ਛੱਡਣ ਵਾਲੀਆਂ ਮਸ਼ੀਨਾਂ ਅਤੇ ਤਵੇ ਸਾਂਭ ਕੇ ਰੱਖੇ ਹੋਏ ਹਨ। ਇਸ ਮਸ਼ੀਨ ਨੂੰ ਐਚ.ਐਮ.ਵੀ. ਮਸ਼ੀਨ ਕਹਿੰਦੇ ਹਨ। ਅਮਨਦੀਪ ਅਤੇ ਹਰਪ੍ਰੀਤ ਨੇ ਦਸਿਆ ਕਿ ਇਸ ਮਸ਼ੀਨ ਵਿਚ ਪੈਣ ਵਾਲੇ ਸਾਰੇ ਹੀ ਤਰ੍ਹਾਂ ਦੇ ਤਵੇ ਸਾਡੇ ਕੋਲ ਮੌਜੂਦ ਹਨ।
small Record
ਪੱਥਰ ਵਾਲੇ ਤਵੇ 200, ਐਲ.ਪੀ. ਰੀਕਾਰਡ 300, ਛੋਟੇ ਰੀਕਾਰਡ 700 ਦੇ ਕਰੀਬ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਮਿਆਦ ਪੁਗਾ ਚੁੱਕੇ ਵੀ.ਸੀ.ਆਰ. ਦੀਆਂ ਕੈਸਿਟਾਂ ਵੀ ਸਾਂਭ ਕੇ ਰਖੀਆਂ ਹੋਈਆਂ ਹਨ, ਜਿਨ੍ਹਾਂ ਦੀ ਗਿਣਤੀ 8000 ਦੇ ਕਰੀਬ ਹੈ। ਇਨ੍ਹਾਂ ਭਰਾਵਾਂ ਨੇ ਇਹ ਸਾਰੇ ਰੀਕਾਰਡ ਪੰਜਾਬ ਦੇ ਵੱਖ-ਵੱਖ ਪਿੰਡਾਂ-ਸ਼ਹਿਰਾਂ ਵਿਚੋਂ ਦਿਨ-ਰਾਤ ਇਕ ਕਰ ਕੇ ਇਕੱਠੇ ਕੀਤੇ ਹਨ। ਉਨ੍ਹਾਂ ਦਸਿਆ ਕਿ ਇਹ ਸੱਭ ਇਸ ਕਰ ਕੇ ਸਾਂਭ ਕੇ ਰਖਿਆ ਹੋਇਆ ਹੈ ਕਿ ਅੱਜ ਦੇ ਜ਼ਮਾਨੇ ਵਿਚ ਲੋਕ ਅਪਣੇ ਸਭਿਆਚਾਰ ਨੂੰ ਭੁੱਲ ਕੇ ਲਚਰਤਾ ਅਤੇ ਪਛਮੀ ਸਭਿਆਚਾਰ ਵਲ ਜਾ ਰਹੇ ਹਨ।
L P Record
ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਅੱਜ ਦੇ ਪੈੱਨ ਡਰਾਈਵ ਅਤੇ ਕੰਪਿਊਟਰ ਦੇ ਯੁਗ ਵਿਚ ਇਹ ਚੀਜ਼ਾਂ ਸੰਭਾਲ ਕੇ ਰਖੀਆਂ ਹੋਈਆਂ ਹਨ। ਅਸਲ ਵਿਚ ਲੋੜ ਹੈ ਸਮਾਜ ਨੂੰ ਅਜਿਹੇ ਮਿਹਨਤੀ ਅਤੇ ਹੋਣਹਾਰ ਨੌਜਵਾਨਾਂ ਦੀ ਜੋ ਸਮਾਜ ਨੂੰ ਇਕ ਚੰਗੀ ਸੇਧ ਦੇ ਕੇ ਵਖਰੇ ਰੀਕਾਰਡ ਪੈਦਾ ਕਰਨ ਕਿਉਂਕਿ ਅੱਜ ਕਲ ਦੇ ਨੌਜਵਾਨ ਤਾਂ ਜ਼ਿਆਦਾਤਰ ਨਸ਼ਿਆਂ ਦੇ ਦਰਿਆ ਵਿਚ ਰੁੜ੍ਹ ਰਹੇ ਹਨ। ਇਸ ਲਈ ਰੱਬ ਇਨ੍ਹਾਂ ਨੂੰ ਹੋਰ ਤਰੱਕੀ ਅਤੇ ਬਲ ਬਖ਼ਸ਼ੇ ਤਾਕਿ ਇਹ ਭਰਾ ਅਪਣੇ ਸਭਿਆਚਾਰ ਵਿਚੋਂ ਗੁਆਚ ਚੁਕੀਆਂ ਵਸਤੂਆਂ ਨੂੰ ਵਾਪਸ ਸਮਾਜ ਵਿਚ ਲਿਆਉਣ ਲਈ ਯਤਨ ਜਾਰੀ ਰੱਖਣ।
- ਸੁਖਰਾਜ ਸਿੰਘ ਚਹਿਲ
ਪਿੰਡ ਅਤੇ ਡਾਕ ਧਨੌਲਾ (ਬਰਨਾਲਾ)
ਮੋਬਾਈਲ : 97810-48055
Comments (0)
Facebook Comments (0)