
ਫ਼ਿਲਮ 'ਦ ਐਂਕਸੀਡੈਂਟਲ ਪ੍ਰਾਈਮ ਮੀਨਿਸਟਰ' ਦਾ ਕਾਂਗਰਸ ਪਾਰਟੀ ਵਲੋਂ ਸਖ਼ਤ ਵਿਰੋਧ
Sat 29 Dec, 2018 0
ਨਵੀਂ ਦਿੱਲੀ/ਮੁੰਬਈ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਲ ਬਾਰੇ ਬਣ ਰਹੀ ਫ਼ਿਲਮ 'ਦ ਐਂਕਸੀਡੈਂਟਲ ਪ੍ਰਾਈਮ ਮੀਨਿਸਟਰ' ਦਾ ਟਰੇਲਰ ਜਾਰੀ ਹੋਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਵੀਰਵਾਰ ਨੂੰ ਜਾਰੀ ਇਸ ਟਰੇਲਰ ਦੀ ਫ਼ਿਲਮ 'ਚ ਤੱਥਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦੇ ਦੋਸ਼ ਹਨ। ਇਸ ਟਰੇਲਰ 'ਚ ਡਾ. ਮਨਮੋਹਨ ਸਿੰਘ ਨੂੰ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਅੰਦਰੂਨੀ ਸਿਆਸਤ ਦੇ ਸ਼ਿਕਾਰ ਵਜੋਂ ਵਿਖਾਇਆ ਗਿਆ ਹੈ। ਅਦਾਕਾਰ ਅਨੁਪਮ ਖੇਰ ਇਸ ਫ਼ਿਲਮ 'ਚ ਸਾਬਕਾ ਪ੍ਰਧਾਨ ਮੰਤਰੀ ਦਾ ਕਿਰਦਾਰ ਨਿਭਾ ਰਹੇ ਹਨ।
ਕੁੱਝ ਖ਼ਬਰਾਂ 'ਚ ਅਜਿਹਾ ਵੀ ਕਿਹਾ ਗਿਆ ਹੈ ਕਿ ਡਾ. ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ ਇਸੇ ਨਾਂ ਵਾਲੀ ਕਿਤਾਬ 'ਤੇ ਆਧਾਰਤ ਇਸ ਫ਼ਿਲਮ ਨੂੰ ਮੱਧ ਪ੍ਰਦੇਸ਼ 'ਚ ਪਾਬੰਦੀਸ਼ੁਦਾ ਕਰ ਦਿਤਾ ਗਿਆ ਹੈ। ਮਹਾਰਾਸ਼ਟਰ ਯੁਵਾ ਕਾਂਗਰਸ ਨੇ ਵੀ ਕਿਹਾ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਇਹ ਫ਼ਿਲਮ ਨਹੀਂ ਵਿਖਾਈ ਜਾਂਦੀ ਉਹ ਇਸ ਨੂੰ ਰਿਲੀਜ਼ ਨਹੀਂ ਹੋਣ ਦੇਣਗੇ। ਹਾਲਾਂਕਿ ਅੱਜ ਸੂਬਾ ਸਰਕਾਰ ਦੇ ਜਨਸੰਪਰਕ ਵਿਭਾਗ ਵਲੋਂ ਇਸ ਬਾਬਤ ਚਲ ਰਹੀਆਂ ਅਫ਼ਵਾਹਾਂ ਨੂੰ ਸ਼ਾਂਤ ਕਰਨ ਲਈ ਟਵਿੱਟਰ ਰਾਹੀਂ ਸੂਚਨਾ ਜਾਰੀ ਕੀਤੀ ਗਈ ਹੈ ਕਿ ਇਸ ਫ਼ਿਲਮ 'ਤੇ ਪਾਬੰਦੀ ਦੀ ਖ਼ਬਰ 'ਭਰਮਾਊ ਅਤੇ ਗ਼ਲਤ' ਹੈ।
ਹਾਲਾਂਕਿ ਕਾਂਗਰਸ ਦੇ ਕੁੱਝ ਆਗੂਆਂ ਨੇ ਇਸ ਫ਼ਿਲਮ 'ਤੇ ਪਾਬੰਦੀ ਲਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਘੱਟ ਤੋਂ ਘੱਟ ਫ਼ਿਲਮ 'ਚੋਂ ਇਤਰਾਜ਼ਯੋਗ ਦ੍ਰਿਸ਼ ਹਟਾਉਣੇ ਚਾਹੀਦੇ ਹਨ। ਕਾਂਗਰਸ ਦੀ ਮੱਧ ਪ੍ਰਦੇਸ਼ ਇਕਾਈ ਨੇ ਇਸ ਨੂੰ ਭਾਜਪਾ ਦਾ 'ਪ੍ਰਾਪੇਗੰਡਾ' ਦਸਦਿਆਂ ਇਸ 'ਤੇ ਕੋਈ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ। ਭਾਜਪਾ 'ਤੇ ਹਮਲਾ ਕਰਦਿਆਂ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਸੰਸਦ ਮੈਂਬਰ ਮਨੋਜ ਝਾ ਨੇ Êਦੋਸ਼ ਲਾਇਆ ਹੈ ਕਿ ਭਗਵੀਂ ਪਾਰਟੀ ਨੇ ਇਸ ਫ਼ਿਲਮ ਲਈ ਅਪਣਾ ਖ਼ਜ਼ਾਨਾ ਖੋਲ੍ਹ ਦਿਤਾ ਹੈ।
ਉਨ੍ਹਾਂ ਕਿਹਾ ਕਿ ਰਾਫ਼ੇਲ ਜੈੱਟ ਜਹਾਜ਼ ਸੌਦੇ 'ਚ ਕਥਿਤ ਬੇਨਿਯਮੀਆਂ, ਨੋਟਬੰਦੀ ਅਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਵੀ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ।
ਮੱਧ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨਰਿੰਦਰ ਸਲੂਜਾ ਨੇ ਕਿਹਾ, ''ਇਹ ਫ਼ਿਲਮ ਮੁੱਖ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਭਾਜਪਾ ਦਾ 'ਪ੍ਰਾਪੇਗੰਡਾ' ਹੈ।'' ਸੂਬਾ ਕਾਂਗਰਸ ਦੇ ਇਕ ਹੋਰ ਬੁਲਾਰੇ ਪੰਕਜ ਚਤੁਰਵੇਦੀ ਨੇ ਵੀ ਫ਼ਿਲਮ ਦੇ ਦ੍ਰਿਸ਼ਾਂ ਨੂੰ ਹਟਾਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਫ਼ਿਲਮ 'ਚ ਤੱਥਾਂ ਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤਾ ਗਿਆ।
ਜਦਕਿ ਮੱਧ ਪ੍ਰਦੇਸ਼ ਭਾਜਪਾ ਦੇ ਬੁਲਾਰੇ ਰਜਨੀਸ਼ ਅਗਰਵਾਲ ਨੇ ਫ਼ਿਲਮ ਦਾ ਪੱਖ ਲੈਂਦਿਆਂ ਤਰਕ ਦਿਤਾ ਕਿ ਇਹ ਫ਼ਿਲਮ ਡਾ. ਮਨਮੋਹਨ ਸਿੰਘ ਬਾਰੇ ਲਿਖੀ ਕਿਤਾਬ ਦਾ 'ਤੇ ਅਧਾਰਤ ਹੈ ਅਤੇ ਇਸ ਕਿਤਾਬ ਦੇ ਲੇਖਕ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਹੇ ਹਨ। ਉਨ੍ਹਾਂ ਕਿਹਾ, ''ਲੋਕਾਂ ਨੂੰ ਯੂ.ਪੀ.ਏ. ਸਰਕਾਰ ਦੀ ਸੱਚਾਈ ਜਾਣਨ ਦਾ ਅਧਿਕਾਰ ਹੈ।'' ਉਨ੍ਹਾਂ ਕਿਹਾ ਕਿ ਸਰਕਾਰ ਦੇ ਮਾਮਲਿਆਂ 'ਚ ਤਤਕਾਲੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਦੀ ਕੀ ਦਖ਼ਲਅੰਦਾਜ਼ੀ ਰਹਿੰਦੀ ਸੀ, ਇਸ ਦੀ ਜਾਣਕਾਰੀ ਸਾਰੇ ਦੇਸ਼ ਨੂੰ ਹੋਣੀ ਚਾਹੀਦੀ ਹੈ।
ਉਧਰ ਇਸ ਫ਼ਿਲਮ ਨੂੰ ਅਪਣੀ ਜ਼ਿੰਦਗੀ ਦਾ ਬਿਹਤਰੀਨ ਪ੍ਰਦਰਸ਼ਨ ਕਰਾਰ ਦਿੰਦਿਆਂ ਅਦਾਕਾਰ ਅਨੁਪਮ ਖੇਰ ਨੇ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ 'ਤੇ ਅਧਾਰਤ ਇਸ ਫ਼ਿਲਮ 'ਤੇ ਵਧਦੇ ਵਿਵਾਦ ਕਾਰਨ ਪਿੱਛੇ ਨਹੀਂ ਹਟਣਗੇ। ਖੇਰ ਨੇ ਕਿਹਾ, ''ਕਾਂਗਰਸੀਆਂ ਨੂੰ ਤਾਂ ਖ਼ੁਸ਼ੀ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਆਗੂ 'ਤੇ ਫ਼ਿਲਮ ਬਣੀ ਹੈ। ਉਹ ਤਾਂ ਫ਼ਿਲਮ ਵਿਖਾਉਣ ਲਈ ਲੋਕਾਂ ਨੂੰ ਲੈ ਕੇ ਆਉਣ ਕਿਉਂਕਿ ਇਸ 'ਚ 'ਕੀ ਮੈਂ ਦੇਸ਼ ਵੇਚ ਦੇਵਾਂਗਾ' ਵਰਗੇ ਸੰਵਾਦ ਹਨ, ਜੋ ਦਰਸਾਉਂਦਾ ਹੈ ਕਿ ਡਾ. ਮਨਮੋਹਨ ਸਿੰਘ ਕਿੰਨੇ ਮਹਾਨ ਹਨ।'' ਉਨ੍ਹਾਂ ਕਿਹਾ ਕਿ ਜਿੰਨਾ ਫ਼ਿਲਮ ਦਾ ਵਿਰੋਧ ਹੋਵੇਗਾ ਓਨਾ ਹੀ ਉਹ ਇਸ ਦਾ ਪ੍ਰਚਾਰ ਕਰਨਗੇ।
Comments (0)
Facebook Comments (0)