
ਫਾਕੇ ਕੱਟ ਰਹੇ ਅਮਰੀਕੀਆਂ ਲਈ ਸਿੱਖਾਂ ਨੇ ਲਾਇਆ ਲੰਗਰ
Thu 17 Jan, 2019 0
ਵਾਸ਼ਿੰਗਟਨ : ਅਮਰੀਕਾ ਵਿਚ ਸ਼ੱਟਡਾਊਨ ਕਾਰਨ ਬੁਰੀ ਸਥਿਤੀ 'ਚ ਘਿਰੇ ਅਮਰੀਕੀਆਂ ਲਈ ਸਿੱਖਾਂ ਵਲੋਂ ਲਗਾਇਆ ਗਿਆ ਲੰਗਰ ਵੱਡੀ ਰਾਹਤ ਬਣਿਆ ਹੈ। ਦਰਅਸਲ ਟੈਕਸਸ ਦੇ ਅੰਤੋਨੀਓ ਵਿਚ ਰਹਿੰਦੇ ਸਿੱਖ ਭਾਈਚਾਰੇ ਨੇ ਸ਼ੱਟਡਾਊਨ ਦੀ ਮਾਰ ਹੇਠ ਅਮਰੀਕੀ ਸਰਕਾਰ ਦੇ ਮੁਲਾਜ਼ਮਾਂ ਲਈ ਤਿੰਨ ਦਿਨ ਤਕ ਲੰਗਰ ਲਗਾਇਆ। ਇਹ ਸੈਂਕੜੇ ਮੁਲਾਜ਼ਮ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ 'ਕੰਧ ਦੀ ਅੜੀ' ਨੂੰ ਲੈ ਕੇ ਫੰਡਾਂ ਦੀ ਘਾਟ ਕਾਰਨ ਸਰਕਾਰ ਦੀ ਆਰਜ਼ੀ ਤਾਲਾਬੰਦੀ ਮਗਰੋਂ ਬਿਨਾਂ ਤਨਖਾਹਾਂ ਤੋਂ ਕੰਮ ਕਰਨ ਲਈ ਮਜਬੂਰ ਹਨ
Langar
ਜਦਕਿ ਪਿਛਲੇ ਕਈ ਹਫ਼ਤਿਆਂ ਤੋਂ ਜਾਰੀ ਆਰਜ਼ੀ ਤਾਲਾਬੰਦੀ ਕਰਕੇ ਅਹਿਮ ਵਿਭਾਗਾਂ ਵਿਚ ਕੰਮ ਕਰਦੇ ਅੱਠ ਲੱਖ ਤੋਂ ਵੱਧ ਸੰਘੀ ਮੁਲਾਜ਼ਮ ਕੰਮ ਛੱਡਣ ਲਈ ਮਜਬੂਰ ਹੋ ਗਏ ਹਨ। ਅਜਿਹੀ ਸਥਿਤੀ ਵਿਚ ਸਿੱਖ ਭਾਈਚਾਰੇ ਵਲੋਂ ਲਗਾਏ ਗਏ ਲੰਗਰ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ। ਫਾਕੇ ਕੱਟਣ ਲਈ ਮਜਬੂਰ ਹੋਏ ਇਨ੍ਹਾਂ ਮੁਲਾਜ਼ਮਾਂ ਲਈ 11 ਜਨਵਰੀ ਤੋਂ ਤਿੰਨ ਦਿਨ ਲਈ ਲਾਏ ਲੰਗਰ ਵਿਚ ਸੱਜਰਾ ਤੇ ਗਰਮ ਸ਼ਾਕਾਹਾਰੀ ਖਾਣਾ ਵਰਤਾਇਆ ਗਿਆ। ਇਸ ਦੌਰਾਨ ਸਿੱਖ ਭਾਈਚਾਰੇ ਨੇ ਲੰਗਰ ਲਈ ਗੁਰਦੁਆਰੇ ਦੇ ਮੀਨੂ ਮੁਤਾਬਕ ਵਸਤਾਂ ਜਿਵੇਂ ਮਸਰ ਦੀ ਦਾਲ, ਸਬਜ਼ੀਆਂ, ਚੌਲ ਤੇ ਪ੍ਰਸ਼ਾਦੇ ਤਿਆਰ ਕੀਤੇ।
Trump
ਸਾਂ ਅੰਤੋਨੀਓ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਵਿੰਦਰ ਢਿੱਲੋਂ ਨੇ ਆਖਿਆ ਕਿ ਸਿੱਖ ਭਾਈਚਾਰਾ ਉਨ੍ਹਾਂ ਸੰਘੀ ਮੁਲਾਜ਼ਮਾਂ ਦੇ ਨਾਲ ਡਟ ਕੇ ਖੜ੍ਹਾ ਹੈ, ਜਿਨ੍ਹਾਂ ਨੂੰ ਅਜੇ ਤਕ ਤਨਖਾਹਾਂ ਨਹੀਂ ਮਿਲੀਆਂ। ਦਸ ਦਈਏ ਕਿ ਸਾਂ ਅੰਤੋਨੀਓ ਦਾ ਸਿੱਖ ਸੈਂਟਰ ਸ਼ਹਿਰ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ, ਜਿਸ ਨੂੰ 2001 ਵਿਚ ਸਥਾਪਤ ਕੀਤਾ ਗਿਆ ਸੀ। ਗੁਰਦੁਆਰਾ ਸਾਹਿਬ ਵਲੋਂ ਨਵੇਂ ਪਰਵਾਸੀਆਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਖਾਣਾ, ਕੱਪੜੇ ਤੇ ਆਸਰਾ ਵੀ ਦਿਤਾ ਜਾਂਦਾ ਹੈ। ਫਿਲਹਾਲ ਅਮਰੀਕਾ ਵਿਚ ਲੱਗਿਆ ਸ਼ੱਟਡਾਊਨ ਅਜੇ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਡੋਨਾਲਡ ਟਰੰਪ ਖ਼ੁਦ ਇਸ ਦੇ ਹੋਰ ਲੰਬਾ ਹੋਣ ਦੀ ਗੱਲ ਆਖ ਚੁੱਕੇ ਹਨ
U.S Gurdwara Sahib
ਅਤੇ ਸ਼ੱਟਡਾਊਨ ਦੇ 25ਵੇਂ ਦਿਨ ਵੀ ਕੰਧ ਲਈ 5.7 ਅਰਬ ਡਾਲਰ ਦੀ ਮੰਗ 'ਤੇ ਬਜ਼ਿੱਦ ਹਨ। ਇਸ ਦੌਰਾਨ ਜਿੱਥੇ ਟਰੰਪ ਵਲੋਂ ਕੀਤੀ ਜਾ ਰਹੀ ਅੜੀ ਦੀ ਸਖ਼ਤ ਨਿੰਦਾ ਹੋ ਰਹੀ ਹੈ, ਉਥੇ ਹੀ ਸਿੱਖਾਂ ਵਲੋਂ ਕੀਤੇ ਗਏ ਲੰਗਰ ਦੇ ਉਪਰਾਲੇ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ।
Comments (0)
Facebook Comments (0)