ਮੌਸਮ ਵਿਭਾਗ ਦੀ ਕਿਸਾਨਾਂ ਨੂੰ ਚਿਤਾਵਨੀ, ਆਉਣ ਵਾਲੇ ਦਿਨਾਂ 'ਚ ਮੀਂਹ ਦੀ ਸੰਭਾਵਨਾ
Sun 15 Apr, 2018 0ਜਲਾਲਾਬਾਦ : ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਵਿਚ ਮੌਸਮ ਖਰਾਬ ਰਹਿਣ ਦੀ ਚਿਤਾਵਨੀ ਦਿੱਤੀ ਹੈ। ਜ਼ਿਲਾ ਖੇਤੀਬਾੜੀ ਅਫ਼ਸਰ ਬੇਅੰਤ ਸਿੰਘ ਨੇ ਮੌਸਮ ਵਿਭਾਗ ਦੇ ਹਵਾਲੇ ਨਾਲ ਦੱਸਿਆ ਕਿ 16 ਅਤੇ 17 ਅਪ੍ਰੈਲ ਨੂੰ ਪੰਜਾਬ ਦੇ ਕੁਝ ਜ਼ਿਲਿਆਂ ਵਿਚ ਮੌਸਮ ਖਰਾਬ ਹੋ ਸਕਦਾ ਹੈ ਅਤੇ ਬਾਰਸ਼ ਅਤੇ ਝੱਖੜ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਜ਼ਿਲੇ ਦੇ ਕਿਸਾਨਾਂ ਨੂੰ ਆਪਣੀ ਕਣਕ ਦੀ ਵਾਢੀ ਦੀ ਵਿਉਂਤਬੰਦੀ ਇਸੇ ਮੌਸਮ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਕਰਨ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਕਿਸਾਨ ਮੌਸਮ ਦੀ ਭੱਵਿਖਬਾਣੀ ਦੇ ਮੱਦੇਨਜ਼ਰ ਇੰਨ੍ਹਾਂ ਦੋ ਦਿਨਾਂ ਦੌਰਾਨ ਕਣਕ ਦੇ ਮੰਡੀਕਰਨ ਨਾਲ ਜੁੜੀਆਂ ਗਤੀਵਿਧੀਆਂ ਤੋਂ ਵੀ ਪ੍ਰਹੇਜ਼ ਕਰਨ ਕਿਉਂਕਿ ਮੀਂਬ ਨਾਲ ਕਣਕ ਦੇ ਦਾਣਿਆਂ ਦੇ ਮੰਡੀ ਵਿਚ ਭਿੱਜਣ ਨਾਲ ਕਿਸਾਨਾਂ ਨੂੰ ਮੰਡੀਕਰਨ ਵਿਚ ਦਿੱਕਤਾਂ ਆ ਸਕਦੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਕਣਕ ਨੂੰ ਨੀਵੀਆਂ ਥਾਵਾਂ 'ਤੇ ਨਾ ਰੱਖਿਆ ਜਾਵੇ ਜਿੱਥੇ ਪਾਣੀ ਭਰਨ ਦਾ ਡਰ ਹੋਵੇ ਅਤੇ ਤਰਪਾਲਾਂ ਆਦਿ ਦਾ ਪ੍ਰਬੰਧ ਕੀਤਾ ਜਾਵੇ।
Comments (0)
Facebook Comments (0)