ਚਰਚਾ ਹੈ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ, ਏਡੀਜੀਪੀ ਜਤਿੰਦਰ ਜੈਨ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ
Wed 20 Feb, 2019 0ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਮਗਰੋਂ ਰੋਸ ਧਰਨੇ ’ਤੇ ਬੈਠੀਆਂ ਸਿੱਖ ਸੰਗਤਾਂ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਹੋਰ ਅਧਿਕਾਰੀਆਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਇਹ ਵੀ ਚਰਚਾ ਹੈ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ, ਏਡੀਜੀਪੀ ਜਤਿੰਦਰ ਜੈਨ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਇਨ੍ਹਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਿਆ ਜਾ ਸਕਦਾ ਹੈ। ਸੁਮੇਧ ਸੈਣੀ ਪਹਿਲਾਂ ਹੀ ਸੰਭਾਵੀ ਗ੍ਰਿਫਤਾਰੀ ਕਰਕੇ ਅਦਾਲਤ ਪਹੁੰਚ ਚੁੱਕੇ ਹਨ।
Umranangal
ਹੁਣ ਤੱਕ ਸਾਬਕਾ ਐਸਪੀ ਚਰਨਜੀਤ ਸ਼ਰਮਾ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਿੱਟ ਵੱਲੋਂ ਏਡੀਜੀਪੀ ਇਕਬਾਲ ਪ੍ਰੀਤ ਸਹੋਤਾ, ਆਈਜੀ ਬਠਿੰਡਾ ਰੇਂਜ਼ ਜਤਿੰਦਰ ਜੈਨ ਡੀਆਈਜੀ ਫਿਰੋਜ਼ਪੁਰ ਰੇਜ਼ ਰਣਬੀਰ ਸਿੰਘ ਖਟੜਾ, ਡੀਆਈਜੀ ਬਠਿੰਡਾ ਅਮਰ ਸਿੰਘ ਚਾਹਲ, ਡਵੀਜ਼ਨਲ ਕਮਿਸ਼ਨਰ ਵੀਕੇ ਮੀਨਾ, ਕੋਟਕਪੂਰਾ ਦੇ ਐਸਪੀ ਹਰਜੀਤ ਸਿੰਘ ਤੇ ਐਸਡੀਐਮ ਹਰਜੀਤ ਸਿੰਘ ਸੰਧੂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਕੁਝ ਅਫਸਰ ਪੁੱਛਗਿੱਛ ਤੋਂ ਬਚਦੇ ਆ ਰਹੇ ਹਨ। ਕੁਝ ਨੇ ਜਮਾਨਤਾਂ ਲੈ ਲਈਆਂ ਹਨ।
Behbal Kalan
ਸਿੱਟ ਇਨ੍ਹਾਂ ਅਫਸਰਾਂ ਵਿੱਚੋਂ ਵੀ ਕੁਝ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ। ਸੂਤਰਾਂ ਅਨੁਸਾਰ ਇਸ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਇਹ ਪਤਾ ਲਾਉਣ ਵਿੱਚ ਜੁਟੀ ਹੈ ਕਿ ਸੰਗਤ ਉਪਰ ਫਾਇਰਿੰਗ ਵੇਲੇ ਉਮਰਾਨੰਗਲ ਕਿਸ ਨਾਲ ਮੋਬਾਈਲ ਫੋਨ 'ਤੇ ਗੱਲਬਾਤ ਕਰ ਰਹੇ ਸੀ। ਉਨ੍ਹਾਂ ਨੂੰ ਕੌਣ ਤੇ ਕਿਉਂ ਨਿਰਦੇਸ਼ ਦੇ ਰਿਹਾ ਸੀ। ਮੰਗਲਵਾਰ ਨੂੰ ਪੁਲਿਸ ਰਿਮਾਂਡ ਦੀ ਅਰਜ਼ੀ ’ਤੇ ਬਹਿਸ ਕਰਦਿਆਂ ਵਿਸ਼ੇਸ਼ ਜਾਂਚ ਟੀਮ ਤੇ ਸਰਕਾਰੀ ਪੱਖ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਉਮਰਾਨੰਗਲ ਨੇ ਮੁੱਢਲੀ ਪੜਤਾਲ ਦੌਰਾਨ ਮੰਨਿਆ ਹੈ ਕਿ ਗੋਲੀ ਚਲਾਉਣ ਦੇ ਹੁਕਮ ਡੀਜੀਪੀ ਵੱਲੋਂ ਦਿੱਤੇ ਗਏ ਸੀ।
Behbal Kalan
ਪੁਲਿਸ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਇਸ ਤੱਥ ਦੀ ਪੜਤਾਲ ਕਰ ਰਹੇ ਹਨ ਕਿ ਡੀਜੀਪੀ ਨੇ ਕਿਹੜੇ ਹਾਲਾਤ ਵਿੱਚ ਆਈਜੀ ਨੂੰ ਗੋਲੀ ਚਲਾਉਣ ਦੇ ਨਿਰਦੇਸ਼ ਦਿੱਤੇ ਜਦੋਂਕਿ ਕੋਟਕਪੂਰਾ ਵਿੱਚ ਮਾਹੌਲ ਸ਼ਾਂਤੀਪੂਰਨ ਸੀ। ਪੁਲਿਸ ਸੂਤਰਾਂ ਦਾ ਦਾਅਵਾ ਹੈ ਕਿ ਕੋਟਕਪੂਰਾ ਗੋਲੀਕਾਂਡ ਵਿੱਚ ਸਾਬਕਾ ਡੀਜੀਪੀ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਂਝ ਸਿੱਟ ਦੇ ਮੈਂਬਰ ਇਸ ਬਾਰੇ ਕੁਝ ਵੀ ਬੋਲਣ ਲਈ ਤਿਆਰ ਨਹੀਂ।
Sukhbir with Saini
ਸਰਕਾਰੀ ਵਕੀਲ ਨੇ ਮੰਗਲਵਾਰ ਨੂੰ ਅਦਾਲਤ ਵਿੱਚ ਦਾਅਵਾ ਕੀਤਾ ਕਿ ਅਸਲ ਦੋਸ਼ੀਆਂ ਤੱਕ ਪਹੁੰਚਣ ਲਈ 2018 ਵਿੱਚ ਇਰਾਦਾ ਕਤਲ ਤੇ ਅਸਲੇ ਦੀ ਨਜਾਇਜ਼ ਵਰਤੋਂ ਦਾ ਪਰਚਾ ਦਰਜ ਕੀਤਾ ਗਿਆ ਸੀ। ਇਸ ਪਰਚੇ ਦੀ ਪੜਤਾਲ ਤੋਂ ਬਾਅਦ ਹੀ ਉਮਰਾਨੰਗਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਉਮਰਾਨੰਗਲ ਦੇ ਵਕੀਲਾਂ ਨੇ ਬਹਿਸ ਦੌਰਾਨ ਦਾਅਵਾ ਕੀਤਾ ਕਿ ਘਟਨਾ ਤੋਂ ਤਿੰਨ ਸਾਲ ਬਾਅਦ ਪਰਚਾ ਦਰਜ ਕੀਤਾ ਗਿਆ ਹੈ। ਉਸ ਪਰਚੇ ਵਿੱਚ ਉਮਰਾਨੰਗਲ ਦਾ ਨਾਮ ਤੱਕ ਸ਼ਾਮਲ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਸੰਗਤਾਂ ਨੂੰ ਖੁਸ਼ ਕਰਨ ਲਈ ਉਮਰਾਨੰਗਲ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ।
Charanjit Sharma
ਚੋਣਾਂ ਸਿਰ ’ਤੇ ਹੋਣ ਕਾਰਨ ਉਸ ਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਹੈ ਤਾਂ ਜੋ ਸਮੁੱਚੇ ਹਾਲਾਤ ਦਾ ਸਿਆਸੀ ਲਾਹਾ ਲਿਆ ਜਾ ਸਕੇ। ਉਧਰ, ਅਕਾਲੀ ਲੀਡਰਾਂ ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ’ਚ ਸਭ ਤੋਂ ਵੱਡਾ ਮੁਲਜ਼ਮ ਕਰਾਰ ਦਿੰਦਿਆਂ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਇਕੱਲੇ ਆਈਜੀ ਉਮਰਾਨੰਗਲ ਦੀ ਗ੍ਰਿਫ਼ਤਾਰੀ ਸਿੱਖ ਸੰਗਤ ਦੇ ਵਲੂੰਧਰੇ ਹਿਰਦਿਆਂ ’ਤੇ ਮੱਲ੍ਹਮ ਲਾਉਣ ਲਈ ਕਾਫੀ ਨਹੀਂ।
Sukhjinder Singh Randhawa
ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਵੀ ਜ਼ਰੂਰੀ ਹੈ, ਜਿਨ੍ਹਾਂ ਦੇ ਇਸ਼ਾਰਿਆਂ ’ਤੇ ਉਮਰਾਨੰਗਲ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ। ਉਸ ਵੇਲੇ ਦੇ ਮੁੱਖ ਮੰਤਰੀ (ਪ੍ਰਕਾਸ਼ ਸਿੰਘ ਬਾਦਲ) ਤੇ ਗ੍ਰਹਿ ਮੰਤਰੀ (ਸੁਖਬੀਰ ਬਾਦਲ) ਵਿਰੁੱਧ 302 ਦਾ ਕੇਸ ਦਰਜ ਹੋਣਾ ਚਾਹੀਦਾ ਹੈ।
Comments (0)
Facebook Comments (0)