‘ਰੁਜ਼ਗਾਰ ਨਹੀਂ ਤਾਂ ਵੋਟ ਨਹੀਂ’ ਦਾ ਝੰਡਾ ਚੁੱਕ ਮੈਦਾਨ ’ਚ ਡਟੇ ਬੇਰੁਜ਼ਗਾਰ

‘ਰੁਜ਼ਗਾਰ ਨਹੀਂ ਤਾਂ ਵੋਟ ਨਹੀਂ’ ਦਾ ਝੰਡਾ ਚੁੱਕ ਮੈਦਾਨ ’ਚ ਡਟੇ ਬੇਰੁਜ਼ਗਾਰ

ਚੰਡੀਗੜ੍:

ਪੰਜਾਬ ਵਿਚ ਚੋਣਾਂ ਦਾ ਮਾਹੌਲ ਸਿਰਜ ਚੁੱਕਾ ਹੈ। ਸਿਆਦਤਦਾਨਾਂ ਵਲੋਂ ਲੋਕਾਂ ਨੂੰ ਇਕ ਵਾਰ ਫਿਰ ਤੋਂ ਭਰਮਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉੱਥੇ ਹੀ ਦੂਜੇ ਪਾਸੇ ਬੇਰੁਜ਼ਗਾਰ ਬੀਐਡ ਅਧਿਆਪਕਾਂ ਨੇ ਬੇਰੁਜ਼ਗਾਰੀ ਦਾ ਝੰਡਾ ਚੁੱਕ ਕੇ ‘ਰੁਜ਼ਗਾਰ ਨਹੀਂ ਵੋਟ ਨਹੀਂ’ ਮੁਹਿੰਮ ਵਿੱਢ ਦਿਤੀ ਹੈ। ਇਸ ਮੁਹਿੰਮ ਦੇ ਤਹਿਤ ਬੇਰੁਜ਼ਗਾਰ ਅਧਿਆਪਕ ਸੱਥਾਂ ਵਿਚ ਜਾ ਕੇ ਸਰਕਾਰ ਦੀਆਂ ਨੀਤੀਆਂ ਦੇ ਲਾਰਿਆਂ ਦਾ ਪਰਦਾਫ਼ਾਸ਼ ਕਰ ਰਹੇ ਹਨ ਤੇ ਨਾਲ ਹੀ ਚੋਣ ਪ੍ਰਚਾਰ ਕਰ ਰਹੇ ਉਮੀਦਵਾਰਾਂ ਨੂੰ ਘੇਰਿਆ ਜਾ ਰਿਹਾ ਹੈ। ਅਧਿਆਪਕ ਯੋਗਤਾ ਟੈਸਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ ਪੰਜਾਬ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਚੋਣਾਂ ਮੌਕੇ ਚਲਾਈ ‘ਰੁਜ਼ਗਾਰ ਨਹੀਂ ਵੋਟ ਨਹੀਂ’ ਮੁਹਿੰਮ ਨੂੰ ਮਾਲਵਾ ਖੇਤਰ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਬੇਰੁਜ਼ਗਾਰ ਅਧਿਆਪਕਾਂ ਨੇ ਤਾਂ ਆਪੋ-ਅਪਣੇ ਘਰਾਂ ਦੇ ਬਾਹਰ ਦਰਵਾਜ਼ਿਆਂ ਉਤੇ ਵੀ ਇਸ ਮੁਹਿੰਮ ਦੇ ਪ੍ਰਚਾਰ ਵਜੋਂ ‘ਰੁਜ਼ਗਾਰ ਨਹੀਂ ਵੋਟ ਨਹੀਂ’ ਲਿਖ ਕੇ ਪਰਚੇ ਚਿਪਕਾ ਦਿਤੇ ਹਨ। ਇਸ ਦੌਰਾਨ ਅਧਿਆਪਕਾਂ ਨੇ ਅਪਣੀ ਜੱਮ ਕੇ ਭੜਾਸ ਕੱਢਦੇ ਹੋਏ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਸਮੇਂ ਦੀ ਸੱਤਾ ’ਤੇ ਕਾਬਜ਼ ਕਾਂਗਰਸ ਸਰਕਾਰ ਨੇ ਭੋਲੇ-ਭਾਲੇ ਲੋਕਾਂ ਨਾਲ ਕਈ ਲਿਖਤੀ ਵਾਅਦੇ ਕੀਤੇ ਸਨ ਜਿਵੇਂ ਕਿ ਘਰ-ਘਰ ਨੌਕਰੀ ਦਾ ਵਾਅਦਾ, ਨੌਕਰੀ ਮਿਲਣ ਤੱਕ ਲੱਗਣ ਵਾਲੇ ਸਮੇਂ ਦੌਰਾਨ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਵਰਗੇ ਵਾਅਦਾ ਕੀਤੇ ਸਨ ਪਰ ਨਤੀਜਾ, ਪਿਛਲੇ 2 ਸਾਲਾਂ ਤੋਂ ਕਾਂਗਰਸ ਦੇ ਵਾਅਦੇ ਸਿਰਫ਼ ਲਾਰੇ ਬਣ ਕੇ ਹੀ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਦੀਆਂ ਵੀ ਇਹੀ ਨੀਤੀਆਂ ਸਨ ਤੇ ਉਨ੍ਹਾਂ ਨੇ ਵੀ 2 ਕਰੋੜ ਨੌਕਰੀਆਂ ਦਾ ਵਾਅਦਾ ਪੂਰਾ ਨਹੀਂ ਕੀਤਾ।