
ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਦੀ ਚੋਣ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ-ਜ਼ਿਲਾ ਚੋਣ ਅਫ਼ਸਰ
Thu 9 May, 2019 0
ਤਰਨ ਤਾਰਨ, 9 ਮਈ :
19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਤੇ ਗੈਰ ਸਰਕਾਰੀ ਸੰਗਠਨਾਂ ਦੀ ਸਹਾਇਤਾ ਨਾਲ ਵੱਡੇ ਪੱਧਰ ’ਤੇ ਯਤਨ ਸ਼ੁਰੂ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਵਿਸ਼ੇਸ਼ ਲੋੜਾਂ ਵਾਲੇ 4443 ਵਿਅਕਤੀ ਵੋਟਰ ਵਜੋਂ ਰਜਿਸਟਰਡ ਹਨ, ਜਿਨਾਂ ਦੀ ਚੋਣ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਅਜਿਹੇ ਵੋਟਰਾਂ ਨੂੰ ਵੋਟ ਪਾਉਣ ਲਈ ਕਿਸੇ ਵੀ ਤਰਾਂ ਦੀ ਸਮੱਸਿਆ ਪੇਸ਼ ਨਾ ਆਵੇ ਇਸ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਵੀ ਲਾਂਚ ਕੀਤੀ ਗਈ ਹੈ, ਜਿੱਥੇ ਅਜਿਹੇ ਵੋਟਰ ਕਿਸੇ ਵੀ ਤਰਾਂ ਦੀ ਸਹੂਲਤ ਲੈਣ ਲਈ ਅਪਲਾਈ ਕਰ ਸਕਣਗੇ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਇਸ ਵਾਰ ਪੀ. ਡਬਲਯੁ. ਡੀ. ਮੋਬਾਇਲ ਐਪ ਲਾਂਚ ਕੀਤੀ ਹੈ, ਜਿਸ ‘ਤੇ ਜਾ ਕੇ ਦਿਵਿਆਂਗ ਵੋਟਰ ਆਪਣੀ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ ਅਤੇ ਅਜਿਹੇ ਵੋਟਰਾਂ ਨੂੰ ਬਕਾਇਦਾ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।ਇਸ ਐਪ ‘ਤੇ ਦਿਵਿਆਂਗ ਵੋਟਰ ਆਪਣੇ ਉਮੀਦਵਾਰਾਂ ਸਬੰਧੀ ਜਾਣਕਾਰੀ, ਪੋਲਿੰਗ ਬੂਥ ਦੀ ਸਥਿਤੀ ਆਦਿ ਸਬੰਧੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਨ। ਉਨਾਂ ਨੇ ਕਿਹਾ ਕਿ ਦਿਵਿਆਂਗ ਵੋਟਰਾਂ ਨੂੰ ਆਪਣੀ ਸਾਰੀ ਜਾਣਕਾਰੀ ਇਸ ਐਪ ਵਿਚ ਭਰ ਦੇਣੀ ਚਾਹਦੀ ਹੈ ਤਾਂ ਜੋ ਚੋਣ ਅਮਲਾ ਉਨ੍ਹਾਂ ਦੀ ਪੂਰੀ ਮੱਦਦ ਕਰ ਸਕੇ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਨੇ ਅਜਿਹੇ ਵੋਟਰਾਂ ਦਾ ਬੂਥ ਵਾਰ ਵੇਰਵਾ ਇਕੱਤਰ ਕਰ ਲਿਆ ਹੈ, ਜਿਨਾਂ ਦੀ ਹਰ ਤਰ੍ਹਾਂ ਦੀ ਸਹੂਲਤ ਲਈ ਵਲੰਟੀਅਰ ਲਗਾਏ ਜਾਣਗੇ। ਲੋੜਵੰਦਾਂ ਨੂੰ ਵੀਲ੍ਹ ਚੇਅਰ ਆਦਿ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ ਅਤੇ ਪੋਲਿੰਗ ਸਟੇਸ਼ਨਾਂ ’ਤੇ ਰੈਂਪ, ਉਡੀਕ ਸਥਾਨ, ਹੈੱਲਪ ਡੈਸਕ ਤੇ ਤੁਰੰਤ ਵੋਟਿੰਗ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਸ੍ਰੀ ਸੱਭਰਵਾਲ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਜਿੱਥੇ ਕਿ ਹਰੇਕ ਆਮ ਅਤੇ ਖਾਸ ਨਾਗਰਿਕ ਨੂੰ ਬਰਾਬਰ ਵੋਟ ਦਾ ਅਧਿਕਾਰ ਹੈ।ਪਰ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਲੋਕ ਚੋਣਾਂ ਵਿੱਚ ਭਾਗ ਨਹੀਂ ਲੈਂਦੇ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 19 ਮਈ ਨੂੰ ਵੋਟਾਂ ਵਾਲੇ ਦਿਨ ਆਪਣੀ ਵੋਟ ਦਾ ਜ਼ਰੂਰ ਅਤੇ ਸਹੀ ਇਸਤੇਮਾਲ ਕਰਨ ਦੇ ਨਾਲ-ਨਾਲ ਹੋਰਾਂ ਲੋਕਾਂ ਨੂੰ ਵੀ ਵੋਟ ਦੇ ਇਸਤੇਮਾਲ ਬਾਰੇ ਪ੍ਰੇਰਿਤ ਕਰਨ।ਉਨਾਂ ਆਸ ਪ੍ਰਗਟ ਕੀਤੀ ਕਿ ਇਨ੍ਹਾਂ ਚੋਣਾਂ ਵਿੱਚ ਜ਼ਿਲਾ ਵਾਸੀ ਵੱਡੀ ਗਿਣਤੀ ਵਿੱਚ ਭਾਗ ਲੈਣਗੇ ਅਤੇ ਭਾਰਤੀ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨਗੇ।
Comments (0)
Facebook Comments (0)