ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਮੁੱਖ ਰਖਦਿਆਂ ਕੋਈ ਖ਼ੁਸ਼ੀ ਦਾ ਪ੍ਰੋਗਰਾਮ ਨਹੀਂ ਕਰਾਂਗੇ: ਰਵੇਲ ਸਿੰਘ
Sat 28 Dec, 2019 0ਅੰਮ੍ਰਿਤਸਰ ਪੰਥਕ ਲਿਖਾਰੀ ਕੈਪਟਨ ਰਵੇਲ ਸਿੰਘ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਕਖਦਿਆਂ ਕੌਮੀ 10 ਨਿਯਮ ਬਣਾਏ ਹਨ ਜਿਸ ਸਬੰਧੀ ਉਨ੍ਹਾਂ ਦਸਿਆ ਕਿ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਦੂਰ ਨੇੜੇ ਦੇ ਨਾਨਕ ਨਾਮ ਲੇਵਾ ਸੰਗਤਾਂ ਦੇ ਵਿਚਾਰ ਜਾਣਨ ਤੋਂ ਬਾਅਦ ਇਕ ਕੌਮੀ ਪ੍ਰੋਗਰਾਮ ਬਣਾਇਆ ਹੈ। ਚਿੱਠੀਆਂ ਰਾਹੀਂ ਜਿੰਦਾ ਜ਼ਮੀਰ ਵਾਲਿਆਂ ਸੱਜਣਾਂ ਨੇ ਕੌਮੀ ਪ੍ਰੋਗਰਾਮ 'ਤੇ ਸਹੀ ਪਾਈ ਹੈ।
ਉਨ੍ਹਾਂ ਵਲੋਂ ਬਣਾਏ 20 ਦਸੰਬਰ ਤੋਂ 30 ਦਸੰਬਰ ਤਕ ਕੋਈ ਖ਼ੁਸ਼ੀ ਦਾ ਉਤਸਵ ਘਰ ਵਿਚ ਨਹੀਂ ਰੱਖਾਂਗੇ ਜਿਸ ਵਿਚ ਆਤਿਸ਼ਬਾਜ਼ੀ, ਭੰਗੜਾ, ਗਿੱਧਾ, ਬੈਂਡ-ਡੀ.ਜੇ. ਅਤੇ ਸ਼ਰਾਬ ਦਾ ਇਸਤੇਮਾਲ ਹੁੰਦਾ ਹੋਵੇ। ਇਨ੍ਹਾਂ ਦਿਨਾਂ 'ਚ ਸਾਡੀ ਰੁਚੀ ਮਨੋਰੰਜਨ 'ਚ ਨਹੀਂ ਹੋਵੇਗੀ। ਇਨ੍ਹਾਂ ਦਿਨਾਂ 'ਚ ਅਸੀਂ ਕੁੜੀ ਮੁੰਡੇ ਦੀ ਸ਼ਾਦੀ ਵਿਆਹ ਨਹੀਂ ਕਰਾਂਗੇ ਜਿਸ ਵਿਚ ਮੈਰਿਜ ਪੈਲਸ ਤੇ ਪਾਰਟੀਆਂ ਦਾ ਪ੍ਰਬੰਧ ਕਰਨਾ ਪਵੇ। ਜੇਕਰ ਬਹੁਤ ਹੀ ਜ਼ਰੂਰੀ ਹੋਵੇ ਤਾਂ ਕੇਵਲ ਸ਼ਾਦੀ ਦੀ ਰਸਮ ਗੁਰਦੁਆਰੇ ਤਕ ਹੀ ਸੀਮਤ ਹੋਵੇਗੀ।
ਸਿੱਖ ਰਹਿਤ ਮਰਿਆਦਾ ਅਨੁਸਾਰ ਕੇਵਲ ਲਾਵਾਂ ਤੇ ਆਨੰਦ ਸਾਹਿਬ ਦਾ ਪਾਠ ਤੇ ਅਰਦਾਸ ਹੋਵੇਗੀ। 27 ਦਸੰਬਰ ਨੂੰ 10 ਤੋਂ 11 ਵਜੇ ਤਕ ਆਪੋ ਅਪਣੇ ਘਰਾਂ 'ਚ ਸ੍ਰੀ ਵਾਹਿਗੁਰੂ ਦੇ ਸ਼ਬਦ ਦਾ ਜਾਪ ਕਰਾਂਗੇ ਜਾਂ ਇਨ੍ਹੇ ਸਮੇਂ 'ਚ ਸੁਖਮਨੀ ਸਾਹਿਬ ਦਾ ਪਾਠ ਕਰਾਂਗੇ ਅਤੇ ਸੁਣਾਂਗੇ। ਅਪਣੇ ਆਪ ਨੂੰ ਇਕ ਘੰਟੇ ਲਈ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਤ ਹੋ ਜਾਵਾਂਗੇ।
27 ਦਸੰਬਰ ਨੂੰ ਅਸੀਂ ਆਪੋ ਅਪਣੇ ਕਾਰੋਬਾਰ 11 ਵਜੇ ਤੋਂ ਬਾਅਦ ਸ਼ੁਰੂ ਕਰਾਂਗੇ। ਦੁਕਾਨਾਂ ਦੇ ਸ਼ਟਰ 11 ਵਜੇ ਤੋਂ ਬਾਅਦ ਖੋਲ੍ਹਾਂਗੇ। ਇਕ ਘੰਟੇ ਲਈ ਗੁਰੂ ਨਾਨਕ ਨਾਮ ਲੇਵਾ ਸੜਕਾਂ ਤੇ ਨਜ਼ਰ ਨਹੀਂ ਆਉਣਾ ਚਾਹੀਦਾ। ਕੈਪਟਨ ਰਵੇਲ ਨੇ ਕਿਹਾ,''ਮੈਂ ਕਿਸੇ ਅਖ਼ਬਾਰ 'ਚ ਪੜ੍ਹਿਆ ਸੀ ਕਿ 5 ਕਰੋੜ ਹਿੰਦੂ ਗੁਰੂ ਗ੍ਰੰਥ ਸਾਹਿਬ ਨੂੰ ਅਪਣਾ ਈਸ਼ਟ ਮੰਨਦੇ ਹਨ।
ਵਿਦਵਾਨ, ਪੜ੍ਹੇ ਲਿਖੇ ਉਚੀ ਤੇ ਸੁੱਚੀ ਸੋਚ ਵਾਲੇ ਸਾਡੇ ਹਿੰਦੂ ਵੀਰ ਵੀ 27 ਦਸੰਬਰ 10 ਤੋਂ 11 ਵਜੇ ਤਕ ਸ਼ਹੀਦਾਂ ਨੂੰ ਹੰਝੂਆਂ ਭਿੱਜੀ ਸ਼ਰਧਾਂਜਲੀ ਦੇਣਗੇ। ਲੇਖਕ ਦਾ ਵਿਸ਼ਵਾਸ਼ ਹੈ। ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਦਿਨਾਂ 'ਚ ਕੋਈ ਸਿਆਸੀ (ਰਾਜਨੀਤਕ) ਕਾਨਫ਼ਰੰਸ ਨਹੀਂ ਹੋਣੀ ਚਾਹੀਦੀ, ਬਾਈਕਾਟ ਕਰਨਾ ਚਾਹੀਦਾ ਹੈ। ਬਾਕੀ ਸਾਨੂੰ ਵੀ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਦੇਂਦਿਆਂ ਰਾਜਨੀਤਕ ਮੀਟਿੰਗਾਂ 'ਚ ਹਾਜ਼ਰੀ ਨਹੀਂ ਲਾਉਣੀ ਚਾਹੀਦੀ।''
ਜੋ ਵੀ ਸਿੱਖ ਸੰਗਤ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਪਹੁੰਚਦੀ ਹੈ ਉਸ ਨੂੰ ਸਿੱਧਾ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਚਾਹੀਦਾ ਹੈ ਉਸ ਨੂੰ ਰਾਜਨੀਤਕ ਪਾਰਟੀਆਂ ਦੇ ਪੰਡਾਲਾਂ ਵਿਚ ਨਿੰਦਿਆਂ ਸੁਣਨ ਦਾ ਪਾਪ ਨਹੀਂ ਕਰਨਾ ਚਾਹੀਦਾ ਝੂਲੇ ਝੂਲਣ ਦਾ ਮਨੋਰੰਜਨ ਨਾ ਕਰੀਏ, ਮੂੰਹ ਦਾ ਚਸਕਾ ਪੂਰਾ ਕਰਨ ਲਈ ਮਲਕ ਭਾਗੋ ਦੇ ਲੰਗਰਾਂ ਦਾ ਬਾਈਕਾਟ ਕਰੀਏ।
ਇਕ ਦਿਨ ਜਲੇਬੀਆਂ, ਦੇਸੀ ਘਿਓ ਦਾ ਬਦਾਨਾਂ ਨਾ ਖਾਵਾਂਗੇ ਤਾਂ ਸਾਡਾ ਸਰੀਰ ਕਮਜ਼ੋਰ ਨਹੀਂ ਹੋ ਚਲਿਆ। ਸ਼ਹੀਦੀ ਦਿਨ ਨੂੰ ਮੇਲੇ ਦਾ ਰੂਪ ਨਾ ਦੇਈਏ।
ਸੂਬਾ ਸਰਹੰਦ ਦੇ ਕਾਲੇ ਕਾਰਨਾਮਿਆਂ ਨੂੰ ਯਾਦ ਕਰਦਿਆਂ ਕਾਲੀ ਚੁੰਨੀ ਤੇ ਕਾਲੀ ਪੱਗੜੀ 20 ਦਸੰਬਰ ਤੋਂ 30 ਦਸੰਬਰ ਤਕ ਪਹਿਨੀਏ। ਕੋਈ ਵੀ ਬੀਬੀ ਇਨ੍ਹਾਂ ਦਿਨਾਂ ਵਿਚ ਹਾਰ ਸ਼ਿੰਗਾਰ (ਮੇਕਅੱਪ) ਨਾ ਕਰੇ ਅਤੇ ਸਾਧਾਰਨ ਪਹਿਰਾਵੇ ਵਿਚ ਰਹੇ। ਇਨ੍ਹਾਂ ਦਸ ਦਿਨ ਵਿਚ ਘਰ ਵਿਚ ਬਿਲਕੁਲ ਸਾਦਾ ਖਾਣਾ ਤਿਆਰ ਹੋਵੇ।
ਕੇਵਲ ਜੀਊਣ ਲਈ ਅਲਪ ਅਹਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਬੱਤ ਸਿੱਖ ਸੰਗਤਾਂ ਨੂੰ 27 ਦਸੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਕਾਲੀ ਚੁੰਨੀ, ਕਾਲੀ ਦਸਤਾਰ ਪਹਿਨ ਕੇ ਆਉਣਾ ਚਾਹੀਦਾ ਹੈ ਜਿਸ ਨਾਲ ਇਹ ਪ੍ਰਭਾਵ ਨਜ਼ਰ ਆਏ ਕਿ ਅੱਜ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ। ਆਪੋ ਅਪਣੇ ਘਰਾਂ 'ਚ 10 ਤੋਂ 11 ਵਜੇ ਤਕ ਵਾਹਿਗੁਰੂ ਦਾ ਜਾਪ ਹੋਣਾ ਚਾਹੀਦਾ ਹੈ। ਉਪਰੰਤ ਗੁਰਦੁਆਰਿਆਂ 'ਚ 11:30 ਤੋਂ 1:30 ਵਜੇ ਤਕ ਇਹ ਪ੍ਰੋਗਰਾਮ ਹੀ ਹੋਣਾ ਚਾਹੀਦਾ ਹੈ।
Comments (0)
Facebook Comments (0)