ਜ਼ਿਲ੍ਹਾ ਚੋਣ ਅਫ਼ਸਰ ਅਤੇ ਐੱਸ. ਐੱਸ. ਪੀ. ਵੱਲੋਂ ਪਿੰਡ ਹੰਸਵਾਲਾ ਦੇ ਪੋਲਿੰਗ ਬੂਥ ਨੰਬਰ 146 ਅਤੇ 147 ਦਾ ਦੌਰਾ
Thu 18 Apr, 2019 0ਗੋਇੰਦਵਾਲ ਸਾਹਿਬ (ਤਰਨ ਤਾਰਨ)
19 ਲਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ-2019 ਤਹਿਤ ਚੋਣ ਪ੍ਰਕਿਰਿਆਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਮੁਕੰਮਲ ਕਰਨ ਲਈ ਅੱਜ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਅਤੇ ਐੱਸ. ਐੱਸ. ਪੀ. ਤਰਨ ਤਾਰਨ ਸ੍ਰੀ ਕੁਲਦੀਪ ਚਾਹਲ ਨੇ ਪਿੰਡ ਹੰਸਵਾਲਾ ਦੇ ਪੋਲਿੰਗ ਬੂਥ ਨੰਬਰ 146 ਅਤੇ 147 ਦਾ ਦੌਰਾ ਕੀਤਾ।ਇਸ ਮੌਕੇ ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਕੁਲਪ੍ਰੀਤ ਸਿੰਘ ਅਤੇ ਤਹਿਸੀਲਦਾਰ ਸ੍ਰੀ ਗੁਰਮੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਪਿੰਡ ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਮਨ-ਅਮਾਨ ਅਤੇ ਸ਼ਾਂਤੀ ਪੂਰਵਕ ਢੰਗ ਨਾਲ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਲਈ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਿਨ੍ਹਾਂ ਕਿਸੇ ਡਰ-ਭੈਅ ਅਤੇ ਲਾਲਚ ਦੇ ਕਰਨ ਅਤੇ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਦੀ ਸਹੂਲਤ ਦੀ ਹਰ ਇੱਕ ਪੋਲਿੰਗ ਬੂਥ ‘ਤੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਦਿਵਿਆਂਗ ਵੋਟਰਾਂ ਲਈ ਵਿਸ਼ੇਸ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੂਲਤ ਲਈ ਟੋਲ ਫਰੀ ਨੰਬਰ 1950 ਸ਼ੁਰੂ ਕੀਤਾ ਗਿਆ ਹੈ, ਜਿਸ ‘ਤੇ ਕਾਲ ਕਰਕੇ ਤੁਸੀਂ ਆਪਣੀ ਵੋਟ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰ ਸਕਦੇ ਹੋ।ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਦਾ ਕੋਈ ਵੀ ਨਾਗਰਿਕ ਜਿਸ ਦੀ ਉਮਰ 1 ਜਨਵਰੀ, 2019 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ ਅਤੇ ਉਸਦੀ ਅਜੇ ਤੱਕ ਵੋਟ ਨਹੀਂ ਬਣੀ ਹੈ ਤਾਂ ਉਹ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੀ ਗਈ ਆਖਰੀ ਮਿਤੀ 19 ਅਪ੍ਰੈਲ, 2019 ਤੱਕ ਆਪਣੀ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰ ਕੇ ਆਪਣੇ ਬੀ. ਐੱਲ. ਓ. ਨੂੰ ਦੇ ਸਕਦਾ ਹੈ। ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਈ. ਵੀ. ਐਮ. ਮਸ਼ੀਨਾਂ ਦੇ ਨਾਲ ਵੀ. ਵੀ. ਪੈਟ ਮਸ਼ੀਨ ਦੀ ਵੀ ਵਰਤੋਂ ਕੀਤੀ ਜਾਣੀ ਹੈ, ਜਿਸ ‘ਤੇ ਤੁਸੀਂ ਆਪਣੀ ਪਾਈ ਹੋਈ ਵੋਟ ਨੂੰ ਸਕਰੀਨ ‘ਤੇ ਦੇਖ ਸਕਦੇ ਹੋ।ਉਹਨਾਂ ਦੱਸਿਆ ਕਿ ਵੀ. ਵੀ. ਪੈਟ ਨੂੰ ਵੋਟਿੰਗ ਕੰਪਾਰਟਮੈਂਟ ਵਿਚ ਬੈਲਟ ਯੂਨਿਟ ਦੇ ਨਾਲ ਰੱਖਿਆ ਜਾਣਾ ਹੈ।ਇਸ ਵੀ. ਵੀ. ਪੈਟ ਮਸ਼ੀਨ ਰਾਹੀਂ ਇੱਕ ਪਾਰਦਰਸ਼ੀ ਸਕਰੀਨ ਵਿਚ ਇੱਕ ਵੋਟਰ ਪਰਚੀ ਦਿਖਾਈ ਦੇਵੇਗੀ ਕਿ ਉਮੀਦਵਾਰ (ਜਿਸ ਨੂੰ ਤੁਸੀਂ ਵੋਟ ਪਾਈ ਹੈ) ਦਾ ਨਾਮ, ਲੜੀ ਨੰਬਰ ਅਤੇ ਚੋਣ ਨਿਸ਼ਾਨ ਹੋਵੇਗਾ। ਇਹ ਪ੍ਰਿਟਿੰਗ ਹੋਈ ਪਰਚੀ 7 ਸੈਕਿੰਡ ਬਾਅਦ ਤੁਰੰਤ ਕੱਟ ਕੇ ਵੀ. ਵੀ. ਪੈਟ ਦੇ ਸ਼ੀਲਡ ਕੰਪਾਰਟਮੈਂਟ ਵਿਚ ਡਿੱਗ ਪਵੇਗੀ । ਉਹਨਾਂ ਦੱਸਿਆ ਕਿ ਲੋਕ ਸਭਾ ਚੋਣਾਂ-2019 ਦੌਰਾਨ ਇਸ ਵਾਰ ਆਮ ਲੋਕ ਵੀ ਅਦਰਸ਼ ਚੋਣ ਜ਼ਾਬਤੇ ਦੀ ਨਿਗਰਾਨੀ ਕਰ ਸਕਦੇ ਹਨ। ਇਸ ਲਈ ਚੋਣ ਕਮਿਸ਼ਨ ਵੱਲੋਂ “ਸੀ-ਵਿਜ਼ਿਲ” ਨਾਂਅ ਦੀ ਐਂਡਰਾਇਡ ਅਧਾਰਤ ਮੋਬਾਇਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਅਤੇ ਇਸ ਰਾਹੀਂ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਕੋਈ ਵੀ ਨਾਗਰਿਕ ਸ਼ਿਕਾਇਤ ਕਰ ਸਕਦਾ ਹੈ।ਉਹਨਾਂ ਦੱਸਿਆ ਕਿ ਕੋਈ ਵੀ ਵਿਅਕਤੀ ਇਸ ਐਪ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਵੀਡੀਓ ਜਾਂ ਫੋਟੋ ਅੱਪਲੋਡ ਕਰ ਸਕਦਾ ਹੈ, ਜਿਵੇਂ ਹੀ ਇਸ ਐਪ ‘ਤੇ ਕੋਈ ਸ਼ਿਕਾਇਤ ਅਪਲੋਡ ਹੁੰਦੀ ਹੈ ਤਾਂ ਪ੍ਰਾਪਤ ਸ਼ਿਕਾਇਤ ਨੂੰ 100 ਮਿੰਟ ਦੇ ਵਿੱਚ-ਵਿੱਚ ਹੱਲ ਕੀਤਾ ਜਾਵੇਗਾ।ਇਸ ਐਪ ‘ਤੇ ਸ਼ਿਕਾਇਤ ਕਰਤਾ ਜੇਕਰ ਚਾਹੇ ਤਾਂ ਆਪਣੀ ਪਹਿਚਾਣ ਗੁਪਤ ਵੀ ਰੱਖ ਸਕਦਾ ਹੈ।
Comments (0)
Facebook Comments (0)