ਸੈਕਟਰ-17 ਦੇ ਸਰਕਸ ਮੈਦਾਨ ਵਿਚ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦਾ ਬੀਤੀ ਦੇਰ ਸ਼ਾਮ ਇਕ ਪ੍ਰੋਗਰਾਮ ਕਰਵਾਇਆ

ਸੈਕਟਰ-17 ਦੇ ਸਰਕਸ ਮੈਦਾਨ ਵਿਚ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦਾ ਬੀਤੀ ਦੇਰ ਸ਼ਾਮ ਇਕ ਪ੍ਰੋਗਰਾਮ ਕਰਵਾਇਆ

ਐਸ ਪੀ ਸਿੱਧੂ 

ਚੰਡੀਗੜ੍ਹ 13ਅਗਸਤ 2018 

 ਸੈਕਟਰ-17 ਦੇ ਸਰਕਸ ਮੈਦਾਨ ਵਿਚ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦਾ ਬੀਤੀ ਦੇਰ ਸ਼ਾਮ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਗਾਇਕ ਗੁਰਦਾਸ ਮਾਨ ਨੇ ਅਪਣੀ ਗਾਇਕੀ ਨਾਲ ਖ਼ੂਬ ਰੰਗ ਬਖੇਰਿਆ। ਸਰੋਤਿਆਂ ਵਿਚ ਵੀ ਉਤਸ਼ਾਹ ਬਹੁਤ ਸੀ। ਇਹ ਪ੍ਰੋਗਰਾਮ ਟੋਇਟਾ ਵਲੋਂ ਲਾਂਚ ਕੀਤੀ ਕਾਰ 'ਯਾਰੀਸ' ਦੇ ਸਿਲਸਿਲੇ ਵਿਚ ਕਰਵਾਇਆ ਗਿਆ। ਇਸ ਮੌਕੇ ਟੋਇਟਾ ਦੇ ਦਿੱਲੀ ਤੋਂ ਰਿਜਨਲ ਸੇਲਜ਼ ਮੈਨੇਜਰ ਰਾਜੇ²ਸ ਗਰੋਵਰ ਤੋਂ ਇਲਾਵਾ ਫ਼ਿਲਮ ਨਿਰਮਾਤਰੀ ਅਤੇ ਨਿਰਦੇਸ਼ਕਾ ਮਨਜੀਤ ਮਾਨ ਅਤੇ ਸੰਗੀਤ ਖੇਤਰ ਦੀਆਂ ਹੋਰ ਸ਼ਖ਼ਸੀਅਤਾਂ ਵਲੋਂ ਵੀ ਸ਼ਿਰਕਤ ਕੀਤੀ ਗਈ। 

ਗੁਰਦਾਸ ਮਾਨ ਨੇ ਰੱਬ ਦੀ ਉਸਤਤੀ ਵਿਚ ਗੀਤ 'ਰੱਬਾ ਮੇਰੇ ਹਾਲ ਦਾ ਮਹਿਰਮ ਤੂੰ' ਤੋਂ ਬਾਖੂਬੀ ਆਗਾਜ਼ ਕੀਤਾ। ਉਪਰੰਤ ਹਿੰਦੀ ਮਕਬੂਲ ਗੀਤ 'ਲੇ ਕੇ ਪਹਿਲਾ ਪਹਿਲਾ ਪਿਆਰ' ਦੇ ਬੋਲਾਂ ਦੇ ਨਾਲ-ਨਾਲ 'ਤੈਨੂੰ ਮੰਗਣਾ ਨਾ ਆਵੇ ਤਾਂ ਗੁਰੂ ਪੀਰ ਕੀ ਕਰੇ' ਅਪਣੇ ਨਿਵੇਕਲੇ ਅੰਦਾਜ਼ ਵਿਚ ਗਾ ਕੇ ਅਪਣੀ ਚੰਗੀ ਗਾਇਕੀ ਨਾਲ ਸਰੋਤਿਆਂ ਦੇ ਦਿਲ ਜਿੱਤੇ।

 ਇਸੇ ਲੜੀ ਵਿਚ ਗੁਰਦਾਸ ਮਾਨ ਵਲੋਂ ਨਿਵੇਕਲ ਤਰਜ਼, ਢੁਕਵੇਂ ਸੰਗੀਤ ਅਤੇ ਦਿਲਕਸ਼ ਅਦਾਇਗੀ ਵਿਚ ਇਹ ਬੋਲ 'ਹਸਣੇ ਦੀ ਜਾਚ ਭੁੱਲ ਗਈ, ਦੰਦਾਂ ਚਿੱਟਿਆਂ ਦਾ ਕੀ ਕਰੀਏ', 'ਦਿੱਲ ਕੌੜ ਤੁੰਬੇ ਵਰਗੇ, ਮੂੰਹ ਦੇ ਮਿੱਠਿਆਂ ਦਾ ਕੀ ਕਰੀਏ' ਨੂੰ ਗਾ ਕੇ ਸਰੋਤਿਆਂ ਦੀ ਖੂਬ ਵਾਹ-ਵਾਹ ਖੱਟੀ। ਪ੍ਰੋਗਰਾਮ ਦੇ ਸ਼ੁਰੂ ਤੋਂ ਲੈ ਕੇ ਪ੍ਰੋਗਰਾਮ ਦੀ ਸਮਾਪਤੀ ਤਕ ਦਰਸ਼ਕਾਂ ਦਾ ਉਤਸ਼ਾਹ ਜਿਉਂ ਦਾ ਤਿਉਂ ਬਣਿਆ ਰਿਹਾ ਅਤੇ ਉਹ ਗੁਰਦਾਸ ਮਾਨ ਦੇ ਗੀਤਾਂ ਨੂੰ ਤਾੜੀਆਂ ਦੀ ਦਾਦ ਦੇ ਕੇ ਅਪਣੀ ਪਸੰਦਗੀ ਦਾ ਇਜ਼ਹਾਰ ਕਰਦੇ ਰਹੇ।