ਸੁਪਰੀਮ ਕੋਰਟ ਨੇ ਤਾਜ ਮਹਿਲ ਕਿਸਦਾ ਹੈ , ਇਸ ਮਾਮਲੇ 'ਤੇ ਚੱਲ ਰਹੀ ਸੁਣਵਾਈ ਨੂੰ 12 ਹਫ਼ਤਿਆਂ ਲਈ ਟਾਲ ਦਿਤਾ

ਸੁਪਰੀਮ ਕੋਰਟ ਨੇ ਤਾਜ ਮਹਿਲ ਕਿਸਦਾ ਹੈ , ਇਸ ਮਾਮਲੇ 'ਤੇ ਚੱਲ ਰਹੀ ਸੁਣਵਾਈ ਨੂੰ 12 ਹਫ਼ਤਿਆਂ ਲਈ ਟਾਲ ਦਿਤਾ

ਨਵੀਂ ਦਿੱਲੀ 09 ਅਗਸਤ 2018 

 ਸੁਪਰੀਮ ਕੋਰਟ ਨੇ ਤਾਜ ਮਹਿਲ ਕਿਸਦਾ ਹੈ , ਇਸ ਮਾਮਲੇ 'ਤੇ ਚੱਲ ਰਹੀ ਸੁਣਵਾਈ ਨੂੰ 12 ਹਫ਼ਤਿਆਂ ਲਈ ਟਾਲ ਦਿਤਾ ਹੈ। ਇਸ ਤੋਂ ਪਹਿਲਾਂ ਸੁੰਨੀ ਵਕਫ਼ ਬੋਰਡ ਨੇ ਸੁਪਰੀਮ ਕੋਰਟ ਵਿਚ ਕਿਹਾ ਸੀ ਕਿ ਸਾਡੇ ਕੋਲ ਅਜਿਹੇ ਕੋਈ ਸਬੂਤ ਨਹੀਂ ਹਨ ਕਿ ਤਾਜ ਮਹਿਲ ਸਾਡੇ ਨਾਮ ਕੀਤਾ ਗਿਆ ਸੀ ਪਰ ਇਸ ਦੀ ਵਰਤੋਂ ਨੂੰ ਲੈ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਵਕਫ਼ ਬੋਰਡ ਦੀ ਸੰਪਤੀ ਹੈ। ਵਕਫ਼ ਬੋਰਡ ਨੇ ਕਿਹਾ ਕਿ ਕੋਈ ਵੀ ਇਨਸਾਨ ਇਸ ਦੇ ਮਾਲਿਕਾਨਾ ਹੱਕ ਦਾ ਦਾਅਵਾ ਨਹੀਂ ਕਰ ਸਕਦਾ। ਇਹ ਆਲਮਾਇਟੀ (ਸਰਵਸ਼ਕਤੀਮਾਨ) ਦੀ ਸੰਪਤੀ ਹੈ। ਅਸੀਂ ਮਾਲਿਕਾਨਾ ਹੱਕ ਨਹੀਂ ਮੰਗ ਰਹੇ ਹਾਂ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤਾਜ ਮਹਿਲ ਨੂੰ ਵਕਫ਼ ਬੋਰਡ ਦੀ ਸੰਪਤੀ ਐਲਾਨ ਕਰਨਾ ਹੀ ਮੁੱਖ ਸਮੱਸਿਆ ਹੈ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇਕਰ ਤੁਸੀਂ ਕੋਈ ਸੰਪਤੀ ਵਕਫ਼ ਬੋਰਡ ਦੀ ਐਲਾਨ ਕਰਦੇ ਹੋ ਤਾਂ ਉਸ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਇਕ ਵਾਰ ਪ੍ਰਾਪਰਟੀ ਨੂੰ ਰਜਿਸਟਰ ਕਰ ਦਿਤਾ ਹੈ ਪਰ ਤੁਸੀਂ ਉਸ 'ਤੇ ਦਾਅਵਾ ਨਹੀਂ ਕਰ ਰਹੇ, ਇਹ ਪ੍ਰਾਪਰਟੀ ਨੂੰ ਅਪਣੇ ਕੋਲ ਰੱਖਣ ਦਾ ਕੋਈ ਆਧਾਰ ਨਹੀਂ ਹੋ ਸਕਦਾ।ਸੁਪਰੀਮ ਕੋਰਟ ਨੇ ਏਐਸਆਈ ਨੂੰ ਕਿਹਾ ਕਿ ਅਗਲੀ ਸੁਣਵਾਈ 'ਤੇ ਅਦਾਲਤ ਨੂੰ ਦੱਸੋ ਕਿ ਜੋ ਸਹੂਲਤਾਂ ਤੁਸੀਂ ਵਕਫ਼ ਬੋਰਡ ਨੂੰ ਦੇ ਰਹੇ ਹੋ, ਉਸ ਦਾ ਦੇਣਾ ਜਾਰੀ ਰੱਖਣਾ ਹੈ ਜਾਂ ਨਹੀਂ? ਉਥੇ ਏਐਸਆਈ ਨੇ ਸੁਪਰੀਮ ਕੋਰਟ ਵਿਚ ਕਿਹਾ ਸੀ ਕਿ ਜੇਕਰ ਤਾਜ ਮਹਿਲ ਨੂੰ ਵਕਫ਼ ਬੋਰਡ ਦੀ ਸੰਪਤੀ ਮੰਨਦੇ ਹਾਂ ਤਾਂ ਕੱਲ੍ਹ ਨੂੰ ਲਾਲ ਕਿਲ੍ਹਾ ਅਤੇ ਫ਼ਤਿਹਪੁਰ ਸੀਕਰੀ 'ਤੇ ਵੀ ਅਪਣਾ ਦਾਅਵਾ ਕਰੋਗੇ। ਸੁਣਵਾਈ ਵਿਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਦੇਸ਼ ਵਿਚ ਇਹ ਕੌਣ ਵਿਸ਼ਵਾਸ ਕਰੇਗਾ ਕਿ ਤਾਜ ਮਹਿਲ ਵਕਫ਼ ਬੋਰਡ ਦੀ ਸੰਪਤੀ ਹੈ। ਇਸ ਤਰ੍ਹਾਂ ਦੇ ਮਾਮਲਿਆਂ ਨਾਲ ਸੁਪਰੀਮ ਕੋਰਟ ਦਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ।ਸੁਪਰੀਮ ਕੋਰਟ ਨੇ ਇਹ ਟਿੱਪਣੀ ਏਐਸਆਈ ਦੀ ਉਸ ਅਰਜ਼ੀ 'ਤੇ ਸੁਣਵਾਈ ਦੌਰਾਨ ਕੀਤੀ, ਜਿਸ ਵਿਚ ਬੋਰਡ ਨੇ ਤਾਜ ਮਹਿਲ ਨੂੰ ਵਕਫ਼ ਬੋਰਡ ਦੀ ਸੰਪਤੀ ਐਲਾਨ ਕਰ ਦਿਤਾ ਸੀ। ਅਦਾਲਤ ਨੇ ਕਿਹਾ ਕਿ ਮੁਗ਼ਲ ਕਾਲ ਦਾ ਅੰਤ ਹੋਣ ਦੇ ਨਾਲ ਹੀ ਤਾਜ ਮਹਿਲ ਸਮੇਤ ਹੋਰ ਇਤਿਹਾਸਕ ਇਮਾਰਤਾਂ ਅੰਗਰੇਜ਼ਾਂ ਦੇ ਅਧੀਨ ਹੋ ਗਈਆਂ ਸਨ। ਆਜ਼ਾਦੀ ਦੇ ਬਾਅਦ ਤੋਂ ਇਹ ਸਮਾਰਕ ਸਰਕਾਰ ਦੇ ਕੋਲ ਹਨ ਅਤੇ ਏਐਸਆਈ ਇਸ ਦੀ ਦੇਖਭਾਲ ਕਰ ਰਿਹਾ ਹੈ। ਬੋਰਡ ਵਲੋਂ ਕਿਹਾ ਗਿਆ ਕਿ ਬੋਰਡ ਦੇ ਪੱਖ ਵਿਚ ਸ਼ਾਹਜਹਾਂ ਨੇ ਹੀ ਤਾਜ ਮਹਿਲ ਦਾ ਵਕਫ਼ਨਾਮਾ ਤਿਆਰ ਕਰਵਾਇਆ ਸੀ।ਇਸ 'ਤੇ ਬੈਂਚ ਨੇ ਤੁਰਤ ਕਿਹਾ ਕਿ ਤੁਸੀਂ ਸਾਨੂੰ ਸ਼ਾਹਜਹਾਂ ਦੇ ਦਸਤਖ਼ਤਾਂ ਵਾਲੇ ਦਸਤਾਵੇਜ਼ ਦਿਖਾਓ। ਬੋਰਡ ਦੀ ਬੇਨਤੀ 'ਤੇ ਅਦਾਲਤ ਨੇ ਇਕ ਹਫ਼ਤੇ ਦੀ ਮੋਹਲਤ ਦੇ ਦਿਤੀ। ਦਰਅਸਲ ਸੁੰਨੀ ਵਕਫ਼ ਬੋਰਡ ਨੇ ਆਦੇਸ਼ ਜਾਰੀ ਕਰਕੇ ਤਾਜ ਮਹਿਲ ਨੂੰ ਅਪਣੀ ਪ੍ਰਾਪਰਟੀ ਦੇ ਤੌਰ 'ਤੇ ਰਜਿਸਟਰ ਕਰਨ ਲਈ ਕਿਹਾ ਸੀ। ਏਐਸਆਈ ਨੇ ਇਸ ਦੇ ਵਿਰੁਧ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਸੀ। ਇਸ 'ਤੇ ਅਦਾਲਤ ਨੇ ਬੋਰਡ ਦੇ ਫ਼ੈਸਲੇ 'ਤੇ ਸਟੇਅ ਲਗਾ ਦਿਤਾ ਸੀ। ਮੁਹੰਮਦ ਇਰਫ਼ਾਨ ਬੇਦਾਰ ਨੇ ਇਲਾਹਾਬਾਦ ਹਾਈਕੋਰਟ ਦੇ ਸਾਹਮਣੇ ਅਰਜ਼ੀ ਦਾਖ਼ਲ ਕਰ ਕੇ ਤਾਜ ਮਹਿਲ ਨੂੰ ਉਤਰ ਪ੍ਰਦੇਸ਼ ਸੁੰਨੀ ਵਕਫ਼ ਬੋਰਡ ਦੀ ਸੰਪਤੀ ਐਲਾਨ ਕਰਨ ਦੀ ਮੰਗ ਕੀਤੀ ਸੀ ਪਰ ਹਾਈਕੋਰਟ ਵਿਚ ਕਿਹਾ ਕਿ ਉਹ ਵਕਫ਼ ਬੋਰਡ ਜਾਏ।