UK ਦੀ ਸਿਹਤ ਮੰਤਰੀ ਨੂੰ ਵੀ ਹੋਇਆ ਕੋਰੋਨਾ ਵਾਇਰਸ

UK ਦੀ ਸਿਹਤ ਮੰਤਰੀ ਨੂੰ ਵੀ ਹੋਇਆ ਕੋਰੋਨਾ ਵਾਇਰਸ

ਲੰਡਨ- ਬ੍ਰਿਟਿਸ਼ ਸੰਸਦ ਮੈਂਬਰ ਅਤੇ ਸਿਹਤ ਵਿਭਾਗ ਦੀ ਮੰਤਰੀ ਨਦੀਨ ਡੌਰਿਸ ਕੋਰੋਨਾ ਨਾਲ ਸੰਕਰਮਿਤ ਪਾਈ ਗਈ ਹੈ। ਕੰਜ਼ਰਵੇਟਿਵ ਐਮ ਪੀ ਨਦੀਨ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿੱਚ ਕਿਹਾ, "ਮੈਂ ਇਸ ਗੱਲ ਦੀ ਪੁਸ਼ਟੀ ਕਰਦੀ ਹਾਂ ਕਿ ਮੇਰਾ ਕੋਰੋਨਾ ਟੈਸਟ ਸਕਾਰਾਤਮਕ ਆਇਆ ਹੈ ਅਤੇ ਮੈਂ ਆਪਣੇ ਆਪ ਨੂੰ ਘਰ ਵਿੱਚ ਅਲੱਗ ਰੱਖਿਆ ਹੈ।"

 

 

ਸਿਹਤ ਵਿਭਾਗ ਦੇ ਅਧਿਕਾਰੀ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਕੋਰੋਨਾ ਵਿਸ਼ਾਣੂ ਦੇ ਸੰਪਰਕ ਵਿੱਚ ਕਿਥੇ ਅਤੇ ਕਿਵੇਂ ਆਈ ਸੀ। ਕੋਰੋਨਾ ਨਾਲ ਲੜਨ ਲਈ ਕਾਨੂੰਨੀ ਵਿਵਸਥਾਵਾਂ ਬਣਾਉਣ ਵਿਚ ਮਦਦ ਕਰਨ ਵਾਲੀ ਨਦੀਨ ਡੌਰਿਸ ਬ੍ਰਿਟੇਨ ਦੀ ਪਹਿਲੀ ਰਾਜਨੇਤਾ ਹੈ। ਜਿਸ ਨੇ COVID-19 ਵਾਇਰਸ ਹੋਇਆ ਹੈ।

 

 

ਇਸ ਦੇ ਨਾਲ ਹੀ ਇਹ ਚਿੰਤਾ ਵਧ ਗਈ ਹੈ ਕਿ ਇਸ ਦੌਰਾਨ ਜਿਨ੍ਹਾਂ ਲੋਕਾਂ ਨੂੰ ਉਹ ਮਿਲੀ ਸੀ, ਉਨ੍ਹਾਂ ਤੱਕ ਵੀ ਤਾਂ ਕੋਰੋਨਾ ਵਾਇਰਸ ਨਹੀਂ ਪਹੁੰਚ ਗਿਆ। ਮੀਡੀਆ ਰਿਪੋਰਟ ਅਨੁਸਾਰ ਪਿਛਲੇ ਕੁੱਝ ਦਿਨਾਂ ਵਿੱਚ ਉਹ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸਮੇਤ ਸੈਂਕੜੇ ਲੋਕਾਂ ਦੇ ਸੰਪਰਕ ਵਿੱਚ ਆਈ ਹੈ।

 

 

ਨਦੀਨ ਡੌਰਿਸ ਸ਼ੁੱਕਰਵਾਰ ਨੂੰ ਬੀਮਾਰ ਹੋ ਗਈ, ਜਦੋਂ ਕਿ ਉਸੇ ਦਿਨ ਉਸਨੇ ਇਕ ਕਾਨੂੰਨ 'ਤੇ ਦਸਤਖਤ ਕੀਤੇ ਜਿਸ ਵਿਚ ਕੋਰੋਨਾ ਵਾਇਰਸ ਨੂੰ ਮਹੱਤਵਪੂਰਣ ਬਿਮਾਰੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਦਾ ਮਤਲਬ ਹੈ ਕਿ ਕੰਪਨੀਆਂ ਕੋਰਨਾ ਦੇ ਵਿਰੁੱਧ ਬੀਮਾ ਕਵਰ ਲੈ ਸਕਦੀਆਂ ਹਨ।

 

 

ਨਦੀਨ ਡੌਰਿਸ ਨੇ ਕਿਹਾ, 'ਮੈਂ ਐਨਐਚਐਸ ਸਟਾਫ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਮੈਨੂੰ ਸਲਾਹ ਅਤੇ ਸਹਾਇਤਾ ਦਿੱਤੀ ਹੈ।' ਮੰਨਿਆ ਜਾਂਦਾ ਹੈ ਕਿ ਨਦੀਨ ਵਿਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਸੰਸਦ ਮੁਲਤਵੀ ਕੀਤੀ ਗਈ। ਬ੍ਰਿਟੇਨ ਵਿੱਚ ਹੁਣ ਤੱਕ 373 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ, ਜਦੋਂ ਕਿ 6 ਲੋਕਾਂ ਦੀ ਮੌਤ ਹੋ ਗਈ ਹੈ।