
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਸਰਕਾਰ ਵੱਲੋਂ ਬੀਤੇ ਵਰੇ੍ਹ ਦੌਰਾਨ ਮੁਫ਼ਤ ਵੰਡੇ ਗਏ 2 ਕਰੋੜ ਤੋਂ ਵੱਧ ਬੂਟੇ
Fri 21 Jun, 2019 0
ਤਰਨ ਤਾਰਨ, 21 ਜੂਨ:
ਪੰਜਾਬ ਸਰਕਾਰ ਵੱਲੋਂ ਬੀਤੇ ਵਰ੍ਹੇੇ 5 ਜੂਨ ਨੂੰ ਸ਼ੁਰੂ ਕੀਤੇ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਹੁਣ ਤੱਕ ਇੱਕ ਵਰ੍ਹੇ ਦੌਰਾਨ 2 ਕਰੋੜ ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਬੂਟੇ ਲੋਕਾਂ ਨੂੰ ਮੁਫ਼ਤ ਵੰਡੇ ਜਾ ਚੁੱਕੇ ਹਨ ਤਾਂ ਜੋ ਪੰਜਾਬ `ਚ ਵਾਤਾਵਰਣ ਨੂੰ ਹਰਿਆ-ਭਰਿਆ, ਸਾਫ਼ ਤੇ ਸ਼ੁੱਧ ਰੱਖਿਆ ਜਾ ਸਕੇ।ਇਹ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਨੇ ਕਿਹਾ ਕਿ ਰਾਜ ਸਰਕਾਰ ਲੋਕਾਂ ਨੂੰ ਸਾਫ਼-ਸੁਥਰਾ ਤੇ ਸ਼ੁੱਧ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਡਾ. ਅਗਨੀਹੋਤਰੀ ਨੇ ਦੱਸਿਆ ਕਿ ਹੁਣ ਤੱਕ ਵੱਖ-ਵੱਖ ਮੁਹਿੰਮਾਂ ਤਹਿਤ 2 ਕਰੋੜ ਤੋਂ ਵੱਧ ਬੂਟੇ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਵੰਡੇ ਜਾ ਚੁੱਕੇ ਹਨ।ਉਨਾਂ ਦੱਸਿਆ ਕਿ 1.3 ਕਰੋੜ ਬੂਟੇ ਲਗਾ ਕੇ 10 ਹਜ਼ਾਰ ਹੈਕਟੇਅਰ ਰਕਬਾ ਜੰਗਲਾਤ ਹੇਠ ਲਿਆਂਦਾ ਗਿਆ ਹੈ, ਜਦਕਿ `ਘਰ-ਘਰ ਹਰਿਆਲੀ ਸਕੀਮ` ਤਹਿਤ ਲਗਭੱਗ 68 ਲੱਖ ਬੂਟੇ ਲੋਕਾਂ ਨੂੰ ਮੁਫ਼ਤ ਵੰਡੇ ਜਾ ਚੁੱਕੇ ਹਨ, ਜੋ ਲੋਕਾਂ ਵੱਲੋਂ ਆਪੋ-ਆਪਣੀਆਂ ਪਸੰਦ ਦੀਆਂ ਥਾਂਵਾਂ `ਤੇ ਲਗਾਏ ਜਾ ਚੁੱਕੇ ਹਨ।
ਉਹਨਾਂ ਦੱਸਿਆ ਕਿ ਇਨਾਂ (68 ਲੱਖ ਬੂਟੇ) ਵਿੱਚੋਂ 18 ਲੱਖ ਤੋਂ ਜ਼ਿਆਦਾ ਬੂਟੇ ਆਨਲਾਈਨ ਮੋਬਾਇਲ ਐਪਲੀਕੇਸ਼ਨ `ਆਈ ਹਰਿਆਲੀ` ਰਾਹੀਂ ਵੰਡੇ ਗਏ ਹਨ।ਇਸ ਸਕੀਮ ਅਧੀਨ ਸੂਬੇ ਦੇ ਲੋਕਾਂ ਵੱਲੋਂ ਮੋਬਾਈਲ ਐਪ ਡਾਊਨਲੋਡ ਕਰਕੇ ਆਪਣੀ ਪਸੰਦ ਦੇ ਬੂਟੇ ਆਪਣੀ ਨੇੜਲੀ ਨਰਸਰੀ ਤੋਂ ਹਾਸਲ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ ਜੰਗਲਾਤ ਵਿਭਾਗ ਦੀ ਨਜਾਇਜ਼ ਕਬਜੇ ਹਟਾਉਣ ਦੀ ਮੁਹਿੰਮ ਤਹਿਤ ਹੁਣ ਤੱਕ 5000 ਏਕੜ ਜ਼ਮੀਨ ਤੋਂ ਗੈਰ ਕਾਨੂੰਨੀ ਕਬਜ਼ੇ ਹਟਾਏ ਗਏ ਹਨ ਅਤੇ ਸਬੰਧਤ ਜ਼ਮੀਨਾਂ `ਤੇ ਪੌਦੇ ਲਗਾਉਣ ਦਾ ਕੰਮ ਜਾਰੀ ਹੈ।
ਉਨਾਂ ਦੱਸਿਆ ਕਿ ਇੱਕ ਵਿਸ਼ੇਸ਼ ਸਕੀਮ ਤਹਿਤ ਗ਼ਰੀਬ ਲੋਕਾਂ ਨੂੰ ਸ਼ਬਜੀਆਂ ਦੇ ਲਗਭੱਗ 4 ਲੱਖ ਬੂਟੇ ਮੁਫ਼ਤ ਵੰਡੇ ਗਏ ਹਨ।ਇਸੇ ਤਰਾਂ ਕਲੋਨਲ ਹਾਈਟੈਕ ਨਰਸਰੀ ਕਾਦੀਆਂ ਅਤੇ ਲੁਧਿਆਣਾ ਤੋਂ ਕਿਸਾਨਾਂ ਨੂੰ ਲਗਭੱਗ 10 ਲੱਖ ਬੂਟੇ ਮੁਫਤ ਵੰਡੇ ਗਏ ਹਨ। ਡਾ. ਅਗਨੀਹੋਤਰੀ ਨੇ ਅੱਗੇ ਦੱਸਿਆ ਕਿ ਚਾਲੂ ਸਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਸ੍ਰੀ ਗੂਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤਹਿਤ ਪੰਜਾਬ ਦੇ ਹਰ ਪਿੰਡ ਵਿੱਚ 550 ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।ਇਸ ਸਕੀਮ ਤਹਿਤ ਰਾਜ ਵਿੱਚ ਤਕਰੀਬਨ 75 ਲੱਖ ਬੂਟੇ ਲਗਾਏ ਜਾਣਗੇ।ਉਨਾਂ ਦੱਸਿਆ ਕਿ ਹੁਣ ਤੱਕ 2000 ਪਿੰਡਾਂ ਵਿੱਚ ਤਕਰੀਬਨ 11 ਲੱਖ ਬੂਟੇ ਲਗਾ ਦਿੱਤੇ ਗਏ ਹਨ ਅਤੇ ਜਦਕਿ ਕਿ ਬਾਕੀ ਪਿੰਡਾਂ `ਚ ਬੂਟੇ ਲਗਾਉਣ ਦਾ ਕੰਮ ਜਾਰੀ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ 495 ਪਿੰਡਾਂ ਵਿੱਚ ਲੱਗਭੱਗ 2 ਲੱਖ 72 ਹਜ਼ਾਰ ਬੂਟੇ ਲਗਾਏ ਜਾਣਗੇ। ਉਹਨਾਂ ਕਿਹਾ ਕਿ ਜੰਗਲਾਤ ਵਿਭਾਗ ਦੀਆਂ 200 ਤੋਂ ਵੱਧ ਨਰਸਰੀਆਂ `ਚ ਬੂਟੇ ਤਿਆਰ ਕਰਨ ਦਾ ਕੰਮ ਜਾਰੀ ਹੈ ਅਤੇ ਵੱਖ-ਵੱਖ ਸਕੀਮਾਂ ਤਹਿਤ ਸੂਬੇ ਦੇ ਲੋਕਾਂ ਨੂੰ ਮੁਫ਼ਤ ਬੂਟੇ ਵੰਡਣ ਦਾ ਕਾਰਜ ਅਗਲੇ ਸਾਲਾਂ ਦੌਰਾਨ ਵੀ ਜਾਰੀ ਰਹੇਗਾ।
Comments (0)
Facebook Comments (0)