ਇਟਲੀ ਦਾ ਇਕ ਜਹਾਜ਼ ਅਟਲਾਂਟਿਕ ਮਹਾਸਾਗਰ ਵਿਚ 2000 ਲਗਜ਼ਰੀ ਕਾਰਾ ਸਮੇਤ ਸਮਾ ਗਿਆ

 ਇਟਲੀ ਦਾ ਇਕ ਜਹਾਜ਼ ਅਟਲਾਂਟਿਕ ਮਹਾਸਾਗਰ ਵਿਚ  2000 ਲਗਜ਼ਰੀ ਕਾਰਾ ਸਮੇਤ ਸਮਾ ਗਿਆ

ਬ੍ਰਾਜ਼ੀਲ : ਬ੍ਰਾਜ਼ੀਲ ਜਾ ਰਿਹਾ ਇਟਲੀ ਦਾ ਇਕ ਜਹਾਜ਼ ਅਟਲਾਂਟਿਕ ਮਹਾਸਾਗਰ ਵਿਚ ਉਸ ਸਮੇਂ ਸਮੁੰਦਰ ਵਿਚ ਸਮਾ ਗਿਆ ਜਦੋਂ ਉਸ 'ਤੇ 2000 ਲਗਜ਼ਰੀ ਲੱਦੀਆਂ ਹੋਈਆਂ ਸਨ। ਇਕ ਰਿਪੋਰਟ ਦੇ ਮੁਤਾਬਕ ਫਰਾਂਸ ਦੇ ਤੱਟ ਨੇੜੇ ਇਹ ਜਹਾਜ਼ ਅੱਗ ਲੱਗਣ ਕਾਰਨ ਡੁੱਬ ਗਿਆ। ਜਹਾਜ਼ ਦੇ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਫਰਾਂਸ ਦੇ ਬ੍ਰੈਸਟ ਤੋਂ 150 ਨੌਟਿਕਲ ਮੀਲ ਦੂਰ ਸਮੁੰਦਰ ਵਿਚ ਦੱਖਣ ਪੱਛਮ ਦਿਸ਼ਾ ਵਿਚ ਜਾ ਰਿਹਾ ਸੀ। ਇਸ ਜਹਾਜ਼ ਦੇ ਡੁੱਬਣ ਨਾਲ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਕਿਉਂਕਿ ਇਨ੍ਹਾਂ ਕਾਰਾਂ ਵਿਚ ਵਿਸ਼ਵ ਦੀਆਂ ਮਹਿੰਗੀਆਂ ਕਾਰਾਂ ਵਿਚ ਸ਼ੁਮਾਰ ਹੋਣ ਵਾਲੀਆਂ 37 ਪੋਰਸ਼ ਕਾਰਾਂ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਪੋਰਸ਼ ਦਾ ਨਵਾਂ ਮਾਡਲ 911ਜੀਟੀ2 ਆਰਐਸ ਜੋ ਹਾਲੇ ਕੁੱਝ ਸਮਾਂ ਪਹਿਲਾਂ ਹੀ ਲਾਂਚ ਹੋਇਆ ਹੈ, ਦੀਆਂ ਵੀ 4 ਕਾਰਾਂ ਜਹਾਜ਼ ਵਿਚ ਸ਼ਾਮਲ ਸਨ। ਇਸ ਮਾਡਲ ਦੀ ਇਕ ਪੋਰਸ਼ ਕਾਰ ਦੀ ਕੀਮਤ 3 ਕਰੋੜ 88 ਲੱਖ ਰੁਪਏ ਹੈ। ਇਸ ਤੋਂ ਇਲਾਵਾ ਗ੍ਰਾਂਡੇ ਅਮਰੀਕਾ ਨਾਂ ਦੇ ਇਸ ਜਹਾਜ਼ ਵਿਚ ਔਡੀ ਕੰਪਨੀਆਂ ਦੀਆਂ ਵੀ ਕਈ ਕਾਰਾਂ ਲੱਦੀਆਂ ਹੋਈਆਂ ਸਨ। ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਜਹਾਜ਼ ਦੇ ਡੁੱਬਣ ਨਾਲ ਕਿੰਨਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਜਰਮਨ ਕੰਪਨੀ ਪੋਰਸ਼ ਨੇ ਅਪਣੇ ਗਾਹਕਾਂ ਨੂੰ ਸਮੁੰਦਰ ਵਿਚ ਜਹਾਜ਼ ਡੁੱਬ ਜਾਣ ਦੀ ਖ਼ਬਰ ਦਿਤੀ ਅਤੇ ਉਨ੍ਹਾਂ ਨੂੰ ਹੋਰ ਕਾਰਾਂ ਲਈ ਇੰਤਜ਼ਾਰ ਕਰਨ ਲਈ ਆਖਿਆ ਹੈ। ਇਸ ਸਬੰਧੀ ਕੰਪਨੀ ਨੇ ਅਪਣੇ ਗਾਹਕਾਂ ਨੂੰ ਪੱਤਰ ਵੀ ਲਿਖੇ ਹਨ। ਦਸ ਦਈਏ ਕਿ ਬ੍ਰਿਟਿਸ਼ ਮਿਲਟਰੀ ਨੇ ਮੁਹਿੰਮ ਚਲਾ ਕੇ ਜਹਾਜ਼ ਵਿਚ ਸਵਾਰ 27 ਕਰੂ ਮੈਂਬਰਾਂ ਨੂੰ ਸਮਾਂ ਰਹਿੰਦੇ ਹੀ ਬਚਾ ਲਿਆ ਹੈ।