ਤੂਫ਼ਾਨ ਅਤੇ ਬਿਜਲੀ ਡਿੱਗਣ ਕਾਰਨ ਉੱਤਰ ਪ੍ਰਦੇਸ਼ ਵਿਚ 26 ਮੌਤਾਂ
Sat 9 Jun, 2018 0ਲਖਨਊ, 9 ਜੂਨ: ਉੱਤਰ ਪ੍ਰਦੇਸ਼ ਦੇ ਵੱਖੋ-ਵੱਖ ਜ਼ਿਲ੍ਹਿਆਂ 'ਚ ਕਲ ਆਈ ਹਨੇਰੀ ਅਤੇ ਬਿਜਲੀ ਡਿੱਗਣ ਨਾਲ 26 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰੀ ਬੁਲਾਰੇ ਅਨੁਸਾਰ ਸ਼ੁਕਰਵਾਰ ਨੂੰ ਹਨੇਰੀ-ਤੂਫ਼ਾਨ ਅਤੇ ਬਿਜਲੀ ਡਿੱਗਣ ਨਾਲ ਸੂਬੇ ਦੇ 11 ਪ੍ਰਭਾਵਤ ਜ਼ਿਲ੍ਹਿਆਂ 'ਚ 26 ਲੋਕਾਂ ਅਤੇ ਚਾਰ ਪਸ਼ੂਆਂ ਦੀ ਮੋਤ ਹੋਈ।
ਜੌਨਪੁਰ ਅਤੇ ਸੁਲਤਾਨਪੁਰ 'ਚ ਪੰਜ-ਪੰਜ, ਚੰਦੌਲੀ ਅਤੇ ਬਹਿਰਾਇਚ 'ਚ ਤਿੰਨ-ਤਿੰਨ, ਮਿਰਜ਼ਾਪੁਰ, ਸੀਤਾਪੁਰ, ਅਮੇਠੀ ਅਤੇ ਪ੍ਰਤਾਪਗੜ੍ਹ 'ਚ ਇਕ-ਇਕ, ਉਨਾਵ 'ਚ ਚਾਰ ਅਤੇ ਰਾਏਬਰੇਲੀ 'ਚ ਦੋ ਜਣਿਆਂ ਦੀ ਮੌਤ ਹੋ ਗਈ।
ਇਸੇ ਤਰ੍ਹਾਂ ਕੰਨੌਜ 'ਚ ਤਿੰਨ ਅਤੇ ਚੰਦੌਲੀ 'ਚ ਇਕ ਪਸ਼ੂ ਦੀ ਵੀ ਮੌਤ ਹੋਈ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੌਤਾਂ 'ਤੇ ਦੁੱਖ ਪ੍ਰਗਟਾਇਆ ਹੈ ਅਤੇ ਪ੍ਰਭਾਵਤ ਲੋਕਾਂ ਨੂੰ ਅੱਜ ਹੀ ਰਾਹਤ ਪਹੁੰਚਾਉਣ ਦਾ ਹੁਕਮ ਦਿਤਾ ਹੈ। ਮਹਾਰਾਸ਼ਟਰ ਦੇ ਠਾਣੇ 'ਚ ਵੀ ਅੱਜ ਭਾਰੀ ਮੀਂਹ ਕਾਰਨ ਵਾਪਰੀਆਂ ਘਟਨਾਵਾਂ 'ਚ ਦੋ ਜਣਿਆਂ ਦੀ ਮੌਤ ਹੋ ਗਈ।
ਉਧਰ ਕਈ ਦਿਨਾਂ ਤੋਂ ਗਰਮੀ ਝੱਲ ਰਹੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕੁੱਝ ਇਲਾਕਿਆਂ 'ਚ ਵੀ ਮੀਂਹ ਪੈਣ ਦੀ ਖ਼ਬਰ ਹੈ। ਮੌਸਮ ਵਿਭਾਗ ਨੇ ਕਲ ਵੀ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ, ਰਾਜਸਥਾਨ, ਪਛਮੀ ਬੰਗਾਲ, ਉੜੀਸਾ, ਝਾਰਖੰਡ, ਅਰੁਣਾਂਚਲ ਪ੍ਰਦੇਸ਼, ਅਸਮ, ਮੇਘਾਲਿਆ, ਬਿਹਾਰ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। (ਪੀਟੀਆਈ)
Comments (0)
Facebook Comments (0)