ਮਨ ਇੱਕ ਬੀਜ -----ਪਵਨਪ੍ਰੀਤ ਕੌਰ ਖਹਿਰਾ
Sat 20 Oct, 2018 0ਕੋਈ ਵੀ ਚੀਜ਼ ਪੈਦਾ ਹੋਣ ਲਈ ਜ਼ਰੂਰੀ ਹੁੰਦਾ ਹੈ ਉਸਦਾ ਬੀਜ।ਅਸੀਂ ਰੋਜ਼ਮਰ੍ਹਾ ਦੀ ਜ਼ਿੰਦਗੀ ਚਲਾਉਣ ਲਈ ਅਕਸਰ ਦੇਖਦੇ ਹਾਂ ਕਿ ਅਨੇਕ ਤਰ੍ਹਾਂ ਦੇ ਬੀਜਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਜੋ ਕਿ ਜੀਵਨ ਦਾ ਅਧਾਰ ਬਣ ਸਕਦੇ ਹੋਣ।ਅਤੇ ਅਸੀਂ ਅਜਿਹੇ ਨਦੀਨਾਂ ਦੇ ਬੀਜਾਂ ਨੂੰ ਖਤਮ ਕਰਨ ਦੇ ਯਤਨ ਵੀ ਅਕਸਰ ਹੁੰਦੇ ਦੇਖਦੇ ਹਾਂ ਜੋ ਜੀਵਨ ਲਈ ਖਤਰਾ ਸਮਝੇ ਜਾਣ। ਇੱਕ ਬੀਜ ਵਿੱਚ ਬਹੁਤ ਅਲੱਗ ਅਲੱਗ ਸੰਭਾਵਨਾਵਾਂ ਛੁਪੀਆਂ ਹੁੰਦੀਆਂ ਨੇ ਉਸ ਵਿਚੋਂ ਅਮ੍ਰਿਤ ਰੂਪੀ ਭੋਜਨ ਪੈਦਾ ਹੋ ਸਕਦਾ ਹੈ। ਉਸ ਵਿਚੋਂ ਮਿੱਠੇ ਫਲ ਫੁੱਲ ਅਤੇ ਅਰਾਮਦਾਇਕ ਛਾਂ ਪ੍ਰਾਪਤ ਹੋ ਸਕਦੀ ਹੈ।ਕੁਝ ਬੀਜ ਅਜਿਹੇ ਵੀ ਹੁੰਦੇ ਨੇ ਜੋ ਜ਼ਹਿਰੀਲੇ ਮਾਦੇ ਪੈਦਾ ਕਰਦੇ ਨੇ ਜਿਨ੍ਹਾਂ ਨੂੰ ਖਾਕੇ ਜਾਂ ਇਨ੍ਹਾਂ ਦੇ ਵਾਤਾਵਰਨੀ ਸੰਪਰਕ ਕਾਰਨ ਹੀ ਕਈ ਜੀਵਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ।
ਅਸੀਂ ਗੱਲ ਇੱਕ ਅਜਿਹੇ ਬੀਜ ਬਾਰੇ ਕਰ ਰਹੇ ਹਾਂ ਜਿਸ ਬੀਜ ਕਾਰਨ ਸਾਡੇ ਸੰਸਕਾਰ ਬਣਦੇ ਹਨ। ਜਿਨ੍ਹਾਂ ਤੇ ਸਾਡੀ ਤੇ ਸਾਡੇ ਸਮਾਜ ਦੀ ਨੀਂਹ ਟਿਕੀ ਹੁੰਦੀ ਹੈ।ਇਹ ਬੀਜ ਹੈ ਸਾਡਾ ਮਨ।ਕਿਸੇ ਵੀ ਬੀਜ ਦੀ ਤਰ੍ਹਾਂ ਇਸ ਮਨ ਰੂਪੀ ਬੀਜ ਨੂੰ ਵੀ ਪ੍ਰਫੁਲਿਤ ਹੋਣ ਲਈ ਢੁਕਵੀਂ ਮਿੱਟੀ ਪਾਣੀ ਅਤੇ ਵਾਤਾਵਰਨ ਚਾਹੀਦਾ ਹੈ।ਫਿਰ ਇਸ ਢੁਕਵੇਂ ਮਾਹੌਲ ਵਿੱਚ ਹੀ ਇਸ ਮਨ ਰੂਪੀ ਬੀਜ ਨੂੰ ਮਿੱਟੀ ਵਿੱਚ ਮਿਟਣਾ ਪੈਂਦਾ ਹੈ।ਤਾਂ ਇਸ ਵਿਚੋਂ ਸੁੰਦਰ ਛਾਂਦਾਰ ਪੌਦਾ ਪੈਦਾ ਹੋ ਸਕਦਾ ਹੈ ਜਿਸ ਤੋਂ ਸਾਰਾ ਸਮਾਜ ਫਲਾਂ ਤੇ ਖੂਬਸੂਰਤ ਫੁੱਲਾਂ ਦੀ ਉਮੀਦ ਕਰ ਸਕੇ। ਜਿਵੇਂ ਅਸੀਂ ਕਿਸੇ ਵੀ ਬੀਜ ਨਾਲ ਏਨਾ ਮੋਹ ਬਣਾ ਲਈਏ ਕਿ ਅਸੀਂ ਉਸ ਨੂੰ ਆਪਣੇ ਕੋਲ ਹੀ ਸੰਭਾਲ ਲਈਏ ਫਿਰ ਅਸੀਂ ਚਾਹੇ ਕਿੰਨੀ ਵੀ ਸੰਭਾਲ ਕਿਉਂ ਨਾ ਕਰੀਏ ਇੱਕ ਸੀਮਤ ਸਮੇਂ ਸੀਮਾਂ ਤੋਂ ਬਾਅਦ ਉਸ ਬੀਜ ਦਾ ਖਾਤਮਾ ਹੋਣਾ ਜ਼ਰੂਰੀ ਹੈ। ਭਾਵ ਕਿ ਬੀਜ ਦੀ ਹੋਣੀ ਇਹੀ ਹੈ ਕਿ ਉਸਨੇ ਮਿਟਣਾ ਹੈ।ਜੇਕਰ ਅਸੀਂ ਉਸ ਸਮੇਂ ਸੀਮਾਂ ਦੇ ਅੰਦਰ ਹੀ ਉਸ ਨੂੰ ਆਪਣੇ ਮੋਹ ਜ਼ਾਲ ਤੋਂ ਉੱਪਰ ਉੱਠ ਕੇ ਆਪਣੇ ਹੱਥੀਂ ਉਸ ਨੂੰ ਧਰਤੀ ਦੇ
ਹਵਾਲੇ ਕਰਨ ਦੀ ਹਿੰਮਤ ਰੱਖਦੇ ਹਾਂ ਤਾਂ ਹੀ ਸਾਨੂੰ ਉਸ ਤੋਂ ਮਿੱਠੇ ਫਲਾਂ ਸੁੰਦਰ ਫੁੱਲਾਂ ਤੇ ਸੰਘਣੀ ਤੇ ਠੰਡੀ ਛਾਂ ਦੀ ਉਮੀਦ ਰੱਖਣੀ ਚਾਹੀਦੀ ਹੈ।ਜੇਕਰ ਅਸੀਂ ਇਸ ਮਨ ਨੂੰ ਅਲਮਾਰੀ ਰੂਪੀ ਅਲਗਾਵ ਵਿੱਚ ਸੰਭਾਲ ਕੇ ਰੱਖਣਾ ਹੈ।ਇਸ ਦੀ ਹੋਂਦ ਨੂੰ ਹਾਉਮੈ ਦੇ ਜਾਲ ਵਿਚੋਂ ਨਿਕਲ ਕੇ ਮਿੱਟੀ ਵਿੱਚ ਆਪਣਾ ਆਪ ਮਿਟਾਉਣ ਤੋਂ ਵਰਜਣਾ ਹੈ ਤਾਂ ਇਸ ਮਨ ਰੂਪੀ ਬੀਜ ਦਾ ਬਿਨਾਂ ਕਿਸੇ ਵਿਕਾਸ ਦੇ ਨਸ਼ਟ ਹੋਣਾ ਤਹਿ ਹੈ।ਜੋ ਬਹੁਤਾਤ ਵਿੱਚ ਹੋ ਰਿਹਾ ਹੈ। ਇਸ ਅਵੇਸਲੇਪਣ ਕਾਰਨ ਹੀ ਸ਼ਾਇਦ ਸਾਡੀ ਆਤਮਿਕ ਤਰੱਕੀ ਨਿਵਾਣ ਵੱਲ ਜਾ ਰਹੀ ਹੈ।ਅਸੀਂ ਸੁਆਰਥੀ ਬਿਰਤੀ ਨੂੰ ਏਨਾ ਹਾਵੀ ਕਰ ਲਿਆ ਹੈ ਕਿ ਸਾਡੀਆਂ ਨਵੀਆਂ ਪੀੜੀਆਂ ਨੂੰ ਜਿਉਣਾ ਭੁੱਲਦਾ ਜਾ ਰਿਹਾ ਹੈ।ਅਸੀਂ ਉਨ੍ਹਾਂ ਨੂੰ ਮਨਮੁਖੁ ਬਿਰਤੀਆਂ ਦੇ ਮਾਲਕ ਬਣਾ ਕੇ ਮਨਾਂ ਦੇ ਸੁੱਖਾਂ ਦੇ ਪਿੱਛੇ ਭੱਜਣ ਵਾਲੀ ਭੀੜ ਵਿੱਚ ਮੋਹਰੀ ਬਣਾਉਣਾ ਚਾਹੁੰਦੇ ਹਾਂ। ਅਸੀਂ ਭੁੱਲ ਚੁੱਕੇ ਹਾਂ ਕਿ ਇੱਕ ਇੱਕ ਇਨਸਾਨ ਦੇ ਕਲਿਆਣਕਾਰੀ ਸੁਭਾਅ ਕਾਰਨ ਹੀ ਸਮਾਜ ਕਲਿਆਣਕਾਰੀ ਹੁੰਦਾ ਹੈ। ਸਾਨੂੰ ਲੱਗਦਾ ਹੈ ਕਿ ਸਮਾਜ ਲਈ ਸੋਚਣ ਵਾਲੇ ਲੋਕ ਕੁਝ ਖਾਸ ਹੁੰਦੇ ਹੋਣਗੇ ਉਨ੍ਹਾਂ ਦਾ ਹੀ ਕੰਮ ਹੈ ਸਮਾਜ ਦਾ ਕਲਿਆਣ ਅਸੀਂ ਤਾਂ ਆਪਣੇ ਲਈ ਹੀ ਜਿਉਣਾ ਹੈ।ਸਾਨੂੰ ਨਹੀਂ ਪਤਾ ਕਿ ਅਸੀਂ ਆਪਣੀ ਤਰੱਕੀ ਲਈ ਜਾਂ ਆਪਣੇ ਬੱਚਿਆਂ ਦੇ ਛੋਟੇ ਛੋਟੇ ਕੰਮਾਂ ਲਈ ਜੋ ਜਾਇਜ਼ ਨਜਾਇਜ਼ ਤਰੀਕਿਆਂ ਦੀ ਵਰਤੋਂ ਕਰਦੇ ਹਾਂ ਇਹ ਸਾਡੇ ਸਮਾਜ ਨੂੰ ਗੰਧਲਾ ਕਰ ਰਹੇ ਨੇ ਉਸ ਸਮਾਜ ਨੂੰ ਅਸੀਂ ਜਿਸ ਦਾ ਹਿੱਸਾ ਹਾਂ। ਸਾਡੀਆਂ ਆਉਣ ਵਾਲੀਆਂ ਪੀੜੀਆਂ ਨੇ ਜਿਸਦੇ ਵਾਰਿਸ ਬਨਣਾ ਹੈ।
ਜੇਕਰ ਅਸੀਂ ਸੱਚਮੁਚ ਹੀ ਆਪਣੇ ਬੱਚਿਆਂ ਨੂੰ ਸਹੀ ਸੇਧ ਸਹੀ ਮਾਰਗਦਰਸ਼ਨ ਦੇਣਾਂ ਚਾਹੁੰਦੇ ਹਾਂ ਤਾਂ ਸਾਡੇ ਲਈ ਉਨ੍ਹਾਂ ਲੀਹਾਂ ਤੇ ਉਨ੍ਹਾਂ ਨੂੰ ਚਲਾਉਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਲੀਹਾਂ ਤੇ ਚੱਲਕੇ ਸਾਡੇ ਰਹਿਬਰਾਂ ਨੇ ਸਰਬੱਤ ਦੇ ਭਲੇ ਲਈ ਆਪਾ ਮਿਟਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਨਿੱਜੀ ਸੁਆਰਥਾਂ ਤੋਂ ਬਹੁਤ ਉੱਪਰ ਉੱਠਣਾ ਮਹਾਨ ਤੇ ਵਿਸ਼ਾਲ ਸੋਚ ਦੇ ਧਾਰਨੀ ਹੋਣਾ ਹੀ ਅੱਜ ਦੇ ਯੁੱਗ ਦੀ ਅਹਿਮ ਤੇ ਅਤਿਅੰਤ ਜ਼ਰੂਰੀ ਲੋੜ ਹੈ ਫਿਰ ਹੀ ਅਸੀਂ ਕਿਸੇ ਵੀ ਸੁਧਾਰ ਦੀ ਗੱਲ ਕਰਨ ਦੇ ਸਮਰੱਥ ਹੋ ਸਕਾਂਗੇ।।
ਪਵਨਪ੍ਰੀਤ ਕੌਰ
Comments (0)
Facebook Comments (0)