ਜਿਸਦੇ ਰੰਗ ਗੱਲਾਂ ਕਰਦੇ ਨੇ! – ਚਿੱਤਰਕਾਰ ਪ੍ਰੀਤ ਭਗਵਾਨ
Wed 20 Feb, 2019 0ਹਰ ਸ਼ਖਸ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਹੈ, ਬਸ਼ਰਤੇ ਉਹ ਉਸਨੂੰ ਪਹਿਚਾਣੇ ਅਤੇ ਮਿਹਨਤ ਦੀ ਭੱਠੀ ਵਿੱਚ ਤਪਾਵੇ ਤਾਂ ਉਹ ਗੁਣ ਉਸਦੀ ਪਹਿਚਾਣ ਬਣ ਜਾਂਦਾ ਹੈ ਅਤੇ ਅਜਿਹੇ ਹੀ ਚਿੱਤਰਕਾਰੀ ਦੇ ਖੇਤਰ ਵਿੱਚ ਖਾਸ ਨਾਮਣਾ ਖੱਟਣ ਵਾਲੇ ਹਨ ਪ੍ਰੀਤ ਭਗਵਾਨ, ਜਿਹਨਾਂ ਦੀਆਂ ਚਿੱਤਰੀਆਂ ਤਸਵੀਰਾਂ ਬੋਲਦੀਆਂ ਹਨ।
ਚਿੱਤਰਕਾਰ ਪ੍ਰੀਤ ਭਗਵਾਨ
ਪ੍ਰੀਤ ਭਗਵਾਨ ਦੇ ਬਜ਼ੁਰਗਾਂ ਦਾ ਪਾਕਿਸਤਾਨ ਵਿੱਚ ਪਿੱਛਾ ਭਾਈ ਸੇਰੂ ਪਿੰਡ ਸੀ ਅਤੇ ਉਹਨਾਂ ਦੇ ਪਿਉ-ਦਾਦਿਆਂ ਨੇ ਦੇਸ਼ ਵੰਡ ਦਾ ਸੰਤਾਪ ਆਪਣੇ ਪਿੰਡੇ ਤੇ ਭੋਗਿਆ, ਉਹ ਪਾਕਿਸਤਾਨੋਂ ਉੱਜੜ ਕੇ ਭਾਰਤ ਆਏ। ਭਾਰਤ ਆਉਂਦਿਆਂ ਸਭ ਕੁਝ ਉੱਧਰ ਹੀ ਰਹਿ ਗਿਆ, ਸਿਰਫ ਇੱਕ ਪਿੱਤਲ ਦਾ ਕੰਗਣੀ ਵਾਲਾ ਗਲਾਸ ਹੀ ਨਾਲ ਲਿਆ ਸਕੇ। ਬਜ਼ੁਰਗਾਂ ਦੇ ਦੱਸੇ ਅਨੁਸਾਰ ਉਸ ਸਮੇਂ ਉਹਨਾਂ ਦੇ ਐਨੇ ਮਾੜੇ ਹਾਲਾਤ ਸੀ ਕਿ ਘਰ ਦੀਆਂ ਔਰਤਾਂ ਦਾ ਨੰਗ ਢੱਕਣ ਲਈ ਰਾਤ ਨੂੰ ਫੌਜੀਆਂ ਦੇ ਟੈਂਟਾਂ ਨੂੰ ਪਾੜ ਕੇ ਕੱਪੜਾ ਚੋਰੀ ਕਰ ਕੇ ਔਰਤਾਂ ਨੂੰ ਲਿਆਕੇ ਦਿੰਦੇ ਰਹੇ।
ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰੇ ਵਿੱਚ ਪ੍ਰੀਤ ਭਗਵਾਨ ਸਿੰਘ ਮਾਤਾ ਚੰਨਣ ਕੌਰ ਦੀ ਕੁੱਖੋਂ 20 ਜਨਵਰੀ 1976 ਨੂੰ ਪਿਤਾ ਦਲੀਪ ਸਿੰਘ ਦੀ ਗੋਦੀ ਦਾ ਸ਼ਿੰਗਾਰ ਬਣੇ। ਪਿਉ -ਦਾਦੇ ਲੱਕੜੀ ਦਾ ਕੰਮ ਕਰਦੇ ਸੀ ਅਤੇ ਦਿਨ ਰਾਤ ਇੱਕ ਕਰ ਆਪਣੇ ਪੈਰ ਨਵੇਂ ਸਿਰਿਓ ਜਮਾਏ। ਪੰਜ ਭੈਣ-ਭਰਾਵਾਂ ਵਿੱਚੋਂ ਪ੍ਰੀਤ ਭਗਵਾਨ ਸਭ ਤੋਂ ਛੋਟੇ ਹਨ। ਪ੍ਰੀਤ ਭਗਵਾਨ 2006 ਵਿੱਚ ਰਜਵੰਤ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਅਤੇ ਉਹਨਾਂ ਦੇ ਬੱਚਿਆਂ ਵਿੱਚ ਪੁੱਤਰੀ ਖੁਸ਼ਰੀਤ ਕੌਰ ਅਤੇ ਪੁੱਤਰ ਗੁਰਮਨਪ੍ਰੀਤ ਸਿੰਘ ਹਨ।
ਸ਼ੁਰੂ ਵਿੱਚ ਪਿਤਾ ਜੀ ਨੂੰ ਚਿੱਤਰਕਾਰੀ ਪਸੰਦ ਨਹੀਂ ਸੀ ਅਤੇ ਪ੍ਰੀਤ ਭਗਵਾਨ ਦੇ ਪਿਤਾ ਜੀ ਤੋਂ ਚਿੱਤਰਕਾਰੀ ਪਿੱਛੇ ਮਾਰ ਵੀ ਪੈਂਦੀ ਰਹੀ ਅਤੇ ਇੱਕ ਵਾਰ ਤਾਂ ਹਾਲਾਤ ਐਦਾਂ ਦੇ ਬਣੇ ਕਿ ਸੋਲ੍ਹਾਂ- ਸਤਾਰ੍ਹਾਂ ਦੀ ਉਮਰ ਵਿੱਚ ਜਿਆਦਾ ਕੁੱਟ (ਮਾਰ) ਪੈਣ ਕਰਕੇ ਪ੍ਰੀਤ ਭਗਵਾਨ ਗੁੱਸੇ ਚ ਸਾਈਕਲ ਤੇ ਹੀ ਤਕਰੀਬਨ 30 ਕਿਲੋਮੀਟਰ ਮੁਕਤਸਰ ਆਪਣੇ ਮਿੱਤਰਾਂ ਕੋਲ ਚਲਾ ਗਿਆ ਅਤੇ ਦੋ ਦਿਨਾਂ ਬਾਅਦ ਘਰ ਵਾਪਿਸ ਆਇਆ, ਪਿੱਛੋਂ ਘਰ ਦੇ ਭਾਲਦੇ ਰਹੇ, ਪਰਿਵਾਰਿਕ ਮੈਂਬਰਾਂ ਅਤੇ ਸਾਕ ਸੰਬੰਧੀਆਂ ਨੇ ਪਿਤਾ ਜੀ ਨੂੰ ਸਮਝਾਇਆ ਕਿ “ਮੁੰਡਾ ਕਿਹੜਾ ਕੋਈ ਨਸ਼ਾ-ਪੱਤਾ ਕਰਦਾ ਜਾਂ ਕਿਹੜਾ ਕੋਈ ਮਾੜਾ ਕੰਮ ਕਰਦਾ, ਪੇਂਟਿਗ ਹੀ ਹੈ, ਕਰੀ ਜਾਣ ਦਉ ” ਪਰੰਤੂ ਇਸ ਘਟਨਾ ਤੋਂ ਬਾਦ ਕਦੇ ਵੀ ਪਿਤਾ ਜੀ ਨੇ ਪੇਂਟਿੰਗਜ ਪਿੱਛੇ ਕੁਝ ਨਹੀਂ ਕਿਹਾ।
ਪ੍ਰੀਤ ਭਗਵਾਨ ਨੇ ਆਪਣੀ ਮੁੱਢਲੀ ਸਿੱਖਿਆ ਕੋਟਕਪੂਰੇ ਤੋਂ ਹਾਸਿਲ ਕੀਤੀ ਅਤੇ ਬੀ.ਐੱਡ. ਸਟੇਟ ਕਾਲਜ, ਪਟਿਆਲਾ ਤੋਂ ਕੀਤੀ। ਪੰਜਵੀਂ-ਛੇਵੀਂ ਵਿੱਚ ਹੀ ਉਸਨੂੰ ਚਿੱਤਰਕਾਰੀ ਦੀ ਚਿਣਗ ਲੱਗੀ। ਪੜ੍ਹਦੇ ਸਮੇਂ ਵੱਖੋ ਵੱਖਰੇ ਚਿੱਤਰਕਾਰੀ ਦੇ ਛੋਟੇ-ਵੱਡੇ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਪੁਜੀਸ਼ਨਾਂ ਹਾਸਿਲ ਕੀਤੀਆਂ ਜਿਹਨਾਂ ਵਿੱਚ ਬਾਰ੍ਹਵੀਂ ਜਮਾਤ ’ਚ ਪੜ੍ਹਦਿਆਂ ਪੰਜਾਬ ਵਿੱਚੋਂ ਦੂਜਾ ਸਥਾਨ, ਪੰਜਾਬੀ ਯੂਨੀਵਰਸਿਟੀ ਦੇ ਚਿੱਤਰਕਾਰੀ ਮੁਕਾਬਲਿਆਂ ਵਿੱਚ 1998 ਵਿੱਚ ਸਿਲਵਰ ਅਤੇ 2001 ਵਿੱਚ ਗੋਲਡ ਮੈਡਲ ਅਤੇ ਸਾਲ 2001 ਵਿੱਚ ਹੀ ਪੰਜਾਬ ਭਰ ਦੇ ਬੀ.ਐੱਡ. ਕਾਲਜਾਂ ਦੇ ਅੰਮ੍ਰਿਤਸਰ ਵਿਖੇ ਸੂਬੇ ਪੱਧਰੀ ਚਿੱਤਰਕਾਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਵਰਣਨਯੋਗ ਹੈ।
ਪ੍ਰੀਤ ਭਗਵਾਨ ਵਾਟਰ ਕਲਰ (ਪਾਣੀ ਵਾਲੇ ਰੰਗ) ਅਤੇ ਓਇਲ ਕਲਰ (ਤੇਲ ਵਾਲੇ ਰੰਗ) ਚਿੱਤਰਕਾਰੀ ਕਰਦੇ ਹਨ ਅਤੇ ਚਿੱਤਰਕਾਰੀ ਦੇ ਗੁਣਾਂ ਦੀਆਂ ਬਾਰੀਕੀਆਂ ਆਸਾ ਸਿੰਘ ਅਤੇ ਅਸ਼ਵਨੀ ਵਰਮਾ ਤੋਂ ਪ੍ਰਾਪਤ ਕੀਤੀਆਂ। ਜਿਵੇਂ ਕਿਹਾ ਜਾਂਦਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਸੋ ਪ੍ਰੀਤ ਭਗਵਾਨ ਦਾ ਚਿੱਤਰਕਾਰੀ ਕਰਨਾ ਵੀ ਸ਼ੌਕ ਹੀ ਹੈ ਕਿਉਂਕਿ ਕਿੱਤੇ ਵਜੋਂ ਉਹ ਅਧਿਆਪਕ ਹਨ। ਉਹਨਾਂ ਨੇ ਸਾਲ 2008 ਵਿੱਚ ਬਤੌਰ ਪ੍ਰਾਇਮਰੀ ਅਧਿਆਪਕ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ ਅਤੇ ਅੱਜ ਕੱਲ੍ਹ ਸਰਕਾਰੀ ਪ੍ਰਾਇਮਰੀ ਸਕੂਲ, ਸਿਰਸੜੀ(ਕੋਟਕਪੁਰਾ) ਵਿਖੇ ਪੜ੍ਹਾ ਰਹੇ ਹਨ।
ਪ੍ਰੀਤ ਭਗਵਾਨ ਨੇ 1994-95 ਵਿੱਚ ਲਲਿਤ ਕਲਾ ਅਕੈਡਮੀ ਪੰਜਾਬ ਤਰਫ਼ੋਂ ਆਯੋਜਿਤ ਪ੍ਰਦਰਸ਼ਨੀ ਵਿੱਚ ਆਪਣੀਆਂ ਪੇਂਟਿੰਗਜ਼ ਦੀ ਪਹਿਲੀ ਵਾਰ ਪ੍ਰਦਰਸ਼ਨੀ ਲਾਈ ਅਤੇ ਕਈਆਂ ਸਾਲਾਂ ਤੋਂ ਉਹ ਬਾਬਾ ਫਰੀਦ ਮੇਲੇ ਤੇ ਆਪਣੀ ਪੇਂਟਿਗਜ ਜਾਂ ਚਿੱਤਰਕਾਰੀ ਦੀ ਪ੍ਰਦਰਸ਼ਨੀ ਲਾਉਂਦੇ ਆ ਰਹੇ ਹਨ। ਉਹਨਾਂ ਕੋਲੋਂ ਲੋਕ ਸਮੇਂ ਸਮੇਂ ਤੇ ਤਸਵੀਰਾਂ (ਪੋਰਟਰੇਟਾਂ) ਬਣਵਾਉਂਦੇ ਰਹਿੰਦੇ ਹਨ। ਪ੍ਰੀਤ ਭਗਵਾਨ ਹੁਣ ਤੱਕ ਕਾਫ਼ੀ ਤਸਵੀਰਾਂ (ਪੋਰਟਰੇਟਾਂ) ਬਣਾ ਚੁੱਕੇ ਹਨ ਅਤੇ ਪ੍ਰੀਤ ਭਗਵਾਨ ਨੇ ਗਿਆਨੀ ਜੈਲ ਸਿੰਘ (ਸਾਬਕਾ ਰਾਸ਼ਟਰਪਤੀ), ਬੇਅੰਤ ਸਿੰਘ (ਸਾਬਕਾ ਮੁੱਖ ਮੰਤਰੀ), ਡਾ. ਸੁਰਜੀਤ ਪਾਤਰ ਨੂੰ ਉਹਨਾਂ ਦੀਆਂ ਤਸਵੀਰਾਂ (ਪੋਰਟਰੇਟਾਂ) ਬਣਾ ਕੇ ਆਪਣੇ ਹੱਥੀਂ ਭੇਟ ਕੀਤੀਆਂ।
ਉਹਨਾਂ ਦੀ ਚਿੱਤਰਕਾਰੀ ਆਪਣੇ ਵਿੱਚ ਵਿਲੱਖਣਤਾ, ਯਥਾਰਥ, ਸੁਹਜਤਾ ਅਤੇ ਸੰਜੀਦਗੀ ਨੂੰ ਸਮੇਟੇ ਹੋਏ ਹੈ ਜੋ ਵੇਖਣ ਵਾਲਿਆਂ ਨੂੰ ਕੀਲ ਲੈਂਦੀ ਹੈ ਅਤੇ ਸੋਚਣ ਲਈ ਮਜ਼ਬੂਰ ਕਰਦੀ ਹੈ। ਉਹਨਾਂ ਦੀ ਚਿੱਤਰਕਾਰੀ ਦੀ ਉੱਚਤਾ ਨੂੰ ਵੇਖਦੇ ਹੋਏ ਹੀ 2018 ਵਿੱਚ ਮਾਊਂਟ ਆਬੂ ਵਿਖੇ ਆਯੋਜਿਤ ਰਾਸ਼ਟਰੀ ਵਰਕਸ਼ਾਪ ਜਿਸ ਵਿੱਚ ਦੇਸ਼ ਭਰ ਚੋਂ ਪ੍ਰੀਤ ਭਗਵਾਨ ਸਮੇਤ ਪੰਜ ਸੌ ਚਿੱਤਰਕਾਰ ਬੁਲਾਏ ਗਏ ਸੀ, ਉੱਥੇ ਪਹਿਲੀਆਂ 10 ਉੱਤਮ ਦਰਜੇ ਦੀਆਂ ਪੇਂਟਿਗਜ ਵਿੱਚ ਪ੍ਰੀਤ ਭਗਵਾਨ ਦੀ ਪੇਂਟਿੰਗ ਸ਼ੁਮਾਰ ਸੀ ਅਤੇ ਜਨਵਰੀ 2019 ਵਿੱਚ ਬਾਗਪੱਤ (ਉੱਤਰ ਪ੍ਰਦੇਸ਼) ਵਿਖੇ ਆਯੋਜਿਤ ਰਾਸ਼ਟਰੀ ਵਰਕਸ਼ਾਪ ਵਿੱਚ ਦੇਸ਼ ਭਰ ਵਿੱਚੋਂ ਨਾਮੀ 12 ਚਿੱਤਰਕਾਰ ਬੁਲਾਏ ਗਏ ਜਿਨ੍ਹਾਂ ਵਿੱਚ ਪ੍ਰੀਤ ਭਗਵਾਨ ਇੱਕ ਸੀ।
ਪ੍ਰੀਤ ਭਗਵਾਨ ਦੀ ਉੱਚ ਕੋਟੀ ਦੀ ਚਿੱਤਰਕਾਰੀ ਲਈ ਸਮੇਂ ਸਮੇਂ ਤੇ ਉਹਨਾਂ ਦਾ ਸਨਮਾਣ ਹੁੰਦਾ ਆ ਰਿਹਾ ਹੈ ਜਿਸ ਵਿੱਚ 2017 ਵਿੱਚ ਬਾਬਾ ਫਰੀਦ ਅਵਾਰਡ ਅਤੇ 2018 ਵਿੱਚ ਰੇਵਾੜੀ (ਹਰਿਆਣਾ) ਵਿਖੇ ਰਾਸ਼ਟਰੀ ਗੌਰਵ ਅਵਾਰਡ ਵਿਸ਼ੇਸ਼ ਜਿਕਰਯੋਗ ਹੈ।
ਕਲਾ ਦਾ ਨਾ ਕੋਈ ਧਰਮ ਹੁੰਦਾ ਹੈ ਅਤੇ ਨਾ ਹੀ ਕੋਈ ਜਾਤ, ਨਾ ਹੀ ਕੋਈ ਕਲਾ ਦੀ ਸੀਮਾ ਹੁੰਦੀ ਹੈ ਅਤੇ ਨਾ ਹੀ ਕੋਈ ਕਲਾ ਨੂੰ ਕੈਦ ਕਰ ਸਕਦਾ ਹੈ। ਕਲਾ ਅੰਬਰੀ ਉਡਾਨ ਵਾਂਗ ਹੈ ਅਤੇ ਇਹ ਕਲਾਕਾਰ ਦੇ ਨਿਰਭਰ ਕਰਦਾ ਹੈ ਕਿ ਉਹ ਜ਼ਮੀਨ ਨਾਲ ਜੁੜ ਕੇ ਕਿੰਨਾ ਉੱਚੀ ਉਡਾਰੀ ਭਰ ਸਕਦਾ ਹੈ ਅਤੇ ਇਸ ਅਮਲ ਤੇ ਪ੍ਰੀਤ ਭਗਵਾਨ ਦੀ ਚਿੱਤਰਕਾਰੀ ਖਰੀ ਉੱਤਰਦੀ ਹੈ ਜੋ ਹੱਦਾਂ ਬੰਨ੍ਹਾਂ, ਤੰਗਦਿਲੀਆਂ ਨੂੰ ਉਲਾਂਭੇ ਸੁੱਟਦੀ ਮਾਨਵਤਾ ਦਾ ਸੰਕਲਪ ਧਾਰੀ, ਲੋਕਾਂ ਦੇ ਦਰਦ ਨੂੰ ਬਿਆਨਦੀ ਅਤੇ ਸਾਰਥਕ ਸਮਾਜ ਹਿੱਤ ਦੀ ਸੁਪਨਾ ਬੁਣਦੀ ਪ੍ਰਤੀਤ ਹੁੰਦੀ ਹੈ।
ਗੋਬਿੰਦਰ ਸਿੰਘ ‘ਬਰੜ੍ਹਵਾਲ’
ਪਿੰਡ ਤੇ ਡਾਕ. ਬਰੜ੍ਹਵਾਲ
ਤਹਿ. ਧੂਰੀ (ਸੰਗਰੂਰ)
ਈਮੇਲ : bardwal.gobinder@gmail.com
Comments (0)
Facebook Comments (0)