ਕੌਮਾਂਤਰੀ ਗੌਲਫ਼ ਦਾ ਖਿਡਾਰੀ ਜਯੋਤੀ ਰੰਧਾਵਾ ਸ਼ਿਕਾਰ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ

ਕੌਮਾਂਤਰੀ ਗੌਲਫ਼ ਦਾ ਖਿਡਾਰੀ ਜਯੋਤੀ ਰੰਧਾਵਾ ਸ਼ਿਕਾਰ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ

ਬਹਿਰਾਇਚ(ਯੂਪੀ), 27 ਦਸੰਬਰ: ਯੂਪੀ ਪੁਲੀਸ ਨੇ ਕੌਮਾਂਤਰੀ ਗੌਲਫ਼ਰ ਜਯੋਤੀ ਰੰਧਾਵਾ ਨੂੰ ਅੱਜ ਇਥੇ ਦੁਧਵਾ ਟਾਈਗਰ ਰਿਜ਼ਰਵ ਦੇ ਸੁਰੱਖਿਅਤ ਖੇਤਰ ’ਚ ਸ਼ਿਕਾਰ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ। ਗੌਲਫ਼ਰ ਨਾਲ ਉਹਦੇ ਦੋਸਤ ਮਹੇਸ਼ ਵੀਰਾਜਦਾਰ ਨੂੰ ਵੀ ਕਾਬੂ ਕੀਤਾ ਗਿਆ ਹੈ, ਜੋ ਸਾਬਕਾ ਫ਼ੌਜੀ ਕਪਤਾਨ ਤੇ ਮਹਾਰਾਸ਼ਟਰ ਦਾ ਵਸਨੀਕ ਹੈ। ਜੰਗਲੀ ਜੀਵ ਰੱਖਿਆ ਐਕਟ ਤਹਿਤ ਕੇਸ ਦਰਜ ਕਰਨ ਮਗਰੋਂ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਫੀਲਡ ਅਧਿਕਾਰੀ ਰਮੇਸ਼ ਪਾਂਡੇ ਨੇ ਦੱਸਿਆ ਕਿ ਰੰਧਾਵਾ, ਜਿਸ ਦਾ ਪੂਰਾ ਨਾਮ ਜਯੋਤਿੰਦਰ ਸਿੰਘ ਰੰਧਾਵਾ ਹੈ, ਕੋਲੋਂ ਇਕ ਰਾਈਫਲ ਵੀ ਬਰਾਮਦ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਰੰਧਾਵਾ ਤੇ ਵੀਰਾਜਦਾਰ ਨੂੰ ਕਟਾਰਨੀਆਘਾਟ ਦੀ ਮੋਤੀਪੁਰ ਰੇਂਜ ਨੇੜਿਓਂ ਹਰਿਆਣਾ ਦੇ ਰਜਿਸਟਰੇਸ਼ਨ ਨੰਬਰ (ਐਚਆਰ26 ਡੀਐਨ 4299) ਵਾਲੇ ਵਾਹਨ ਤੇ ਕੁਝ ਹੋਰ ਸਾਜ਼ੋ-ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਾਂਡੇ ਨੇ ਕਿਹਾ ਕਿ ਜੰਗਲਾਤ ਕਰਮੀਆਂ ਦੀ ਇਕ ਟੀਮ ਨੇ ਦੋਵਾਂ ਨੂੰ ਜਾਨਵਰਾਂ ਦਾ ਸ਼ਿਕਾਰ ਕਰਦਿਆਂ ਵੇਖਿਆ ਸੀ। ਅਧਿਕਾਰੀ ਮੁਤਾਬਕ ਉਨ੍ਹਾਂ ਦੇ ਵਾਹਨ ’ਚੋਂ ਹਿਰਨ ਦੀ ਚਮੜੀ ਤੇ ਇਕ ਰਾਈਫਲ ਬਰਾਮਦ ਹੋਈ ਹੈ। ਵਾਹਨ ’ਚੋਂ ਜੰਗਲੀ ਸੂਰ ਦਾ ਪਿੰਜਰ ਤੇ ਇਕ ਚੀਤਲ ਵੀ ਮਿਲਿਆ ਹੈ। ਗੌਲਫਰ ਜਯੋਤੀ ਰੰਧਾਵਾ ਸਾਲ 2004 ਤੋਂ 2009 ਦੇ ਅਰਸੇ ਦਰਮਿਆਨ ਕਈ ਵਾਰ ਵਿਸ਼ਵ ਦੇ ਸਿਖਰਲੇ ਸੌ ਗੌਲਫਰਾਂ ਵਿੱਚ ਸ਼ੁਮਾਰ ਰਿਹਾ ਹੈ। ਰੰਧਾਵਾ, ਬੌਲੀਵੁੱਡ ਅਦਾਕਾਰ ਚਿਤਰਾਂਗਦਾ ਸਿੰਘ ਨੂੰ ਵਿਆਹਿਆ ਸੀ, ਪਰ ਦੋਵੇਂ ਸਾਲ 2014 ਵਿੱਚ ਵੱਖ ਹੋ ਗਏ।