
ਬਾਦਲਾਂ ਸਮੇਂ ਸਿੱਖੀ ਦਾ ਨਿਘਾਰ ਸੱਭ ਤੋਂ ਜ਼ਿਆਦਾ ਹੋਇਆ
Sat 29 Dec, 2018 0
ਅੰਮ੍ਰਿਤਸਰ : ਸਿੱਖਾਂ ਦੀ ਧਰਮ ਤੇ ਸਿਆਸਤ ਇਕੱਠੀ ਹੈ ਜੋ ਮੀਰੀ-ਪੀਰੀ ਦੇ ਸਿਧਾਂਤ 'ਤੇ ਹੈ। ਪੰਜਾਬੀ ਸੂਬਾ ਬਣਨ ਤੋਂ ਬਾਅਦ ਸਿੱਖ ਕੌਮ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ, ਜਸਟਿਸ ਗੁਰਨਾਮ ਸਿੰਘ, ਲਛਮਣ ਸਿੰਘ ਗਿੱਲ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਰਜੀਤ ਸਿੰਘ ਬਰਨਾਲਾ ਬਣਾਏ। ਇਹ ਮੁੱਖ ਮੰਤਰੀ ਕਿਸੇ ਨਾ ਰੂਪ ਵਿਚ ਕੇਂਦਰ ਸਰਕਾਰ ਦੀਆਂ ਕਠਪੁਤਲੀਆਂ ਵਜੋਂ ਕੰਮ ਕਰਦੇ ਰਹੇ। ਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਸਿੱਖੀ ਦਾ ਨਿਘਾਰ ਸੱਭ ਤੋਂ ਜ਼ਿਆਦਾ ਹੋਇਆ। ਸੁਰਜੀਤ ਸਿੰਘ ਬਰਨਾਲਾ ਨੇ ਸਰਕਾਰ ਬਚਾਉਣ ਲਈ ਪੁਲਿਸ ਦਰਬਾਰ ਸਾਹਿਬ ਦਾਖ਼ਲ ਕਰਾ ਦਿਤੀ
ਪਰ ਬਾਅਦ ਵਿਚ ਉਸ ਦੀ ਸਰਕਾਰ ਨੂੰ ਰਾਜੀਵ ਗਾਂਧੀ ਨੇ ਡੇਗ ਦਿਤਾ। ਲੰਮੇ ਸਮੇਂ ਦੇ ਗਵਰਨਰੀ ਤੇ ਰਾਸ਼ਟਰਪਤੀ ਰਾਜ ਦਾ ਸਾਹਮਣਾ ਪੰਜਾਬ ਨੇ ਕੀਤਾ। ਇਸ ਦੌਰ 'ਚ ਸਿੱਖੀ ਦਾ ਬਹੁਤ ਨੁਕਸਾਨ ਹੋਇਆ। ਚੋਟੀ ਦੇ ਅਕਾਲੀ ਆਗੂਆਂ ਜਥੇਦਾਰ ਮੋਹਨ ਸਿੰਘ ਤੁੜ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਡਰ ਕੇ ਹਕੂਮਤ ਕੀਤੀ ਪਰ ਉਕਤ ਅਕਾਲੀ ਆਗੂਆਂ ਦੇ ਸਦੀਵੀ ਵਿਛੋੜੇ ਮਗਰੋਂ ਬਾਦਲ ਪਰਵਾਰ ਨੇ ਮਨਮਰਜ਼ੀਆਂ ਕੀਤੀਆਂ।
ਸਿੱਖੀ ਤੇ ਮੀਰੀ-ਪੀਰੀ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਅਤੇ ਉਨ੍ਹਾਂ ਵਲੋਂ ਮੁਕੰਮਲ ਕਬਜ਼ਾ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ 'ਤੇ ਕੀਤਾ। ਬਾਦਲਾਂ ਨੇ ਅਪਣੀ ਮਨਮਰਜ਼ੀ ਦੇ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾਇਆ। ਤਖ਼ਤਾਂ ਦੇ ਜਥੇਦਾਰਾਂ ਨੂੰ ਚੰਡੀਗੜ੍ਹ ਸਰਕਾਰੀ ਕੋਠੀਆਂ 'ਚ ਸੱਦ ਕੇ ਆਦੇਸ਼ ਦਿੰਦੇ ਰਹੇ। 10 ਸਾਲਾ ਦੌਰ ਵਿਚ ਕਮੇਟੀ ਦੇ ਪ੍ਰਧਾਨਾਂ ਅਤੇ ਤਖ਼ਤਾਂ ਦੇ ਜਥੇਦਾਰਾਂ ਦਾ ਸਿਆਸੀਕਰਨ ਕੀਤਾ ਗਿਆ। ਇਸ ਸਿਆਸੀਕਰਨ ਨਾਲ ਸਿੱਖਾਂ ਦਾ ਮੀਰੀ-ਪੀਰੀ ਦਾ ਸਿਧਾਂਤ ਇਕ ਪਾਸੇ ਕਰ ਦਿਤਾ ਗਿਆ। ਬਾਦਲਾਂ ਦੇ ਰਾਜ ਵਿਚ ਬੇਅਦਬੀਆਂ ਹੋਈਆਂ ਪਰ ਇਨਸਾਫ਼ ਨਾ ਮਿਲਿਆ।
ਨਿਆਂ ਦੇਣ ਦੀ ਥਾਂ ਸਿੱਖ ਵਿਰੋਧੀ ਸੌਦਾ-ਸਾਧ ਅੱਗੇ ਬਾਦਲਾਂ ਨੇ ਵੋਟਾਂ ਖ਼ਾਤਰ ਗੋਡੇ ਟੇਕੇ। ਸੌਦਾ ਸਾਧ ਨੇ ਸਿੱਖੀ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਟਿੱਚ ਸਮਝਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਬਾਦਲਾਂ ਦੇ ਰਾਜ 'ਚ ਸਿੱਖੀ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਭਾਜਪਾ ਅਤੇ ਆਰਐਸਐਸ ਕਾਰਨ ਹੋਇਆ ਜੋ ਸਿੱਖ ਵਿਰੋਧੀ ਸੋਚ ਰਖਦੇ ਹਨ ਪਰ ਅਫ਼ਸੋਸ ਹੈ
ਕਿ ਸਿੱਖ ਧਾਰਮਕ ਆਗੂਆਂ ਅਤੇ ਤਖ਼ਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਪ੍ਰਧਾਨਾਂ ਸਿੱਖ ਕੌਂਮ ਦੀ ਥਾਂ ਬਾਦਲਾਂ ਨੂੰ ਹੀ ਪੂਜਣਾ ਸ਼ੁਰੂ ਕਰ ਦਿਤਾ ਜਿਸ ਨਾਲ ਮੀਰੀ-ਪੀਰੀ ਸਿਧਾਂਤ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਸਿੱਖ ਕੌਮ ਬਾਦਲਾਂ ਤੋਂ ਪਾਸਾ ਵੱਟਣ ਲੱਗ ਪਈ। ਪੰਥਕ ਸੰਗਠਨ ਵੀ ਅਤੇ ਬਰਗਾੜੀ ਮੋਰਚੇ ਦੇ ਜਥੇਦਾਰ ਵੀ ਸਿੱਖ ਕੌਮ ਦੀਆਂ ਆਸਾਂ 'ਤੇ ਖਰ੍ਹੇ ਨਹੀਂ ਉਤਰੇ। ਇਸ ਕਾਰਨ ਸਿੱਖ ਕੌਮ ਭੰਬਲਭੂਸੇ 'ਚ ਫਸੀ ਹੈ।
ਬਾਦਲ ਦੀਆਂ ਅਜੀਬ ਗੱਲਾਂ:
ਗੁਰੂ ਘਰ ਭੁੱਲਾਂ ਬਖ਼ਸ਼ਾਉਣ ਬਾਅਦ ਬਾਦਲ ਦਾ ਅਜੀਬ ਕਿਸਮ ਦਾ ਬਿਆਨ ਆਇਆ ਕਿ ਜਿਸ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਹੈ, ਉਸ ਕੋਲ ਹੀ ਅਸਲੀ ਅਕਾਲੀ ਦਲ ਹੈ। ਇਸ ਬਿਆਨ ਦੀ ਸਿੱਖ ਹਲਕਿਆਂ ਵਿਚ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਪਾਰਟੀ ਜਾਂ ਸੈਕੂਲਰ ਪਾਰਟੀ ਬਣਾਉਣ ਵਾਲੇ ਬਾਦਲ ਹੁਣ ਫਿਰ ਧਰਮ ਦਾ ਪੱਤਾ ਖੇਡ ਰਹੇ ਹਨ।
Comments (0)
Facebook Comments (0)