ਪਿੰਡ ਮੁੰਡੀਆਂ ਵਾਸੀਆਂ ਵੱਲੋਂ ਨਵੇਂ ਸਰਪੰਚ ਦੇ ਬਾਈਕਾਟ ਦਾ ਐਲਾਨ

ਪਿੰਡ ਮੁੰਡੀਆਂ ਵਾਸੀਆਂ ਵੱਲੋਂ ਨਵੇਂ ਸਰਪੰਚ ਦੇ ਬਾਈਕਾਟ ਦਾ ਐਲਾਨ

ਲੁਧਿਆਣਾ, 3 ਜਨਵਰੀ
ਚੰਡੀਗੜ੍ਹ ਰੋਡ ਸਥਿਤ ਪਿੰਡ ਮੁੰਡੀਆਂ ਦੇ ਵਸਨੀਕਾਂ ਨੇ ਅੱਜ ਮੀਟਿੰਗ ਕਰਕੇ ਮੰਗ ਕੀਤੀ ਹੈ ਕਿ ਪਿੰਡ ਮੁੰਡੀਆਂ ਪੰਚਾਇਤ ਦੀ ਚੋਣ ਮੁੜ ਕਰਾਈ ਜਾਵੇ ਕਿਉਂਕਿ ਜ਼ਿਲ੍ਹਾ ਅਧਿਕਾਰੀਆਂ ਦੀ ਸ਼ਹਿ ’ਤੇ ਚੋਣ ਅਮਲੇ ਵੱਲੋਂ ਜੇਤੂ ਸਰਪੰਚ ਦੀ ਮਦਦ ਕਰਕੇ ਉਸਨੂੰ ਜੇਤੂ ਐਲਾਨਿਆ ਗਿਆ ਹੈ।
ਪਿੰਡ ਮੁੰਡੀਆਂ ਵਿਚ ਹੋਏ ਇਕੱਠ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਮੁੜ ਚੋਣ ਸੰਭਵ ਨਹੀਂ ਤਾਂ ਉਚ ਅਧਿਕਾਰੀਆਂ ਦੀ ਹਾਜ਼ਰੀ ਵਿਚ ਵੋਟਾਂ ਦੀ ਗਿਣਤੀ ਮੁੜ ਕਰਾਈ ਜਾਵੇ, ਨਹੀਂ ਤਾਂ ਪਿੰਡ ਵਾਸੀ ਨਵੇਂ ਸਰਪੰਚ ਦਾ ਮੁਕੰਮਲ ਬਾਈਕਾਟ ਕਰਨਗੇ।
ਇਸ ਮੌਕੇ ਸਰਪੰਚ ਦੀ ਚੋਣ 18 ਵੋਟਾਂ ਨਾਲ ਹਾਰਨ ਵਾਲੇ ਆਜ਼ਾਦ ਉਮੀਦਵਾਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਚੋਣ ਅਧਿਕਾਰੀਆਂ ਨੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਉਨ੍ਹਾਂ ਦੀਆਂ ਵੋਟਾਂ ਖੁਰਦ ਬੁਰਦ ਕੀਤੀਆਂ ਹਨ ਜਦ ਕਿ ਜੇਤੂ ਉਮੀਦਵਾਰ ਦੇ ਹਾਰੇ ਜਾਣ ਦੇ ਬਾਵਜੂਦ ਉਸ ਨੂੰ ਜੇਤੂ ਐਲਾਨਿਆ ਗਿਆ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਪਹਿਲਾਂ ਹੀ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਸ਼ਿਕਾਇਤ ਦੇ ਕੇ ਖਦਸ਼ਾ ਪ੍ਰਗਟ ਕੀਤਾ ਗਿਆ ਸੀ ਕਿ ਵੋਟਾਂ ਦੀ ਗਿਣਤੀ ਸਮੇਂ ਉਸ ਉਮੀਦਵਾਰ ਵੱਲੋਂ ਹੇਰਾਫੇਰੀ ਕੀਤੀ ਜਾ ਸਕਦੀ ਹੈ ਪਰ ਉਸ ਸਮੇਂ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਦੇ ਦੋ ਬੂਥਾਂ ’ਤੇ ਵੋਟਾਂ ਪਈਆਂ ਸਨ। ਗਿਣਤੀ ਵੇਲੇ ਅਮਲੇ ਨੇ ਇੱਕ ਬੂਥ ਦੀਆਂ ਗਿਣੀਆਂ ਹੋਈਆਂ ਵੋਟਾਂ ਦਾ ਇੱਕ ਬੰਡਲ ਚੁੱਕਕੇ ਦੂਜੇ ਬੂਥ ਦੀਆਂ ਵੋਟਾਂ ਵਿੱਚ ਰੱਖ ਦਿੱਤਾ ਅਤੇ ਉਸ ਦੀਆਂ ਵੋਟਾਂ ਦਾ ਬੰਡਲ ਗਾਇਬ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਉਸਨੇ ਨਤੀਜੇ ਉਪਰ ਦਸਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਸਮੇਤ ਹੋਰ ਉਮੀਦਵਾਰਾਂ ਨੂੰ 3 ਘੰਟੇ ਤੋਂ ਵੱਧ ਸਮਾਂ ਜਬਰੀ ਰੋਕੀ ਰੱਖਿਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਵਿਰੋਧ ਨੂੰ ਵੇਖਦਿਆਂ ਅਮਲੇ ਨੇ ਜੇਤੂ ਸਰਪੰਚ ਨੂੰ ਕੰਧ ਟਪਾ ਕੇ ਭਜਾ ਦਿੱਤਾ ਗਿਆ। ਇਸ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਬਾਰੇ ਸ਼ਿਕਾਇਤ ਮਿਲਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।