
ਧਰਮ ਤੇ ਦਲਿੱਦਰ
Sun 14 Apr, 2019 0
ਪੁਰਾਣੇ ਸਮਿਆਂ ਦੀ ਜਾਂ ਇੰਝ ਕਹਿ ਲਉ ਕਿ ਭਲੇ ਸਮਿਆਂ ਦੀ ਗੱਲ ਕਰੀਏ ਜਦੋਂ ਆਮ ਤੌਰ ਉਤੇ ਰਾਜੇ ਹੁੰਦੇ ਸਨ, ਧਰਮੀ, ਪਰਜਾ ਹੁੰਦੀ ਸੀ, ਭੋਲੀ ਪਰ ਅੱਜ ਦੀ ਪੜ੍ਹੀ-ਲਿਖੀ ਸਭਿਅਤਾ ਤੋਂ ਕਿਤੇ ਵੱਧ ਵਿਲੱਖਣਤਾ ਵਾਲੀ, ਧੀਰਜ ਵਾਲੀ, ਮਿਲਣਸਾਰ ਪਰ ਸੀ ਸੱਚ ਤੇ ਇਮਾਨ ਦੀ ਦੀਵਾਰ। ਇਹ ਗੱਲ ਉਨ੍ਹਾਂ ਹੀ ਸਮਿਆਂ ਦੀ ਹੈ ਜਦੋਂ ਇਕ ਧਰਮੀ ਰਾਜੇ ਉਦੇਸ਼ ਹੁੰਦਾ ਸੀ ਕਿ ਪਰਜਾ ਦਾ ਹਰ ਬਸ਼ਰ ਸੁਖੀ ਹੋਵੇ ਤੇ ਜੇਕਰ ਕੋਈ ਆਂਢ-ਗੁਆਂਢ ਦੇ ਰਾਜ ਵਿਚ ਦੁੱਖ ਆ ਜਾਵੇ ਤਾਂ ਉਸ ਦੀ ਵੀ ਮਦਦ ਕਰਨਾ।
ਉਸ ਨੇ ਰਾਜ ਵਿਚ ਕਿਹਾ ਹੋਇਆ ਸੀ ਕਿ ਜੇਕਰ ਕਿਸੇ ਦਾ ਸਮਾਨ ਨਾ ਵਿਕਦਾ ਹੋਵੇ ਤਾਂ ਉਹ ਖ਼ਰੀਦ ਲਿਆ ਜਾਵੇ ਤੇ ਭੁਗਤਾਨ ਸਰਕਾਰੀ ਖਜ਼ਾਨੇ ਵਿਚੋਂ ਕਰ ਦਿਤਾ ਜਾਵੇ। ਇਸ ਰਾਜ ਦੀ ਏਨੀ ਵਡਿਆਈ ਈਰਖਾਵਾਨ ਗੁਆਂਢੀ ਰਾਜਿਆਂ ਤੋਂ ਬਰਦਾਸ਼ਤ ਨਾ ਹੋਈ ਤੇ ਉਨ੍ਹਾਂ ਨੇ ਅਪਣੀ ਮੰਦਬੁਧੀ ਨਾਲ ਵਿਉਂਤਾਂ ਘੜਨੀਆਂ ਸ਼ੁਰੂ ਕੀਤੀਆਂ ਕਿ ਕਿਵੇਂ ਨਾ ਕਿਵੇਂ ਇਸ ਰਾਜੇ ਦੀ ਮਾਣ-ਮੁਰਿਆਦਾ ਨੂੰ ਭੰਗ ਕਰਵਾਇਆ ਜਾਵੇ। ਖ਼ੈਰ, ਸ਼ੈਤਾਨੀ ਦਿਮਾਗ਼ ਦੀ ਕਾਰਵਾਈ ਸ਼ੁਰੂ ਹੋਈ ਤੇ ਇਕ ਆਦਮੀ ਨੂੰ ਰਾਜ ਦੇ ਅੰਦਰ ਦਾਖ਼ਲ ਕਰ ਦਿਤਾ ਜਿਸ ਨੇ ਇਹ ਹੋਕਾ ਦਿਤਾ ਕਿ ਦੱਲਿਦਰ ਲੈ ਲਉ ਭਾਈ.... ਦਲਿੱਦਰ ਲੈ ਲਉ।
ਸੱਭ ਨੇ ਸੁਣਿਆ ਕਿ ਇਹ ਆਦਮੀ ਕਿਹੋ ਜਿਹੀ ਹਾਸੋਹੀਣੀ ਗੱਲ ਕਰਦਾ ਹੈ। ਦੱਲਿਦਰ ਵੀ ਕੋਈ ਮੁੱਲ ਲੈਣ ਵਾਲੀ ਸ਼ੈਅ ਹੈ। ਆਦਮੀ ਬਹੁਤ ਤਰਲੇ ਪਾਉਣ ਲੱਗਾ ਕਿ ਉਸ ਦੀ ਫ਼ਰਿਆਦ ਮਹਾਰਾਜ ਅੱਗੇ ਕਰਵਾ ਦਿਉ, ਉਹ ਜ਼ਰੂਰ ਉਸ ਦੀ ਮਦਦ ਕਰਨਗੇ। ਖ਼ੈਰ, ਮਸਲਾ ਸ਼ਾਹੀ ਮਹਿਲਾਂ ਤਕ ਪਹੁੰਚ ਗਿਆ ਤੇ ਮਹਾਰਾਜ ਨੇ ਹੁਕਮ ਦਿਤਾ ਕਿ ਇਸ ਵਿਅਕਤੀ ਦਾ ਸਮਾਨ ਖ਼ਰੀਦ ਲਿਆ ਜਾਵੇ। ਆਦਮੀ ਖ਼ੁਸ਼ੀ-ਖ਼ੁਸ਼ੀ ਵਿਦਾ ਹੋਇਆ ਤੇ ਦਿਲ ਵਿਚ ਸੋਚ ਰਿਹਾ ਸੀ ਕਿ ਉਹ ਅਪਣੇ ਸ਼ੈਤਾਨੀ ਮਨਸੂਬੇ ਵਿਚ ਕਾਮਯਾਬ ਰਿਹਾ। ਉਧਰ ਲੋਕ ਅਪਣੇ ਮਹਾਰਾਜ ਪ੍ਰਤੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਵਿਚ ਰੁੱਝ ਗਏ।
ਕੰਨੀ ਪਈਆਂ ਗੱਲਾਂ ਦਾ ਰਾਜੇ ਉੱਪਰ ਕੋਈ ਅਸਰ ਨਾ ਹੋਇਆ। ਪਰ ਰਾਜਾ ਆਰਾਮ ਦੀ ਨੀਂਦ ਸੋਂ ਗਿਆ। ਪ੍ਰਭਾਤ ਵੇਲੇ ਜਦੋਂ ਰਾਜਾ ਸੋਂ ਰਿਹਾ ਸੀ ਤਾਂ ਇਕ ਦੇਵੀ ਦਾ ਰੂਪ ਧਾਰਨ ਕੀਤੀ ਇਸਤਰੀ ਹਾਜ਼ਰ ਹੋਈ ਅਤੇ ਕਿਹਾ, ''ਮਹਾਰਾਜ ਕੀ ਜੈ ਹੋ।''ਰਾਜਾ ਉੱਠ ਕੇ ਬੈਠ ਗਿਆ ਤੇ ਪੁਛਿਆ ਕਿ ''ਕੌਣ ਹੋ ਤੁਸੀ?''ਬੀਬੀ ਕਹਿਣ ਲੱਗੀ, ''ਮਹਾਰਾਜ ਮੈਂ ਮਾਇਆ ਹਾਂ ਤੇ ਹੁਣ ਇਥੋਂ ਜਾ ਰਹੀ ਹਾਂ, ਮੈਨੂੰ ਆਗਿਆ ਦਿਉ।''ਰਾਜਾ ਬੜੇ ਹੈਰਾਨ ਹੋਇਆ ਕਿ ਤੈਨੂੰ ਇਥੇ ਕੀ ਦੁੱਖ ਜਾਂ ਤਕਲੀਫ਼ ਹੈ? ਬੀਬੀ ਕਹਿਣ ਲੱਗੀ, ''ਜੀ ਤੁਹਾਡੇ ਰਾਜ ਵਿਚ ਦਲਿੱਦਰ ਆਣ ਵੜਿਆ ਹੈ ਅਤੇ ਜਿਥੇ ਦਲਿੱਦਰ ਹੋਵੇ, ਮੈਂ ਉਥੇ ਨਹੀਂ ਰਹਿ ਸਕਦੀ।
ਇਸ ਕਰ ਕੇ ਮੈਨੂੰ ਇਜਾਜ਼ਤ ਦਿਉ ਜੀ।'' ਰਾਜਾ ਕਹਿਣ ਲੱਗਾ, ਠੀਕ ਹੈ ਜੇ ਤੂੰ ਜਾਣਾ ਹੀ ਚਾਹੁੰਦੀ ਹੈ ਤਾਂ ਮੇਰੇ ਵਲੋਂ ਕੋਈ ਰੁਕਾਵਟ ਨਹੀਂ। ਇਹ ਗੱਲ ਸੁਣ ਕੇ ਬੀਬੀ ਨੇ ਸਿਰ ਨਿਵਾਇਆ ਤੇ ਗਾਇਬ ਹੋ ਗਈ। ਥੋੜੀ ਦੇਰ ਬਾਅਦ ਇਕ ਹੋਰ ਸਖ਼ਸ਼ ਹਾਜ਼ਰ ਹੋਇਆ, ''ਮਹਾਰਾਜ ਕੀ ਜੈ ਹੋ।''ਰਾਜਾ ਕਹਿਣ ਲੱਗਿਆ, ''ਹਾਂ ਬਈ ਤੁਸੀਂ ਕੌਣ ਹੋ?''“ਜੀ, ਮੈਂ ਉਦਮ ਹਾਂ ਤੇ ਇਥੋਂ ਜਾਣ ਦੀ ਇਜਾਜ਼ਤ ਚਾਹੁੰਦਾ ਹਾਂ ਜੀ ਕਿਉਂਕਿ ਜਿਥੇ ਦਲਿੱਦਰ ਹੋਵੇ, ਉਥੇ ਮੈਂ ਨਹੀਂ ਰਹਿ ਸਕਦਾ, ਇਸ ਕਰ ਕੇ ਮੈਨੂੰ ਇਥੋਂ ਜਾਣ ਦੀ ਆਗਿਆ ਦਿਤੀ ਜਾਵੇ ਜੀ।''ਰਾਜਾ, ''ਠੀਕ ਹੈ ਭਾਈ ਤੂੰ ਵੀ ਜਾਹ।''
ਰਾਜ ਦੀ ਮਾਲੀ ਹਾਲਤ ਕਮਜ਼ੋਰ ਹੋਣ ਲਗੀ ਤੇ ਸਾੜਾ ਕਰਨ ਵਾਲੇ ਗੁਆਂਢੀ ਰਾਜ ਖ਼ੁਸ਼ ਹੋ ਰਹੇ ਸਨ। ਇਕ ਦਿਨ ਪ੍ਰਭਾਤ ਵੇਲੇ ਰਾਜੇ ਦੇ ਸਾਹਮਣੇ ਇਕ ਸ਼ਖ਼ਸ ਪ੍ਰਗਟ ਹੋਇਆ, ''ਮਹਾਰਾਜ ਕੀ ਜੈ ਹੋ।''ਰਾਜਾ, ''ਹਾਂ ਬਈ ਤੂੰ ਕੌਣ?''“ਜੀ ਮੈਂ ਧਰਮ ਹਾਂ ਤੇ ਇਥੋਂ ਜਾਣ ਦਾ ਮਨ ਬਣਾ ਲਿਆ ਹੈ।” “ਉਹ ਕਿਉਂ ਬਈ?” ਰਾਜੇ ਨੇ ਪੁਛਿਆ।
“ਕਿਉਂਕਿ ਇਸ ਰਾਜ ਵਿਚ ਦਲਿੱਦਰ ਆਣ ਵੜਿਆ ਹੈ ਤੇ ਜਿਥੇ ਦਲਿੱਦਰ ਹੋਵੇ, ਉਥੇ ਮੈਂ ਨਹੀਂ ਰਹਿ ਸਕਦਾ-ਇਸ ਕਰ ਕੇ ਮੈਨੂੰ ਜਾਣ ਦੀ ਆਗਿਆ ਦਿਉ ਜੀ।” ਰਾਜਾ ਚੇਤੰਨ ਹੋ ਕੇ ਬੈਠ ਗਿਆ ਤੇ ਹੁਕਮ ਕੀਤਾ ਕਿ ''ਤੂੰ ਨਹੀਂ ਜਾ ਸਕਦਾ। ਕਿਉਂਕਿ ਤੈਨੂੰ ਇਥੇ ਰੱਖਣ ਲਈ ਹੀ ਤਾਂ ਮੈਂ ਦਲਿੱਦਰ ਖਰੀਦਿਆ ਸੀ।
ਜੇ ਮੈਂ ਦਲਿੱਦਰ ਨਾ ਖਰੀਦਦਾ ਤਾਂ ਮੇਰਾ ਧਰਮ ਮਤਲਬ ਤੂੰ ਤਾਂ ਉਸੇ ਵੇਲੇ ਖ਼ਤਮ ਸੀ, ਓ ਭਲਿਆ ਮਾਣਸਾ! ਤੈਨੂੰ ਬਚਾਉਣ ਲਈ ਹੀ ਤਾਂ ਮੈਂ ਦਲਿੱਦਰ ਖ੍ਰੀਦਿਆ ਸੀ ਕਿਉਂਕਿ ਮੇਰਾ ਧਰਮ ਹੈ ਮੈਂ ਕਿਸੇ ਨੂੰ ਵੀ ਨਿਰਾਸ਼ ਨਹੀਂ ਵੇਖ ਸਕਦਾ, ਕਿਸੇ ਨੂੰ ਦੁਖੀ ਨਹੀਂ ਵੇਖ ਸਕਦਾ, ਇਸ ਕਰ ਕੇ ਤੂੰ ਕਿਵੇਂ ਜਾ ਸਕਦਾ ਹੈਂ?''ਰਾਜੇ ਦੀ ਇਹ ਗੱਲ ਸੁਣ ਕੇ ਧਰਮ ਦੇ ਹੋਸ਼ ਟਿਕਾਣੇ ਆ ਗਏ। ''ਹੈਂਅ! ਮੈਂ ਇਹ ਕੀ ਕਰਨ ਲੱਗਾ ਸਾਂ?'' ਅਪਣੇ ਆਪ ਨੂੰ ਕੋਸਣ ਲੱਗਾ ਤੇ ਕਹਿਣ ਲੱਗਾ, ''ਜੀ ਬਹੁਤ ਵੱਡੀ ਭੁੱਲ ਹੋ ਗਈ ਮੈਥੋਂ-ਉਸ ਦੀ ਮੁਆਫ਼ੀ ਦਿਉ ਤੇ ਇਜਾਜ਼ਤ ਦਿਉ ਕਿ ਮੈਂ ਮਾਇਆ, ਉੱਦਮ ਤੇ ਸੱਚ ਨੂੰ ਵੀ ਮੋੜ ਲਿਆਵਾਂ।''
ਰਾਜਾ ਕਹਿਣ ਲੱਗਾ, ''ਪੁੱਤਰ ਤੁਸੀ ਸਾਰੀਆਂ ਤਾਕਤਾਂ ਮਿਲ ਕੇ ਇਕ ਦਲਿੱਦਰ ਨੂੰ ਭਜਾ ਨਹੀਂ ਸਕੇ ਪਰ ਇਸ ਦੇ ਉਲਟ ਇਕ ਦਲਿੱਦਰ ਤੋਂ ਡਰ ਕੇ ਖ਼ੁਦ ਸਾਰੇ ਭੱਜਣ ਲਈ ਤਿਆਰ ਹੋ ਗਏ ਹੋ।''ਖ਼ੈਰ ਧਰਮ ਨੇ ਮੁਆਫ਼ੀ ਮੰਗਦੇ ਹੋਏ ਵਿਦਾ ਮੰਗੀ ਤੇ ਮਾਇਆ ਤੇ ਉਦਮ ਨੂੰ ਵਾਪਸ ਲੈ ਆਇਆ। ਇਨ੍ਹਾਂ ਦੀ ਏਕਤਾ ਵੇਖ ਕੇ ਦਲਿੱਦਰ ਨੂੰ ਉੱਥੋਂ ਅਪਣੇ ਆਪ ਭਜਣਾ ਪੈ ਗਿਆ। ਇਹ ਗੱਲ ਭਾਵੇਂ ਪੁਰਾਣੇ ਸਮਿਆਂ ਦੀ ਹੈ ਪਰ ਅੱਜ ਸਾਡੀ ਜ਼ਿੰਦਗੀ ਵਿਚ ਬਹੁਤੀ ਹੀ ਨੇੜੇ ਤੋਂ ਢੁਕਦੀ ਹੈ। ਸਾਡੀਆਂ ਬੇ-ਸ਼ੁਮਾਰ ਮੁਸ਼ਕਲਾਂ ਦਾ ਕਾਰਨ ਹੈ ਸਾਡਾ ਦਲਿੱਦਰ। ਸਾਡਾ ਧਰਮ ਕਿਸੇ ਵੀ ਉੱਚੀ ਥਾਂ ਖੜਦਾ ਨਹੀਂ ਦਿਸਦਾ।
ਇਕ ਗੱਲ ਅਸੀ ਇਕ ਬੰਦੇ ਦੇ ਸਾਹਮਣੇ ਹੋਰ ਰੂਪ ਵਿਚ ਕਰਦੇ ਹਾਂ ਤੇ ਦੂਜੇ, ਤੀਜੇ ਬੰਦੇ ਦੇ ਸਾਹਮਣੇ ਹੋਰ ਰੂਪ ਵਿਚ ਪੇਸ਼ ਕਰਦੇ ਹਾਂ। ਸਾਡਾ ਧਰਮ ਏਨਾ ਪਤਲਾ ਹੁੰਦਾ ਜਾ ਰਿਹਾ ਹੈ ਕਿ ਅਪਣੀ ਹੀ ਗੱਲ ਤੋਂ ਮੁਕਰਨ ਲਈ ਸੌ ਬਹਾਨੇ ਘੜਨ ਦੀ ਸਮਰੱਥਾ ਤਾਂ ਸਾਡੇ ਵਿਚ ਆ ਜਾਂਦੀ ਹੈ ਪਰ ਉਸ ਇਕ ਗੱਲ ਉਪਰ ਪੂਰਾ ਉਤਰ ਕੇ ਧਰਮ ਬਚਾਉਣਾ ਡਾਹਢਾ-ਔਖਾ ਮਹਿਸੂਸ ਕਰਦੇ ਹਾਂ। ਧਰਮ ਦੀ ਤਸਵੀਰ ਦੀ ਪੂਜਾ ਕਰਨੀ ਧਰਮ ਨਹੀਂ ਬਲਕਿ ਇਸ ਨੂੰ ਪੱਲੇ ਬੰਨ੍ਹਣਾ ਧਰਮ ਹੈ।
ਧਰਮ ਦੇ ਉਪਦੇਸ ਦੇਣੇ ਧਰਮ ਨਹੀਂ ਬਲਕਿ ਆਪੇ ਨੂੰ ਉਸ ਮੁਤਾਬਕ ਢਾਲਣਾ ਹੀ ਤਾਂ ਧਰਮ ਹੈ । ਧਰਮ ਦਾ ਪੱਲਾ ਜੇਕਰ ਫੜ ਲੈਣ ਤਾਂ ਮੇਰੇ ਪਿੰਡਾਂ ਦੇ ਜਵਾਨ ਅੱਜ ਨਸ਼ਿਆਂ ਤੇ ਕੁਰੀਤੀਆਂ ਦੇ ਰਾਹ ਤੋਂ ਮੁਕਤ ਸਮਝੋ। ਦਲਿੱਦਰ ਕਾਰਨ ਉਨ੍ਹਾਂ ਦੀ ਭੁੱਖ-ਨੰਗ ਤੇ ਬਦਨਾਮੀ ਕੱਲ ਦੀ ਗੱਲ ਬਣ ਕੇ ਰਹਿ ਜਾਵੇਗੀ ਤੇ ਸਾਂਵੀਂ-ਪੱਧਰੀ ਜ਼ਿੰਦਗੀ ਦਾ ਰਾਹ ਮੋਕਲਾ ਹੀ ਮੋਕਲਾ।
ਵੇਖੇ-ਵਿਖਾਏ ਤੇ ਕਹੇ-ਕਹਾਏ, ਜਿਸ ਲਾਈ ਗੱਲੀਂ, ਉਸੇ ਨਾਲ ਉਠ ਚੱਲੀ,
ਦਲਿੱਦਰ ਦੇ ਮਾਰੇ ਭਟਕ ਗਏ ਹਾਂ, ਨਸ਼ਿਆਂ ਦੇ ਵਿਚ ਅਟਕ ਗਏ ਹਾਂ,
ਪਛੋਤਾਏ ਕੁੱਝ ਨਹੀਂ ਜੇ ਬਣਨਾ, ਚਿੜੀਆਂ ਨੇ ਜਦ ਖੇਤ ਹੀ ਉਡਾਏ।
ਮਾਪਿਆਂ ਦਾ ਧਰਮ ਕਦੇ ਇਸ ਗੱਲ ਦੀ ਇਜਾਜ਼ਤ ਨਹੀਂ ਦੇਂਦਾ ਕਿ ਉਹ ਅਪਣੇ ਬੱਚਿਆਂ ਉਪਰ ਬਾਜ਼ ਅੱਖ ਨਾ ਰੱਖਣ। ਬੱਚੇ ਨੂੰ ਕਿਹੋ ਜਿਹੀ ਸੇਧ ਦੇਣੀ ਹੈ, ਕਿਹੋ ਜਿਹੇ ਖਿਆਲਾਤ ਤੇ ਸੰਸਕ੍ਰਿਤੀ ਤੋਂ ਜਾਗਰੂਕ ਕਰਾਉਣਾ ਹੈ, ਕਿਹੋ ਜਿਹੀਆਂ ਕਦਰਾਂ-ਕੀਮਤਾਂ ਨੂੰ ਪਰਖਣਾ ਹੈ ਤੇ ਉਨ੍ਹਾਂ ਨਾਲ ਦੋ-ਚਾਰ ਹੋਣਾ ਹੈ, ਇਸ ਸੱਭ ਦੀ ਮੁਢਲੀ ਜ਼ਿੰਮੇਵਾਰੀ ਧਰਮ ਜਾਂ ਮਾਪਿਆਂ ਉਤੇ ਆਉਂਦੀ ਹੈ। ਜੇਕਰ ਬਾਪ ਨੇ ਹੱਲ ਦੀ ਹੱਥੀ ਹੀ ਫੜੀ ਨਾ ਹੋਵੇ, ਕਹੀ ਮੋਢੇ ਉਤੇ ਰਖੀ ਹੀ ਨਾ ਹੋਵੇ ਤੇ ਦਾਰੂ ਨਾਲੋਂ ਯਾਰੀ ਛਡੀ ਹੀ ਨਾ ਹੋਵੇ ਤਾਂ ਉਮੀਦ ਕਰੇ ਕਿ ਉਸ ਦਾ ਪੁੱਤਰ ਇਕ ਦਰਵੇਸ਼ ਬਣ ਕੇ ਸਾਹਮਣੇ ਆ ਜਾਵੇਗਾ-ਇਹ ਇਕ ਖਿਆਲੀ ਪੁਲਾਉ ਤੋਂ ਵੱਧ ਕੁੱਝ ਨਹੀਂ ਹੋਵੇਗਾ।
ਇਕ ਦੁਕਾਨਦਾਰ ਦਾ ਧਰਮ ਹੈ ਗ੍ਰਾਹਕ ਨੂੰ ਸਹੀ ਸਮਾਨ ਵੇਚਣਾ ਤੇ ਮੁਨਾਫ਼ਾ ਵੀ ਵਾਜਬ ਲੈਣਾ ਪਰ ਉਸ ਦਾ ਧਰਮ ਤਾਂ ਦਿਨ ਵਿਚ ਹਰ ਨਵਾਂ ਗ੍ਰਾਹਕ ਆਉਣ ਨਾਲ ਟੁਟਦਾ ਹੈ। ਜਿਹੜੇ ਗ੍ਰਾਹਕ ਭੋਲੇ ਹਨ, ਖ਼ਾਸ ਕਰ ਕੇ ਪਿੰਡਾਂ ਦੇ, ਉਨ੍ਹਾਂ ਦੀ ਤਾਂ ਛਿੱਲ ਬਹੁਤੀ ਹੀ ਉਤਾਰੀ ਜਾਂਦੀ ਹੈ-ਵਿਚਾਰੇ ਜੀ... ਜੀ... ਕਰ ਕੇ ਪੱਲਾ ਲੁਟਾ ਕੇ ਦੁਕਾਨ ਵਿਚੋਂ ਬਾਹਰ ਹੋ ਜਾਂਦੇ ਹਨ। ਪ੍ਰੰਤੂ ਰਾਮ-ਰਾਮ! ਵਾਹਿਗੁਰੂ-ਵਾਹਿਗੁਰੂ ਕਹਿਣ ਵਾਲੇ ਧਰਮੀ ਦੁਕਾਨਦਾਰ ਅਪਣਾ ਧਰਮ ਅਤੇ ਈਮਾਨ ਗਵਾ ਬੈਠਦੇ ਹਨ। ਇਹ ਸੱਚ ਹੈ ਕਿ ਅੱਜ ਧਰਮ ਦੀਆਂ ਲੱਤਾਂ ਬਾਹਾਂ ਟੁੱਟ ਚੁੱਕੀਆਂ ਹਨ ਤੇ ਉਹ ਸਿਰਫ਼ ਪੈਰ ਦੇ ਅਗੂੰਠੇ ਸਹਾਰੇ ਖੜਾ ਹੈ।
ਕੀ ਇਹ ਸੱਭ ਕੁੱਝ ਧਰਮ ਨੇ ਸਿਖਾਇਆ ਹੈ? ਇਸ ਬੇ-ਧਰਮੀ ਵਾਲੇ ਮੁਨਾਫ਼ੇ ਨਾਲ ਐਸ਼ ਪ੍ਰਸਤੀ ਕੀਤੀ ਜਾਂਦੀ ਹੈ ਤੇ ਬੱਚਿਆਂ ਦੀਆਂ ਆਦਤਾਂ ਵਿਗੜਦੀਆਂ-ਵਿਗੜਦੀਆਂ ਏਨੀਆਂ ਵਿਗੜ ਜਾਂਦੀਆਂ ਹਨ ਕਿ ਇਹੋ ਬੱਚੇ ਕਾਬੂ ਤੋਂ ਬਾਹਰ ਹੋ ਜਾਂਦੇ ਹਨ। ਅਖ਼ੀਰ ਬੁਰੀ ਸੰਗਤ, ਬੁਰਾ ਬਣਾ ਹੀ ਦੇਂਦੀ ਹੈ। ਸਾਡੇ ਪਿੰਡਾਂ ਵਿਚ ਜਿਥੇ ਜ਼ਿਆਦਾ ਕਾਮਿਆਂ ਦੀ ਲੋੜ ਹੈ, ਉਥੇ ਤਾਂ ਠੀਕ ਹੈ ਕਿ ਮਜ਼ਦੂਰ ਲਗਾਉਣੇ ਬਣਦੇ ਹਨ ਪਰ ਵੇਖਿਆ ਇਹ ਗਿਆ ਹੈ ਕਿ ਛੋਟੇ ਜ਼ਿਮੀਂਦਾਰਾਂ ਦੇ ਬੱਚੇ ਵੀ ਵੇਖੇ-ਵਿਖਾਏ ਆਪ ਹੱਥੀਂ ਕੰਮ ਕਰਨ ਨੂੰ ਤਿਆਰ ਨਹੀਂ। ਦਲਿੱਦਰ ਨੂੰ ਆਵਾਜ਼ਾਂ ਤਾਂ ਉਹ ਆਪ ਮਾਰਦੇ ਹਨ।
ਇਨ੍ਹਾਂ ਹੀ ਬੱਚਿਆਂ ਉਪਰ ਤਾਂ ਸਾਰਾ ਦਾਰੋਮਦਾਰ ਹੁੰਦਾ ਹੈ ਮਾਪਿਆਂ ਦੇ ਦਿਨ ਬਦਲਣ ਦਾ ਪਰ ਜੇ ਇਹੋ ਬੱਚੇ ਅਪਣਾ ਧਰਮ ਨਾ ਪਾਲ ਕੇ ਮੋਟਰ ਸਾਈਕਲਾਂ ਉਤੇ ਘੁੰਮਦੇ ਰਹਿਣ ਤਾਂ ਹੁੰਦਾ ਇੰਜ ਹੈ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਖ਼ੁਦ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਂਦੇ ਹਨ। ਉਨ੍ਹਾਂ ਹੀ ਮਜ਼ਦੂਰਾਂ ਵਿਚ ਬੈਠ ਕੇ ਉਹੋ ਜਿਹੀਆਂ ਆਦਤਾਂ ਤੇ ਸੁਭਾਅ ਬਣ ਜਾਂਦੇ ਹਨ, ਲੀੜੇ ਫਟੇ ਹੋਏ ਤੇ ਮੋਟਰ ਸਾਈਕਲ ਦੀ ਜਗ੍ਹਾ ਜਾਂ ਤਾਂ ਪੈਦਲ ਤੇ ਜਾਂ ਟੁੱਟਾ ਜਿਹਾ ਸਾਈਕਲ ਤੇ ਭੱਦੇ ਜਿਹੇ ਝੋਲੇ ਵਿਚ ਰੋਟੀ ਦਾ ਡੱਬਾ। ਅਪਣੇ ਧਰਮ ਨੂੰ ਪਿੱਠ ਦੇਣ ਦਾ ਇਹ ਫੱਲ ਮਿਲਿਆ ਹੈ, ਜਾਂ ਇੰਜ ਕਹੋ ਕਿ ਅਪਣੇ ਫ਼ਰਜ਼ ਤੋਂ ਅਵੇਸਲੇ ਹੋਣ ਦਾ ਇਹ ਸ਼ਰਾਪ ਮਿਲਿਆ ਹੈ।
ਇਨ੍ਹਾਂ ਹੀ ਬੱਚਿਆਂ ਨੂੰ ਮਾਂਵਾਂ ਕਿੰਨੇ ਚਾਅ ਨਾਲ ਵਧੀਆ ਪਕਵਾਨ ਬਣਾ ਕੇ ਖੁਆਉਂਦੀਆਂ ਸਨ। ਦੁੱਧ, ਦਹੀਂ ਤੇ ਲੱਸੀ ਪਿਲਾਉਂਦੀਆਂ ਸਨ ਤੇ ਉੁਨ੍ਹਾਂ ਦੇ ਚਿਹਰਿਆਂ ਤੇ ਅੱਖਾਂ ਵਿਚੋਂ ਅਪਣਾ ਉਜਵਲ ਭਵਿੱਖ ਵੇਖਦੀਆਂ ਹੁੰਦੀਆਂ ਸਨ। ਪਰ ਹਾਏ! ਅੱਜ ਜਦੋਂ ਇਹੋ ਮਾਂਵਾਂ ਅਪਣੇ ਲਾਡਾਂ ਨਾਲ ਪਾਲੇ ਬੱਚਿਆਂ ਦੀ ਬਦਹਾਲੀ ਵੇਖਦੀਆਂ ਹਨ ਤਾਂ ਉਨ੍ਹਾਂ ਦਾ ਅੰਦਰ ਛਲਣੀ ਹੋ ਜਾਂਦਾ ਹੈ। ਅਪਣੇ ਬੱਚਿਆਂ ਨੂੰ ਕਿਸੇ ਮੁਕਾਮ ਉਤੇ ਵੇਖਣ ਦੀ ਤਾਂਘ ਉਨ੍ਹਾਂ ਦੇ ਹਿਰਦਿਆਂ ਵਿਚ ਹੀ ਸਿਮਟ ਕੇ ਰਹਿ ਜਾਂਦੀ ਹੈ।
ਅਪਣੇ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋਣ ਦਾ ਆਨੰਦ ਹੀ ਕੁੱਝ ਹੋਰ ਹੁੰਦਾ ਹੈ ਪਰ ਬਿਗਾਨੇ ਖੇਤ ਜਾਂ ਸ਼ਹਿਰ ਵਿਚ ਮਜ਼ਦੂਰੀ ਕਰਨੀ ਖ਼ੂਨ ਦੇ ਘੁੱਟ ਭਰਨ ਦੇ ਬਰਾਬਰ ਹੈ। ਜ਼ਿੰਦਗੀ ਦੇ ਹਸੀਨ ਸੁਪਨੇ ਚਕਨਾਚੂਰ ਹੋ ਕੇ ਰਹਿ ਜਾਂਦੇ ਹਨ। ਇਸ ਦੇ ਪਿੱਛੇ ਬੱਚਿਆਂ ਦੇ ਕੱਚੇ ਦਿਮਾਗ਼ ਦੀਆਂ ਕਰਤੂਤਾਂ ਤਾਂ ਹਨ ਹੀ ਪਰ ਕਿਤੇ ਨਾ ਕਿਤੇ ਮਾਪਿਆਂ ਵਲੋਂ ਵੀ ਅਪਣਾ ਧਰਮ ਨਾ ਨਿਭਾਅ ਕੇ ਬੱਚਿਆਂ ਨਾਲ ਲੋੜੀਂਦਾ ਪਿਆਰ ਤੇ ਸਖ਼ਤੀ ਦਾ ਮਿਸ਼ਰਣ ਅਖਤਿਆਰ ਨਹੀਂ ਕੀਤਾ ਜਾਂਦਾ। ਸਿੱਟਾ ਇਹ ਨਿਕਲਿਆ ਕਿ ਮਾਪਿਆਂ ਦੀਆਂ ਆਸਾਂ-ਉਮੀਦਾਂ ਢਹੀਆਂ ਸੋ ਢਹੀਆਂ, ਬੱਚਿਆਂ ਦਾ ਭਵਿੱਖ ਦਾਅ ਉੱਪਰ ਲੱਗਾ ਗਿਆ।
ਸਮੁੱਚੇ ਸਮਾਜ ਨੂੰ ਹੀਰਿਆਂ ਵਰਗੇ ਪੁੱਤਰ ਗਵਾ ਕੇ ਨਸ਼ੱਈ ਤੇ ਵੈਲੀਆਂ ਦਾ ਵੱਗ ਪਾਲਣਾ ਪੈ ਗਿਆ। ਕੀ ਮਾਪਿਆਂ ਦੀ ਇਸ ਹੂਕ ਤੇ ਵਿਰਲਾਪ ਕਰਦੀ ਕੂਕ ਬੱਚਿਆਂ ਦੇ ਕੰਨੀ ਪਏਗੀ? ਉਨ੍ਹਾਂ ਦਾ ਧਰਮ ਮਾਪਿਆਂ ਦੀਆਂ ਆਂਦਰਾਂ ਠੰਢੀਆਂ ਕਰ ਸਕੇਗਾ? ਇਹ ਹਨ ਦੋ-ਇਕ ਸਵਾਲ ਜਿਨ੍ਹਾਂ ਦਾ ਜਵਾਬ ਦੇਣਾ ਅੱਜ ਦੇ ਪੁਤਰਾਂ ਤੇ ਧੀਆਂ ਦਾ ਧਰਮ ਹੈ। ਇਸ ਧਰਮ ਦੇ ਪਾਲਣ ਨਾਲ ਉਹ ਨਸ਼ਈਆਂ ਤੇ ਮਜ਼ਦੂਰਾਂ ਤੋਂ ਉਭਰ ਕੇ ਸਰਦਾਰੀ ਵਾਲੀ ਜ਼ਿੰਦਗੀ ਦੇ ਹੱਕਦਾਰ ਬਣ ਸਕਣਗੇ।
ਅਨਮੋਲ ਇਹ ਜ਼ਿੰਦਗੀ ਐਂਵੇ ਨਾ ਗਵਾਈਂ ਓਏ,
ਦਲਿੱਦਰ ਦੀ ਪੰਡ ਕਦੇ ਸਿਰ ਤੇ ਨਾ ਚਾਈਂ ਓਏ,
ਅੰਦਰ-ਬਾਹਰ ਝਾਤ ਮਾਰ, ਅਕਾਸ਼ ਵਲ ਨਿਗ੍ਹਾ ਮਾਰ
ਹੌਂਸਲੇ ਤੇ ਹਿੰਮਤਾਂ ਨੇ ਜਿੱਤੀ ਹੈ ਖ਼ੁਦਾਈ ਓਏ।
ਸੰਪਰਕ : 98761-05647
Comments (0)
Facebook Comments (0)