24 ਤੋਂ ਸ਼ੁਰੂ ਹੋਵੇਗਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਭਵਨ-ਭੈਰੋਂ ਯਾਤਰੀ ਰੋਪਵੇਅ

24 ਤੋਂ ਸ਼ੁਰੂ ਹੋਵੇਗਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਭਵਨ-ਭੈਰੋਂ ਯਾਤਰੀ ਰੋਪਵੇਅ

ਕਟੜਾ (ਜੰਮੂ-ਕਸ਼ਮੀਰ), 23ਦਸੰਬਰ: ਮਾਤਾ ਵੈਸ਼ਨੋ ਦੇਵੀ ਧਾਰਮਿਕ ਸਥਾਨ ’ਤੇ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਬਣਾਏ ਗਏ ਭਵਨ-ਭੈਰੋਂ ਯਾਤਰੀ ਰੋਪਵੇਅ ਪ੍ਰਾਜੈਕਟ ਦਾ ਉਦਘਾਟਨ 24 ਦਸੰਬਰ ਨੂੰ ਹੋਵੇਗਾ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਸੀਈਓ ਸਿਮਰਨਦੀਪ ਸਿੰਘ ਨੇ ਦੱਸਿਆ ਕਿ ਭਵਨ-ਭੈਰੋਂ ਯਾਤਰੀ ਰੋਪਵੇਅ ਪ੍ਰਾਜੈਕਟ ਦਾ ਉਦਘਾਟਨ 24 ਦਸੰਬਰ ਨੂੰ ਹੋ ਜਾਵੇਗਾ ਅਤੇ ਇਹ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੀਆਂ ਤ੍ਰਿਕੁਟਾ ਪਹਾੜੀਆਂ ’ਚ ਸਥਿਤ ਪਵਿੱਤਰ ਗੁਫਾ ਤੱਕ ਪਹੁੰਚਣ ਲਈ ਯਾਤਰੀਆਂ ਵਾਸਤੇ ਖੁੱਲ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਸੁਰੱਖਿਆ, ਭਾਰ ਤੇ ਐਮਰਜੈਂਸੀ ਹਾਲਾਤ ਸਬੰਧੀ ਟਰਾਇਲ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ ਅਤੇ ਇਸ ਸਬੰਧੀ ਸਿਸਟਮ ਸਰਟੀਫਿਕੇਟ ਵੀ ਜਾਰੀ ਕੀਤਾ ਜਾ ਚੁੱਕਾ ਹੈ।
ਸੀਈਓ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆ ਪਾਲ ਮਲਿਕ ਵੱਲੋਂ ਇਸ ਰੋਪਵੇਅ ਪ੍ਰਾਜੈਕਟ ਦਾ ਉਦਘਾਟਨ ਕੀਤਾ ਜਾਵੇਗਾ। ਇਹ ਪ੍ਰਾਜੈਕਟ ਸਵਿਟਜ਼ਰਲੈਂਡ ਦੀ ਗੈਰਾਵੈਂਟਾ ਏਜੀ ਅਤੇ ਕੋਲਕਾਤਾ ਦੀ ਦਾਮੋਦਰ ਰੋਪਵੇਅ ਕੰਸਟਰੱਕਸ਼ਨ ਕੰਪਨੀ ਦਾ ਸਾਂਝਾ ਪ੍ਰਾਜੈਕਟ ਸੀ ਜੋ ਰਾਈਟਸ ਦੀ ਨਿਗਰਾਨੀ ਹੇਠ ਪੂਰਾ ਕੀਤਾ ਗਿਆ ਹੈ। ਇਸ ਰੋਪਵੇਅ ਦੇ ਉਪਕਰਨ ਅਤੇ ਕੈਬਿਨ ਸਵਿਟਜ਼ਰਲੈਂਡ ਤੋਂ ਦਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਰੋਪਵੇਅ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਰੋਪਵੇਅ ਦੀ 800 ਵਿਅਕਤੀ ਪ੍ਰਤੀ ਘੰਟਾ ਢੋਣ ਦੀ ਸਮਰੱਥਾ ਹੈ। ਇਸ ਨਾਲ ਗੁਫਾ ਜਾਣ ਵਾਲੇ ਸ਼ਰਧਾਲੂ ਆਸਾਨੀ ਨਾਲ ਭੈਰੋਂ ਜੀ ਮੰਦਿਰ ’ਚ ਵੀ ਮੱਥਾ ਟੇਕ ਸਕਣਗੇ ਜੋ ਪਹਿਲਾਂ ਕਾਫੀ ਮੁਸ਼ਕਿਲ ਸੀ।