ਔਰਤਾਂ ਦੇ ਮਿਹਨਤਾਨੇ ਦਾ ਮੁੱਲ/ ਮੂਲ:- ਰਿਤੂ ਸਾਰਸਵਤ / ਅਨੁਵਾਦ:- ਗੁਰਮੀਤ ਪਲਾਹੀ

ਔਰਤਾਂ ਦੇ ਮਿਹਨਤਾਨੇ ਦਾ ਮੁੱਲ/ ਮੂਲ:- ਰਿਤੂ ਸਾਰਸਵਤ / ਅਨੁਵਾਦ:- ਗੁਰਮੀਤ ਪਲਾਹੀ

ਦੁਨੀਆ ਭਰ ਵਿੱਚ ਹਰ ਸਾਲ ਔਰਤਾਂ 700 ਲੱਖ ਕਰੋੜ ਰੁਪਏ ਦੇ ਇਹੋ ਜਿਹੇ ਕੰਮ ਕਰਦੀਆਂ ਹਨ, ਜਿਹਨਾ ਦਾ ਉਹਨਾ ਨੂੰ ਕੋਈ ਮਿਹਨਤਾਨਾ ਨਹੀਂ ਮਿਲਦਾ। ਭਾਰਤ ਵਿੱਚ ਇਹ ਅੰਕੜਾ 6 ਲੱਖ ਕਰੋੜ ਰੁਪਏ ਦਾ ਹੈ। ਇਹ ਖੁਲਾਸਾ ਆਕਸਫੈਮ ਦੀ ਰਿਪੋਰਟ ਵਿੱਚ ਪਿਛਲੇ ਦਿਨੀਂ ਕੀਤਾ ਗਿਆ ਹੈ।

ਦੁਨੀਆ ਭਰ ਵਿੱਚ ਔਰਤਾਂ ਨੂੰ ਲੈ ਕੇ ਇਕੋ ਸੋਚ ਹੈ ਕਿ ਉਹਨਾ ਦਾ ਕੰਮ ਘਰ-ਪਰਿਵਾਰ ਦੀ ਦੇਖਭਾਲ ਕਰਨਾ ਹੈ। ਇਸ ਸੋਚ ਉਤੇ 2017 ਵਿੱਚ ਮਦਰਾਸ ਹਾਈਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਇੱਕ ਮਹੱਤਵਪੂਰਨ ਟਿੱਪਣੀ ਦਿੰਦਿਆ ਕਿਹਾ ਸੀ ਕਿ ਇੱਕ ਔਰਤ ਬਿਨ੍ਹਾਂ ਕੋਈ ਭੁਗਤਾਨ ਲਏ ਘਰ ਦੀ ਸਾਰੀ ਦੇਖਭਾਲ ਕਰਦੀ ਹੈ।  ਉਸਨੂੰ ਹੋਮ ਮੇਕਰ (ਗ੍ਰਹਿਣੀ) ਅਤੇ ਬਿਨ੍ਹਾਂ ਆਮਦਨ ਵਾਲੀ ਕਹਿਣਾ ਠੀਕ ਨਹੀਂ ਹੈ। ਔਰਤ ਸਿਰਫ ਇੱਕ ਮਾਂ ਅਤੇ ਪਤਨੀ ਨਹੀਂ ਹੁੰਦੀ, ਉਹ ਆਪਣੇ ਪਰਿਵਾਰ ਦੀ ਵਿੱਤ ਮੰਤਰੀ ਅਤੇ ਚਾਰਟੈਡ ਆਕਊਂਟੈਟ ਵੀ ਹੁੰਦੀ ਹੈ। ਅਦਾਲਤ ਨੇ ਇਹ ਟਿੱਪਣੀ ਪਾਂਡੂਚਿਰੀ ਬਿਜਲੀ ਬੋਰਡ ਦੀ ਉਸ ਪਟੀਸ਼ਨ ਦੇ ਸੰਦਰਭ ਵਿੱਚ ਕੀਤੀ ਸੀ, ਜਿਸ ਵਿੱਚ ਬੋਰਡ ਨੂੰ ਬਿਜਲੀ ਦੀ ਚਪੇਟ ਵਿੱਚ ਆਕੇ ਮਾਰੀ ਗਈ ਇੱਕ ਔਰਤ ਨੂੰ ਮੁਆਵਜ਼ੇ ਦੇ ਤੌਰ ਤੇ ਚਾਰ ਲੱਖ ਰੁਪਏ ਦੇਣੇ ਸਨ, ਜੋ ਕਿ ਬਿਜਲੀ ਬੋਰਡ ਨੂੰ ਇਸ ਲਈ ਮਨਜ਼ੂਰ ਨਹੀਂ ਸਨ ਕਿਉਂਕਿ ਔਰਤ ਇੱਕ ਗ੍ਰਹਿਣੀ ਸੀ ਅਤੇ ਉਸਦੀ ਕੋਈ ਆਮਦਨ ਨਹੀਂ ਸੀ, ਅਦਾਲਤ ਨੇ ਬੋਰਡ ਦੀ ਪਟੀਸ਼ਨ  ‘ਚ ਦਿੱਤੀ ਦਲੀਲ ਨੂੰ ਨਹੀਂ ਮੰਨਿਆ ਅਤੇ ਕਿਹਾ ਕਿ ਸਾਨੂੰ ਖਾਣਾ ਪਕਾਉਣ, ਕੱਪੜੇ ਧੋਣ, ਸਫਾਈ ਕਰਨ ਜਿਹੇ ਰੋਜ਼ਾਨਾ ਦੇ ਕੰਮਾਂ ਨੂੰ ਅਲੱਗ ਨਜ਼ਰੀਏ ਨਾਲ ਦੇਖਣ ਦੀ ਲੋੜ ਹੈ।

ਇੱਕ ਰਾਸ਼ਟਰੀ ਸਰਵੇ ਅਨੁਸਾਰ 40 ਫੀਸਦੀ ਪੇਂਡੂ ਅਤੇ 65 ਫੀਸਦੀ ਸ਼ਹਿਰੀ ਔਰਤਾਂ ਪੂਰੀ ਤਰ੍ਹਾਂ ਘਰੇਲੂ ਕੰਮਾਂ ‘ਚ ਲੱਗੀਆਂ ਰਹਿੰਦੀਆਂ ਹਨ। ਉਸ ਤੋਂ ਵੀ ਜਿਆਦਾ ਹੈਰਾਨੀਜਨਕ ਗੱਲ ਇਹ ਹੈ ਕਿ ਅੰਕੜਿਆਂ ਦੇ ਹਿਸਾਬ ਨਾਲ 60 ਤੋਂ ਜਿਆਦਾ ਦੀ ਉਮਰ ਦੀਆਂ ਇੱਕ ਚੌਥਾਈ ਔਰਤਾਂ ਦਾ ਬਹੁਤਾ ਸਮਾਂ ਘਰੇਲੂ ਕੰਮ ਕਰਨ ‘ਚ ਹੀ ਬਤੀਤ ਹੁੰਦਾ ਹੈ। ਪੁਰਖ ਪ੍ਰਧਾਨ ਸਮਾਜ ਵਿੱਚ ਇਹ ਤੱਥ ਗਹਿਰੀ ਪੈਂਠ ਬਣਾਈ ਬੈਠਾ ਹੈ ਕਿ ਔਰਤ ਦਾ ਜਨਮ ਸੇਵਾ ਕਰਨ ਦੇ ਕੰਮਾਂ ਲਈ ਹੀ ਹੋਇਆ ਹੈ। ਮਾਊਂਟੈਨ ਰਿਸਰਚ ਜਨਰਲ ਦੇ ਇੱਕ ਅਧਿਐਨ ਦੌਰਾਨ ਉਤਰਾਖੰਡ ਦੀਆਂ ਔਰਤਾਂ ਨੇ ਕਿਹਾ ਕਿ ਉਹ ਕੋਈ ਕੰਮ ਨਹੀਂ ਕਰਦੀਆਂ ,ਪਰ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਪਰਿਵਾਰ ਦੇ ਪੁਰਖ ਔਸਤਨ ਨੌਂ ਘੰਟੇ ਕੰਮ ਕਰਦੇ ਹਨ ਜਦਕਿ ਔਰਤਾਂ 16 ਘੰਟੇ। ਜੇਕਰ ਉਹਨਾ ਦੇ ਕੰਮ ਲਈ ਘੱਟੋ-ਘੱਟ ਭੁਗਤਾਣ ਕੀਤਾ ਜਾਂਦਾ ਤਾਂ ਮਰਦਾਂ ਨੂੰ  ਇੱਕ ਦਿਹਾੜੀ ਦੇ ਕੰਮ ਲਈ 128 ਰੁਪਏ ਅਤੇ ਔਰਤਾਂ ਨੂੰ 228 ਰੁਪਏ ਮਿਲਦੇ।

ਕੁਝ ਦੇਸ਼ਾਂ ਅਤੇ ਸੰਸਥਾਵਾਂ ਨੇ ਘਰੇਲੂ ਬਿਨ੍ਹਾਂ ਤਨਖਾਹੋਂ ਕੰਮ ਕਰਨ ਦਾ ਮੁਲਾਂਕਣ ਕਰਨ ਦੇ ਲਈ ਕੁਝ ਢੰਗਾਂ ਦਾ ਤਜ਼ਰਬਾ ਸ਼ੁਰੂ ਕੀਤਾ ਹੈ। ਇਹਨਾ ਢੰਗਾਂ ਵਿੱਚੋਂ ਇੱਕ ਸਮਾਂ ਵਰਤੋਂ (ਟਾਈਮ ਯੂਜ਼) ਹੈ। ਜਾਨੀ ਜਿੰਨਾ ਸਮਾਂ ਔਰਤਾਂ ਘਰੇਲੂ ਬਿਨ੍ਹਾਂ ਤਨਖਾਹਾਂ ਤੋਂ ਕੰਮ ਦਿੰਦੀਆਂ ਹਨ, ਜੇਕਰ ੳਤਨਾ ਸਮਾਂ ਉਹ ਤਨਖਾਹ ਵਾਲੇ ਕੰਮਾਂ ਲਈ ਦਿੰਦੀਆਂ ਤਾਂ ਗਣਨਾ ਦੇ ਲਈ ਮਾਰਕੀਟ ਰੀਪੇਸਮੈਂਟ ਕਾਸਟ ਥਿਊਰੀ ਦੀ ਵੀ ਵਰਤੋਂ ਕੀਤੀ ਹੈ। ਅਰਥਾਤ ਕੰਮ ਬਿਨ੍ਹਾਂ ਤਨਖਾਹ ਦੇ ਰੂਪ ਵਿੱਚ ਗ੍ਰਹਿਣੀਆਂ ਵਲੋਂ ਕੀਤੇ ਜਾ ਰਹੇ ਹਨ, ਜੇਕਰ ਉਹਨਾ ਸੇਵਾਵਾਂ ਨੂੰ ਬਜ਼ਾਰ ਦੇ ਮਾਧਿਅਮ ਰਾਹੀਂ ਉਪਲੱਬਧ ਕਰਵਾਇਆ ਜਾਵੇ, ਤਾਂ ਕਿੰਨਾ ਪੈਸਾ ਲੱਗੇਗਾ?

ਸੰਯੁਕਤ ਰਾਸ਼ਟਰ ਦੇ ਰਿਸਰਚ ਇਨਸਟੀਚੀਊਟ ਫਾਰ ਸੋਸ਼ਲ ਡਿਵੈਲਪਮੈਂਟ ਨਾਲ ਜੁੜੇ ਡੇਬੀ ਬਡਲੇਂਡਰ ਨੇ “ਦੀ ਸਟੈਟਿਸਟੀਕਲ ਐਵੀਡੈਂਸ ਆਨ ਕੇਅਰ ਵਰਕ ਅਕਰੌਸ ਸਿਕਸ ਕਾਨਟਰੀਜ਼” ਨਾਮ ਦੇ ਆਪਣੇ ਇੱਕ ਅਧਿਐਨ ਵਿੱਚ ਅਰਜਨਟਾਈਨਾ, ਭਾਰਤ, ਰੀਪਬਲਿਕ ਆਫ ਕੋਰੀਆ, ਨਿਕਾਰਾਗੁਆ, ਦੱਖਣੀ ਅਫ਼ਰੀਕਾ ਅਤੇ ਤਨਜਾਨੀਆ ਦਾ ਅਧਿਐਨ ਕਰਨ ਦੇ ਲਈ ਟਾਈਮ ਯੂਜ਼ ਸਰਵੇ ਢੰਗ ਦੀ ਵਰਤੋਂ ਕਰਕੇ ਸਾਹਮਣੇ ਲਿਆਂਦਾ ਕਿ ਅਰਜਟਾਈਨਾ ਵਿੱਚ ਜਿਥੇ ਰੋਜ਼ਾਨਾ ਪੁਰਖ 101 ਮਿੰਟ ਅਤੇ ਔਰਤਾਂ 293 ਮਿੰਟ ਬਿਨ੍ਹਾਂ ਤਨਖਾਹ ਵਾਲੇ ਘਰੇਲੂ ਕੰਮ ਕਰਦੀਆਂ ਹਨ, ਉਥੇ ਭਾਰਤ ਵਿੱਚ ਪੁਰਖ ਹਰ ਰੋਜ਼ 36 ਮਿੰਟ ਅਤੇ ਔਰਤਾਂ 354 ਮਿੰਟ ਬਿਨ੍ਹਾ ਤਨਖਾਹ ਵਾਲੇ ਘਰੇਲੂ ਕੰਮ ਕਰਦੀਆਂ ਹਨ। ਦੁਨੀਆ ਭਰ ਵਿੱਚ ਕੁਲ ਕੰਮ ਦੇ ਘੰਟਿਆਂ ਵਿੱਚੋਂ ਔਰਤਾਂ ਦੋ ਤਿਹਾਈ ਘੰਟੇ ਕੰਮ ਕਰਦੀਆਂ ਹਨ, ਪਰ ਉਹ ਕੇਵਲ 10 ਫੀਸਦੀ ਆਮਦਨ ਹੀ ਕਮਾਉਂਦੀਆਂ ਹਨ ਅਤੇ ਉਹ ਵਿਸ਼ਵ ਦੀ ਮਾਤਰ ਇੱਕ ਪ੍ਰਤੀਸ਼ਤ ਜਾਇਦਾਦ ਦੀਆਂ ਮਾਲਕਿਨ ਹਨ।

ਇੱਕ ਸਿਹਤਮੰਦ ਅਤੇ ਲੋਕਤੰਤਰਿਕ ਸਮਾਜ ਦੀ ਸਥਾਪਨਾ ਉਦੋਂ ਤੱਕ ਸੰਭਵ ਨਹੀਂ, ਜਦ ਤੱਕ ਦੇਸ਼ ਦੇ ਹਰ ਨਾਗਰਿਕ ਦੇ ਸਵੈਮਾਣ ਦਾ ਧਿਆਨ ਨਹੀਂ ਰੱਖਿਆ ਜਾਂਦਾ। ਘਰੇਲੂ ਔਰਤਾਂ ਦੀ ਮਿਹਨਤ ਦਾ ਮੁੱਲ ਨਾ ਪਾਉਣਾ ਕਿਸੇ ਵੀ ਨਜ਼ਰੀਏ ਤੋਂ ਠੀਕ ਨਹੀਂ ਹੈ।

ਗੁਰਮੀਤ ਪਲਾਹੀ

9815802070