ਅਧੂਰੇ ਅਰਮਾਨਾਂ ਦੀ ਕਹਾਣੀ
Thu 21 Feb, 2019 0ਇਹ ਸੱਚਾਈ ਹੈ ਕਿ ਹਮਸਫ਼ਰ ਦਾ ਸਾਥ ਇਕ ਦੂਜੇ ਨੂੰ ਬਣਾਈ ਰੱਖਣ ਵਿਚ ਬਹੁਤ ਸਹਿਯੋਗੀ ਹੁੰਦਾ ਹੈ। ਪਤੀ-ਪਤਨੀ ਦਾ ਰਿਸ਼ਤਾ ਸੰਸਾਰ ਵਿਚ ਦੋ ਜਿਸਮਾਂ ਦਾ ਮੇਲ ਨਹੀਂ ਬਲਕਿ ਦੋ ਰੂਹਾਂ ਦਾ ਮੇਲ ਹੈ। ਜਦੋਂ ਜ਼ਿੰਦਗੀ ਵਿਚ ਕੋਈ ਦੁੱਖ ਆਉਂਦਾ ਹੈ ਤਾਂ ਦੋ ਹਮਸਫ਼ਰ ਉਸ ਨੂੰ ਜਦੋਂ ਆਪਸ ਵਿਚ ਵੰਡ ਲੈਂਦੇ ਹਨ ਤਾਂ ਉਹ ਦੁੱਖ ਘੱਟ ਕੇ ਅੱਧਾ ਰਹਿ ਜਾਂਦਾ ਹੈ। ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਹਮਸਫ਼ਰ ਤੋਂ ਬਿਨਾਂ ਜੀਵਨ ਵੀਰਾਨ ਹੋ ਜਾਂਦਾ ਹੈ। ਕੁੱਝ ਅਜਿਹਾ ਹੀ ਮੇਰੇ ਨਾਨਾ ਜੀ ਦੇ ਜੀਵਨ ਵਿਚ ਹੋਇਆ। ਨਾਨਾ ਨਾਨੀ ਦੋਵੇਂ ਹੀ ਬਹੁਤ ਮਿਹਨਤੀ ਸਨ।
ਉਨ੍ਹਾਂ ਦੋਹਾਂ ਨੇ ਮਿਲ ਕੇ ਸਾਰੀ ਉਮਰ ਕਮਾਈ ਕੀਤੀ ਤੇ ਅਪਣੀਆਂ ਛੇ ਧੀਆਂ ਤੇ ਇਕ ਪੁੱਤਰ ਦਾ ਵਿਆਹ ਕੀਤਾ। ਵਕਤ ਬੀਤਦਾ ਗਿਆ। ਕਦੋਂ ਉਨ੍ਹਾਂ ਦੀ ਜਵਾਨੀ ਬੁਢੇਪੇ ਵਿਚ ਬਦਲ ਗਈ ਉਨ੍ਹਾਂ ਨੂੰ ਖ਼ੁਦ ਵੀ ਪਤਾ ਨਾ ਲਗਿਆ। ਉਨ੍ਹਾਂ ਦੀਆ ਛੇ ਧੀਆਂ ਵਿਚੋਂ ਪਹਿਲੀ ਧੀ ਦੇ ਘਰ ਮੇਰਾ ਜਨਮ ਧੀ ਦੇ ਰੂਪ ਵਿਚ ਹੋਇਆ। ਉਸ ਸਮੇਂ ਅੰਧਵਿਸ਼ਵਾਸ ਦਾ ਬਹੁਤ ਬੋਲਬਾਲਾ ਸੀ। ਘਰ ਦਿਆਂ ਦੇ ਕਹਿਣ ਅਨੁਸਾਰ ਜਦੋਂ ਕਿਸੇ ਫਕੀਰ ਕੋਲ ਧੀ ਜਾਂ ਪੁੱਤਰ ਦੇ ਹੋਣ ਬਾਰੇ ਪੁਛਿਆ ਤਾਂ ਉਸ ਨੇ ਝੱਟ ਆਖ ਦਿਤਾ ਕਿ ਧੀ ਹੋਵੇਗੀ। ਉਦੋਂ ਫ਼ਕੀਰਾਂ ਸਾਧੂਆਂ ਦਾ ਕਿਹਾ ਰੱਬ ਦਾ ਕਿਹਾ ਮੰਨਿਆ ਜਾਂਦਾ ਸੀ।
ਇਹ ਸੁਣ ਕੇ ਮੇਰੀ ਮਾਂ ਤੇ ਨਾਨੀ ਨੂੰ ਛੱਡ ਕੇ ਸਾਰੇ ਪ੍ਰਵਾਰਕ ਮੈਂਬਰ ਬਹੁਤ ਉਦਾਸ ਹੋ ਗਏ। ਪ੍ਰਵਾਰਕ ਮੈਂਬਰਾਂ ਤੇ ਕੁੱਝ ਕੁ ਗੁਆਂਢੀਆਂ ਨੇ ਤਾਂ ਬੱਚੇ ਨੂੰ ਖ਼ਤਮ ਕਰਵਾਉਣ ਦੀ ਵੀ ਸਲਾਹ ਦਿਤੀ ਪਰ ਮੇਰੀ ਮਾਂ-ਪਿਉ ਤੇ ਨਾਨੀ-ਨਾਨੇ ਨੂੰ ਇਹ ਮਨਜ਼ੂਰ ਨਹੀਂ ਸੀ। ਜਦੋਂ ਮੇਰੀ ਮਾਂ ਉਤੇ ਜ਼ਿਆਦਾ ਜ਼ੋਰ ਪਾਇਆ ਗਿਆ ਤਾਂ ਉਸ ਦਾ ਮਨ ਵੀ ਸੋਚਾਂ ਵਿਚ ਪੈ ਗਿਆ। ਮੇਰੀ ਮਾਂ ਦੀ ਹੜਬੜਾਹਟ ਤੋਂ ਮੇਰੀ ਨਾਨੀ ਘਬਰਾ ਗਈ। ਨਾਨੀ ਸੋਚ ਰਹੀ ਸੀ ਕਿਧਰੇ ਨਿਆਣੀ ਗ਼ਲਤ ਫ਼ੈਸਲਾ ਨਾ ਕਰ ਲਵੇ। ਉਸ ਦਿਨ ਨਾ ਤਾਂ ਮੇਰੀ ਮਾਂ ਸੁੱਤੀ ਤੇ ਨਾ ਹੀ ਨਾਨੀ ਨੂੰ ਨੀਂਦ ਆਈ। ਅਗਲੇ ਹੀ ਦਿਨ ਨਾਨੀ ਮੇਰੀ ਮਾਂ ਦੇ ਘਰ ਆਈ
ਤੇ ਕਹਿੰਦੀ ਧੀਏ ਬਚਪਨ ਵਿਚ ਮੈਂ ਤੇਰੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਹਨ। ਅੱਜ ਤੇਰੀ ਮਾਂ ਤੈਥੋਂ ਝੋਲੀ ਅੱਡ ਕੇ ਕੁੱਝ ਮੰਗਦੀ ਹੈ ਤੂੰ ਮੈਨੂੰ ਖ਼ਾਲੀ ਨਾ ਮੋੜੀਂ। ਮੇਰੀ ਮਾਂ ਸੱਭ ਸਮਝ ਗਈ ਸੀ ਤੇ ਨਾਨੀ ਨੂੰ ਅਪਣੀ ਮੰਗ ਪੁੱਛੇ ਬਿਨਾਂ ਹੀ ਆਖਣ ਲੱਗੀ ਕਿ ਮੈਂ ਜਾਣਦੀ ਹਾਂ ਕਿ ਤੂੰ ਮੇਰੇ ਤੋਂ ਬੱਚੇ ਦੀ ਸਲਾਮਤੀ ਚਾਹੁੰਦੀ ਹੈਂ ਪਰ ਇਸ ਨੂੰ ਜਨਮ ਦੇਣ ਤੋਂ ਬਾਅਦ ਮੇਰੇ ਪ੍ਰਵਾਰ ਨੇ ਇਸ ਨੂੰ ਸਵੀਕਾਰ ਨਹੀਂ ਕਰਨਾ। ਨਾਨੀ ਨੇ ਬੜੇ ਹੌਂਸਲੇ ਨਾਲ ਕਿਹਾ ਕਿ ਤੂੰ ਧੀ ਮੈਨੂੰ ਦੇ ਦੇਵੀਂ, ਜਿਥੇ ਮੈਂ ਛੇ ਪਾਲ ਦਿਤੀਆਂ ਉੱਥੇ ਮੈਂ ਸੱਤਵੀਂ ਵੀ ਪਾਲ ਲਊਂ।
ਨਾਨੀ ਦੀ ਗੱਲ ਮੰਮੀ ਨੇ ਮੰਨ ਲਈ ਤੇ ਜਨਮ ਤੋਂ ਕੁੱਝ ਸਾਲ ਬਾਅਦ ਮੈਨੂੰ ਮੇਰੇ ਨਾਨਕੇ ਭੇਜ ਦਿਤਾ ਗਿਆ, ਭਾਵੇਂ ਸਮੇਂ ਦੇ ਬਦਲਣ ਕਾਰਨ ਪ੍ਰਵਾਰ ਦੇ ਮੈਂਬਰਾਂ ਦੀ ਸੋਚ ਵੀ ਬਦਲ ਗਈ ਤੇ ਉਹ ਮੈਨੂੰ ਵਾਪਸ ਲੈ ਆਏ। ਪਰ ਮੈਨੂੰ ਅਪਣੇ ਨਾਨਕੇ ਰਹਿਣਾ ਜ਼ਿਆਦਾ ਪਸੰਦ ਸੀ ਤੇ ਮੈਂ ਜ਼ਿਆਦਾ ਸਮਾਂ ਨਾਨਕੇ ਹੀ ਗੁਜ਼ਾਰਦੀ ਸੀ। ਮੈਨੂੰ ਮੇਰੀਆਂ ਪੰਜ ਮਾਸੀਆਂ ਨੇ ਕਿਸੇ ਮਹਿਲਾਂ ਦੀ ਰਾਣੀ ਵਾਂਗ ਪਾਲਿਆ। ਸਮਾਂ ਬੀਤਦਾ ਗਿਆ ਤੇ ਪੜ੍ਹਾਈ ਵੱਡੀ ਹੋਣ ਕਾਰਨ ਮੇਰਾ ਨਾਨਕੇ ਘਰ ਆਉਣਾ ਘੱਟ ਗਿਆ। ਮਾਸੀਆਂ ਵੀ ਵਿਆਹੀਆਂ ਗਈਆਂ। ਘਰ ਦੀ ਰੌਣਕ ਅਧੂਰੀ ਹੋ ਗਈ। ਮਾਮੇ ਦੇ ਵਿਆਹ ਮਗਰੋਂ ਨਾਨੀ ਤੇ ਨਾਨਾ ਜੀ ਬਿਲਕੁਲ ਹੀ ਬੀਤ ਗਏ।
ਜਦੋਂ ਤਕਰੀਬਨ 23 ਸਾਲ ਦੀ ਉਮਰ ਦੌਰਾਨ ਪੜ੍ਹਾਈ ਪੂਰੀ ਹੋਣ ਮਗਰੋਂ ਉਨ੍ਹਾਂ ਨੂੰ ਮਿਲਣ ਗਈ ਤਾਂ ਨਾਨੀ ਨਾਨੇ ਨੂੰ ਵੇਖਦੇ ਹੀ ਅੱਖਾਂ ਭਰ ਗਈਆਂ। ਉਹ ਘਰ ਦੇ ਇਕ ਕੋਨੇ ਵਿਚ ਕਿੱਕਰ ਦੀ ਛਾਂ ਹੇਠ ਮੰਜੀ ਡਾਹੀ, ਮੌਤ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਵਿਚ ਜ਼ਿੰਦਗੀ ਜਿਊਣ ਦੀ ਹਿੰਮਤ ਖ਼ਤਮ ਹੋ ਚੱਕੀ ਸੀ। ਜਦੋਂ ਉਨ੍ਹਾਂ ਮੈਨੂੰ ਵੇਖਿਆ ਤਾਂ ਬਹੁਤ ਖੁਸ਼ ਹੋਏ। ਇਸ ਤਰ੍ਹਾਂ ਜਾਪਿਆ ਜਿਵੇਂ ਉਨ੍ਹਾਂ ਦੇ ਬੇਜਾਨ ਸ੍ਰੀਰ ਵਿਚ ਜਾਨ ਆ ਗਈ ਹੋਵੇ। ਨਾਨੀ-ਨਾਨੇ ਨੂੰ ਜਦੋਂ ਮੈਂ ਅਪਣੀ ਪੜ੍ਹਾਈ ਪੂਰੀ ਹੋਣ ਬਾਰੇ ਦਸਿਆ ਤਾਂ ਨਾਨੀ ਜੀ ਝੱਟ ਸਿਰ ਉਤੇ ਹੱਥ ਧਰ ਕੇ ਬੋਲੇ ''ਹੁਣ ਤਾਂ ਇਕੋ ਅਰਮਾਨ ਹੈ, ਤੇਰੀ ਨੌਕਰੀ ਲੱਗ ਜਾਵੇ ਧੀਏ ਮੌਤ ਸੌਖੀ ਆ ਜਾਵੇਗੀ।'
'ਮੈਂ ਉਨ੍ਹਾਂ ਦੀ ਗੱਲ ਕਟਦਿਆਂ ਕਿਹਾ ''ਮੌਤ ਕਿਵੇਂ ਆਊ? ਮੈਂ ਜੋ ਖੜੀ ਆਂ, ਅੱਗੇ ਆ ਕੇ ਤਾਂ ਵੇਖੇ।'' ਨਾਨੀ ਨੇ ਮੇਰਾ ਮੁੰਹ ਨੱਪਦੇ ਆਖਿਆ ਨਾ ਧੀਏ ਸਾਡੀ ਉਮਰ ਵੀ ਤੈਨੂੰ ਲੱਗ ਜਾਵੇ। ਜਦੋਂ ਅਗਲੇ ਦਿਨ ਮੈਂ ਘਰ ਪਰਤੀ ਤਾਂ ਅਚਾਨਕ ਫ਼ੋਨ ਦੀ ਘੰਟੀ ਵੱਜੀ। ਜਦੋਂ ਵੇਖਿਆ ਤਾਂ ਉਹ ਨਾਨੇ ਦਾ ਨੰਬਰ ਸੀ, ਮੈਂ ਸੋਚਿਆ ਮੈਂ ਕੁੱਝ ਭੁੱਲ ਆਈ ਹੋਵਾਂਗੀ ਉੱਥੇ। ਜਦੋਂ ਫ਼ੋਨ ਚੁਕਿਆ ਤਾਂ ਨਾਨਾ ਜੀ ਦੱਬੀ ਆਵਾਜ਼ ਵਿਚ ਬੋਲੇ ਤੇਰੀ ਨਾਨੀ ਜੀ ਨਹੀਂ ਰਹੇ ਧੀਏ। ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਏਦਾਂ ਲਗਿਆ ਜਿਵੇਂ ਕਿਸੇ ਨੇ ਮੇਰੇ ਸੀਨੇ ਅੰਨ੍ਹੇਵਾਹ ਖੰਜਰ ਖੋਭ ਦਿਤਾ ਹੋਵੇ, ਰੂਹ ਧਾਹ ਮਾਰ ਉੱਠੀ।
ਸਚਮੁੱਚ ਹੀ ਮੈਨੂੰ ਉਹ ਅਪਣੀ ਉਮਰ ਲਗਾ ਗਈ ਸੀ। ਉਨ੍ਹਾਂ ਦੇ ਜਾਣ ਮਗਰੋਂ ਨਾਨਾ ਵੀ ਦਿਨੋ ਦਿਨ ਮੌਤ ਦੇ ਨੇੜੇ ਹੁੰਦੇ ਗਏ। ਮੇਰਾ ਰਿਸ਼ਤਾ ਕਰ ਦਿਤਾ ਗਿਆ। ਨਾਨਾ ਜੀ ਦਾ ਹੁਣ ਆਖ਼ਰੀ ਅਰਮਾਨ ਮੇਰਾ ਵਿਆਹ ਵੇਖਣ ਦਾ ਸੀ ਪਰ ਉਹ ਵੀ ਅਧੂਰਾ ਹੀ ਰਹਿ ਗਿਆ ਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਅੱਜ ਵੀ ਉਨ੍ਹਾਂ ਨੂੰ ਯਾਦ ਕਰ ਕੇ ਸੀਨੇ ਵਿਚੋਂ ਇਕ ਚੀਸ ਜਿਹੀ ਨਿਕਲਦੀ ਹੈ। ਕਾਸ਼ ਦੁਨੀਆਂ ਦੀ ਇਸ ਭੀੜ ਵਿਚ ਉਹ ਕਿਧਰੇ ਫਿਰ ਨਜ਼ਰੀਂ ਆ ਜਾਵਣ।
ਸੰਪਰਕ : 981463-44466
Comments (0)
Facebook Comments (0)