
ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਹਵਾਈ ਫੌਜ ਦੇ ਪਾਇਲਟ ਨੂੰ ਰਿਹਾਅ ਕਰਨ ਦੀ ਪਹਿਲ ਕਦਮੀ ਦਾ ਕੀਤਾ ਸਵਾਗਤ
Fri 1 Mar, 2019 0
ਤਰਨਤਾਰਨ / ਭਿੱਖੀਵਿੰਡ, 28 ਫਰਵਰੀ ( ਹਰਜਿੰਦਰ ਸਿੰਘ ਗੋਲ੍ਹਣ )- ਮੁੱਖ ਮੰਤਰੀ ਪੰਜਾਬ ਕੈਪਟਨ
ਅਮਰਿੰਦਰ ਸਿੰਘ ਨੇ ਹਵਾਈ ਫੌਜ ਦੇ ਪਾਈਲਟ ਸ੍ਰੀ ਅਭਿਨੰਦਨ, ਜਿਸ ਨੂੰ ਬੀਤੇ ਦਿਨੀਂ
ਪਾਕਿਸਤਾਨ ਫੌਜ ਨੇ ਹਿਰਾਸਤ ਵਿਚ ਲਿਆ ਸੀ, ਨੂੰ ਛੱਡਣ ਦੇ ਕੀਤੇ ਐਲਾਨ ਲਈ ਪਾਕਿਸਤਾਨ
ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਹਿਲ ਦਾ ਸਵਾਗਤ ਕਰਦੇ ਕਿਹਾ ਕਿ ਇਹ ਖਿੱਤੇ ਵਿਚ
ਸਾਂਤੀ ਬਹਾਲੀ ਲਈ ਚੰਗਾ ਕਦਮ ਹੈ।
ਖਾਲੜਾ ਵਿਖੇ ਬੀ ਐਸ ਐਫ ਦੇ ਮੋਰਚੇ ਵਿਚੋਂ ਪ੍ਰੈਸ ਨਾਲ ਗੱਲਬਾਤ ਕਰਦੇ ਮੁੱਖ ਮੰਤਰੀ
ਨੇ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਪੈਦਾ ਹੋਇਆ ਤਨਾਅ ਛੇਤੀ ਹੀ ਆਮ ਹਲਾਤਾਂ ਵਿਚ ਬਦਲ
ਜਾਵੇਗਾ ਅਤੇ ਸਥਿਤੀ ਆਮ ਵਰਗੀ ਹੋ ਜਾਵੇਗੀ। ਮੁੱਖ ਮੰਤਰੀ ਨੇ ਅੱਜ ਭਾਰਤ-ਪਾਕਿਸਤਾਨ
ਸਰਹੱਦ ਉਤੇ ਚੱਲਦੇ ਤਨਾਅ ਦੇ ਮੱਦੇਨਜ਼ਰ ਤਰਨਤਾਰਨ ਜਿਲੇ ਦੇ ਸਰਹੱਦੀ ਪਿੰਡਾਂ ਦਾ ਦੌਰਾ
ਕੀਤਾ। ਇਸ ਦੌਰਾਨ ਉਹ ਜਿੱਥੇ ਬੀ. ਐਸ ਐਫ ਦੇ ਜਵਾਨਾਂ ਨੂੰ ਮਿਲੇ, ਉਥੇ ਸਰਹੱਦੀ
ਪਿੰਡਾਂ ਦੇ ਲੋਕਾਂ ਨੂੰ ਮਿਲ ਕੇ ਉਨਾਂ ਦਾ ਹਾਲ-ਚਾਲ ਪੁੱਛਿਆ। ਮੁੱਖ ਮੰਤਰੀ ਬੀਤੇ
ਦਿਨੀਂ ਪੁਲਵਾਮਾ ਵਿਖੇ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ. ਆਰ. ਪੀ. ਐਫ. ਦੇ ਜਵਾਨ
ਸੁਖਜਿੰਦਰ ਸਿੰਘ ਦੇ ਪਰਿਵਾਰ ਨੂੰ ਮਿਲੇ ਅਤੇ ਦੁੱਖ ਸਾਂਝਾ ਕਰਦੇ ਪਰਿਵਾਰ ਨੂੰ ਢਾਰਸ
ਦਿੱਤੀ ਕਿ ਸਰਕਾਰ ਤੁਹਾਡੇ ਨਾਲ ਹੈ।
ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਹਲਕਾ
ਵਿਧਾਇਕ ਖੇਮਕਰਨ ਸ੍ਰੀ ਸੁਖਪਾਲ ਸਿੰਘ ਭੁੱਲਰ, ਪੱਟੀ ਤੋਂ ਵਿਧਾਇਕ ਸ. ਹਰਮਿੰਦਰ ਸਿੰਘ
ਗਿੱਲ, ਵਿਧਾਇਕ ਤਰਨਤਾਰਨ ਡਾ. ਧਰਮਬੀਰ ਅਗਨੀਹੋਤਰੀ, ਡੀ ਜੀ ਪੀ ਸ੍ਰੀ ਦਿਨਕਰ ਗੁਪਤਾ,
ਆਈ ਜੀ ਬਾਰਡਰ ਰੇਂਜ, ਸ੍ਰੀ ਐਸ ਪੀ ਐਸ ਪਰਮਾਰ, ਆਈ ਜੀ ਬੀ ਐਸ ਐਫ ਸ੍ਰੀ ਮਹੀਪਾਲ
ਯਾਦਵ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ, ਐਸ ਐਸ ਪੀ ਸ੍ਰੀ ਕੁਲਦੀਪ ਸਿੰਘ ਚਾਹਲ,
ਸਾਬਕਾ ਮੰਤਰੀ ਸ. ਗੁਰਚੇਤ ਸਿੰਘ ਭੁੱਲਰ, ਸਾਬਕਾ ਵਿਧਾਇਕ ਸ੍ਰੀ ਜਸਬੀਰ ਸਿੰਘ ਡਿੰਪਾ
ਅਤੇ ਹੋਰ ਅਧਿਕਾਰੀ ਤੇ ਕਾਂਗਰਸੀ ਆਗੂ ਵੀ ਹਾਜ਼ਰ ਸਨ।
ਸਵੇਰੇ ਮੁੱਖ ਮੰਤਰੀ ਬੀ ਐਸ ਐਫ ਹੈਡਕੁਆਰਟਰ ਖੇਮਕਰਨ ਵਿਖੇ ਪਹੁੰਚੇ,
ਜਿੱਥੇ ਉਹ ਬੀ ਐਸ ਐਫ ਦੇ ਜਵਾਨਾਂ ਨੂੰ ਮਿਲੇ ਅਤੇ ਫਲ ਭੇਟ ਕਰਕੇ ਸ਼ੁਭ ਕਾਮਨਾਵਾਂ
ਦਿੱਤੀਆਂ। ਉਨਾਂ ਇਸ ਮੌਕੇ ਬੀ ਐਸ ਐਫ ਦੇ ਜਵਾਨਾਂ ਨਾਲ ਤਸਵੀਰਾਂ ਖਿਚਵਾਈਆਂ ਤੇ ਉਨਾਂ
ਨਾਲ ਆਪਣੇ ਫੌਜ ਦੇ ਤਜ਼ਰਬੇ ਸਾਂਝੇ ਕਰਦੇ ਦੱਸਿਆ ਕਿ 1965 ਦੀ ਜੰਗ ਵਿਚ ਉਨਾਂ ਭਾਰਤੀ
ਫੌਜ ਵੱਲੋਂ ਲੜਾਈ ਲੜਦੇ ਹੋਏ 22 ਦਿਨ ਇਸ ਇਲਾਕੇ ਵਿਚ ਬਿਤਾਏ ਸਨ। ਉਨਾਂ ਜਵਾਨਾਂ ਨੂੰ
ਕਿਹਾ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਅਤੇ ਅਸੀਂ ਤੁਹਾਡੇ ਲਈ ਹੀ ਹਾਂ। ਇਸ ਮੌਕੇ
ਆਈ ਜੀ ਬੀ ਐਸ ਐਫ ਸ੍ਰੀ ਮਹੀਪਾਲ ਯਾਦਵ ਨੇ ਸਰਹੱਦ ’ਤੇ ਬੀ ਐਸ ਐਫ ਦੀ ਮੁਸ਼ਤੈਦੀ ਬਾਬਤ
ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਅਸੀਂ ਹਰ ਤਰਾਂ ਦੇ ਹਲਾਤਾਂ ਨਾਲ
ਨਿਜੱਠਣ ਲਈ ਤਿਆਰ ਹਾਂ।
ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ
ਪਿੰਡ ਕਲਸ, ਮਸਤਗੜ, ਕਾਲੀਆ, ਸਕੱਤਰਾ, ਢੋਲਣ, ਲਾਖਣਾ, ਰਾਜੋਕੇ, ਵਾਂ ਤਾਰਾ ਸਿੰਘ,
ਮਾੜੀ ਕੰਬੋ ਕੇ, ਮਾੜੀ ਉਦੋਕੇ, ਮਾੜੀ ਮੇਘਾ, ਮੁੱਗਲਚੱਕ, ਖਾਲੜਾ, ਅੰਮੀਸ਼ਾਹ ਆਦਿ
ਪਿੰਡਾਂ ਵਿਚ ਪਹੁੰਚੇ ਅਤੇ ਪਿੰਡਾਂ ਦੇ ਲੋਕ ਨੂੰ ਮਿਲੇ। ਉਨਾਂ ਕਿਹਾ ਕਿ ਤੁਹਾਨੂੰ
ਆਪਣੇ ਘਰਾਂ ਜਾਂ ਪਿੰਡਾਂ ਤੋਂ ਉਠਣ ਦੀ ਲੋੜ ਨਹੀਂ, ਪਰ ਜੇਕਰ ਅਜਿਹਾ ਹੁੰਦਾ ਹੈ ਤਾਂ
ਸਰਕਾਰ ਤੁਹਾਡੀ ਹਰ ਤਰਾਂ ਦੀ ਸਹਾਇਤਾ ਲਈ ਤਿਆਰ ਹੈ।
ਮੁੱਖ ਮੰਤਰੀ ਨੇ ਇਸ ਮੌਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ
ਨਾਗਰਿਕਾਂ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਲਈ ਅਤੇ ਕਿਹਾ ਕਿ ਉਹ
ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਨਾਲ ਮੀਟਿੰਗ ਕਰਕੇ ਉਨਾਂ ਦੀ ਵਿਸ਼ਵਾਸ ਬਹਾਲੀ
ਲਈ ਕੰਮ ਕਰਨ ਤਾਂ ਜੋ ਲੋਕ ਕਿਸੇ ਅਫਵਾਹ ਕਾਰਨ ਆਪਣਾ ਘਰ-ਬਾਹਰ ਨਾ ਛੱਡਣ। ਤਨਾਅਪੂਰਨ
ਮਾਹੌਲ ਵਿਚ ਸਰਹੱਦੀ ਇਲਾਕੇ ਦੇ ਲੋਕਾਂ ਨਾਲ ਖੜਨ ਦੀ ਆਪਣੀ ਵਚਨਬੱਧਤਾ ਦੁਹਰਾਉਂਦੇ
ਮੁੱਖ ਮੰਤਰੀ ਨੇ ਦੱਸਿਆ ਕਿ ਉਹ ਲਗਾਤਾਰ ਕੇਂਦਰ ਸਰਕਾਰ ਨਾਲ ਸੰਪਰਕ ਵਿਚ ਹਨ ਅਤੇ
ਹਾਲਤਾਂ ਉਤੇ ਨਜ਼ਰ ਰੱਖ ਰਹੇ ਹਨ। ਉਨਾਂ ਕਿਹਾ ਕਿ ਇਸ ਬਾਬਤ ਉਨਾਂ ਮੁੱਖ ਸਕੱਤਰ ਅਤੇ ਡੀ
ਜੀ ਪੀ ਨੂੰ ਹਦਾਇਤ ਕੀਤੀ ਹੈ ਕਿ ਉਹ ਮੌਜੂਦਾ ਹਾਲਤਾਂ ਨੂੰ ਧਿਆਨ ਵਿਚ ਰੱਖਦੇ ਸਰਹੱਦੀ
ਜ਼ਿਲਿਆਂ ਤਰਨਤਾਰਨ, ਅੰਮਿ੍ਰਤਸਰ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ ਤੇ ਫਾਜਿਲਕਾ ਦੇ
ਪੁਲਿਸ ਤੇ ਸਿਵਲ ਪ੍ਰਸ਼ਾਸਨ ਨਾਲ ਇਸ ਬਾਬਤ ਸੰਪਰਕ ਵਿਚ ਰਹਿਣ।
ਉਨਾਂ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਲੋਕਾਂ ਦੇ ਹੌਸਲੇ
ਬੁਲੰਦ ਹਨ ਅਤੇ ਲੋਕ ਆਪਣੇ ਕੰਮ ਧੰਦਿਆਂ ਵਿਚ ਲੱਗੇ ਹੋਏ ਹਨ। ਉਨਾਂ ਕਿਹਾ ਕਿ ਪੰਜਾਬੀ
ਖਾਸ ਕਰ ਸਰਹੱਦੀ ਪੱਟੀ ਦੇ ਲੋਕ ਬਹੁਤ ਬਹਾਦਰ ਹਨ ਅਤੇ ਲੋਕਾਂ ਵਿਚ ਲੜਾਈ ਨੂੰ ਲੈ ਕੇ
ਕੋਈ ਡਰ ਜਾਂ ਸਹਿਮ ਨਹੀਂ ਹੈ। ਮੁੱਖ ਮੰਤਰੀ ਨੇ ਲੋਕਾਂ ਦੀਆਂ ਮੁਸ਼ਿਕਲਾਂ ਸੁਣਦੇ ਕਿਹਾ
ਕਿ ਹਸਪਤਾਲਾਂ, ਸੜਕਾਂ, ਸਕੂਲਾਂ, ਪੁੱਲਾਂ ਆਦਿ ਦੀਆਂ ਜੋ ਸਮੱਸਿਆਵਾਂ ਲੋਕਾਂ ਨੇ
ਦੱਸੀਆਂ ਹਨ, ਉਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਉਚ ਅਧਿਕਾਰੀ ਸਰਹੱਦੀ ਖੇਤਰ ਦਾ ਦੌਰਾ
ਕਰਕੇ ਇਸ ਦਾ ਹੱਲ ਕਰਨਾ ਯਕੀਨੀ ਬਨਾਉਣਗੇ।
Comments (0)
Facebook Comments (0)