ਪੰਜਾਬ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਕੀ ਗੁੱਲ ਖਿਲਾਵੇਗੀ ?-----ਡਾ ਅਜੀਤਪਾਲ ਸਿੰਘ ਐਮ ਡੀ

ਪੰਜਾਬ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਕੀ ਗੁੱਲ ਖਿਲਾਵੇਗੀ ?-----ਡਾ  ਅਜੀਤਪਾਲ ਸਿੰਘ ਐਮ ਡੀ

 

ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਨਸ਼ੇ ਦੀ ਵਧਦੀ ਸਮੱਸਿਆ ਦੇ ਨਾਲ ਨਾਲ ਸ਼ਰਾਬ ਦੀ ਵਧਦੀ ਖਪਤ ਦਾ ਹੱਲ ਵੀ ਲੋਕਾਂ ਦੀ ਪੁਕਾਰ ਸੀ। ਹਰ ਗਲੀ ਚ ਸ਼ਰਾਬ ਦੇ ਠੇਕੇ ਖੋਲ੍ਹਣਾ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੀ ਸੋਚ ਸੀ ਜਿਸ ਨੇ ਪੰਜਾਬ ਵਿੱਚ ਸ਼ਰਾਬ ਦਾ ਇੱਕ ਹੋਰ ਦਰਿਆ ਸ਼ੁਰੂ ਕਰ ਦਿੱਤਾ ਸੀ।ਸ਼ਰਾਬ ਮਾਫੀਆ ਪੰਜਾਬ ਦੇ ਤਾਕਤਵਰ ਸਿਆਸਤਦਾਨਾਂ ਦਾ ਆਪਣਾ ਹੀ ਬੱਚਾ ਸੀ ਅਤੇ ਇਹ ਖੂਨੀ ਹੋਲੀ ਖੇਡਣ ਵਿੱਚ ਮਾਹਰ ਸੀ।ਪੰਜਾਬ ਦੀ ਸ਼ਰਾਬ ਮਹਿੰਗੀ ਕਰ ਦਿੱਤੀ ਗਈ ਜੋ ਸੂਬੇ ਨੂੰ  ਤਬਾਹੀ ਦੇ ਕੰਢੇ ਲੈ ਗਈ ਇਸ ਤਬਾਹੀ ਦਾ ਵੱਡਾ ਸਬੂਤ ਤਾਂ  ਸਕੂਲੀ ਨੌਜਵਾਨਾਂ ਦਾ ਨਸ਼ੇ ਦੇ ਹੜ੍ਹ ਵਿੱਚ ਰੁੜ੍ਹ ਜਾਣਾ ਤੇ ਆਮ ਪੰਜਾਬੀ ਵੀ ਇਸ ਤੋਂ ਨਹੀਂ ਬਚ ਸਕਰ। ਜਦੋਂ ਕਾਂਗਰਸ ਸਰਕਾਰ ਆਈ ਉਦੋਂ ਸ਼ਰਾਬ ਮਾਫੀਆਂ ਨੂੰ ਤੋੜਨ ਵਾਸਤੇ ਕੁਝ ਕਦਮ ਸ਼ਰਾਬ ਦੀ ਪੈਦਾਵਾਰ ਘਟਾਉਣ ਵਾਸਤੇ ਚੁੱਕੇ ਤੇ ਪਹਿਲੀ ਸਰਕਾਰ ਦੀ ਪੈਦਾ ਕੀਤੀ ਸਮੱਸਿਆ ਨੂੰ ਚੁਣੌਤੀ ਦੇਣ ਦੀ ਨੀਤੀ ਲਾਗੂ ਕੀਤੀ ਪਰ ਦੂਜੇ ਸਾਲ ਵਿੱਚ ਦਾਖਲ ਹੁੰਦਿਆਂ ਹੀ ਕਾਂਗਰਸ ਨੇ ਆਪਣੀ ਨੀਤੀ ਬਦਲ ਲਈ।ਸਸਤੀ ਸ਼ਰਾਬ ਦਾ ਦਰਿਆ ਹੁਣ ਪੰਜਾਬ ਸਰਕਾਰ ਦੀ ਨੀਤੀ ਬਣ ਗਈ ਹੈ। ਹੁਣ ਸਰਕਾਰੀ ਟੋਲੀਆਂ ਪੰਜਾਬ ਦੀਆਂ ਸਰਹੱਦਾਂ ਤੇ ਸ਼ਰਾਬ ਦੀ ਤਸਕਰੀ ਨੂੰ ਰੋਕਣ ਦਾ ਕੰਮ ਕਰਨਗੀਆਂ ਇਹੀ ਨਹੀਂ ਸਰਕਾਰ ਨੇ ਯਕੀਨੀ ਬਣਾ ਦਿੱਤਾ ਹੈ ਕਿ ਸ਼ਰਾਬ ਹੁਣ ਪਹਿਲਾਂ ਤੋਂ ਵੀ ਘਟ ਰੇਟ ਤੇ ਮਿਲਿਆ ਕਰੇਗੀ।ਨੀਤੀਆਂ ਚ ਤਬਦੀਲੀ ਦਾ ਬਹਾਨਾ ਤਾਂ ਸਰਕਾਰ ਦੀ ਥੋੜ੍ਹੀ ਆਮਦਨ ਹੈ। ਪੰਜਾਬ ਸਰਕਾਰ ਇਸ ਨੂੰ ਵਧਾਉਣ ਲਈ ਅਨੇਕਾਂ ਪਾਪੜ ਵੇਲਣ ਜਾ ਰਹੀ ਹੈ। ਮੁਨਾਫ਼ੇ ਵਿੱਚੋਂ  ਪੰਜਾਬ ਸਰਕਾਰ ਨੇ ਤੀਹ ਕਰੋੜ ਰੁਪਏ ਸ਼ਰਾਬ ਨਾਲ ਹੋਣ ਵਾਲੀਆਂ  ਬਿਮਾਰੀਆਂ ਵਾਸਤੇ ਰੱਖ ਦਿੱਤੇ ਹਨ ਪਰ ਜੇ ਤੁਸੀਂ ਸ਼ਰਾਬ ਪਿਅਾ ਕੇ ਲੋਕਾਂ ਨੂੰ ਬਿਮਾਰ ਵੀ ਆਪ ਹੀ ਕਰਨਾ ਹੈ ਤਾਂ ਫਿਰ ਦਵਾਈ ਦੇਣ ਦਾ ਨਾਟਕ ਕਿਉਂ ? ਤਾਮਿਲਨਾਡੂ ਵਿੱਚ ਇੱਕ ਹੋਰ ਸ਼ਰਾਬ ਮਾਡਲ ਚੱਲਦਾ ਹੈ,ਜਿੱਥੇ ਸ਼ਰਾਬ ਦੀ ਵਿਕਰੀ ਸਰਕਾਰ ਦੇ ਹੱਥਾਂ ਵਿੱਚ ਹੈ ਅਤੇ ਸ਼ਰਾਬ ਨਾਲ ਹੋਣ ਵਾਲਾ ਸਾਰਾ ਮੁਨਾਫਾ ਸੂਬੇ ਵਿੱਚ ਵਰਤਿਆ ਜਾਂਦਾ ਹੈ। ਦੋ ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਅਜਿਹੀ ਯੋਜਨਾ ਤਾਂ ਲਾਗੂ ਕੀਤੀ ਨਹੀਂ ਜਿਸ ਯੋਜਨਾ ਨਾਲ ਸ਼ਰਾਬ ਮਾਫ਼ੀਆ ਨੂੰ ਖਤਮ ਕੀਤਾ ਜਾ ਸਕਦਾ ਸੀ ਪਰ ਅੱਜ ਮਾਫੀਆਂ ਨੂੰ ਜਾਂ ਤਾਂ ਨਵੀਆਂ ਸਿਆਸੀ ਤਾਕਤਾਂ ਨੇ ਆਪਣੇ ਖੰਭਾਂ ਹੇਠ ਲੈ ਲਿਆ ਹੈ ਜਾਂ ਫਿਰ ਮਿਲੀ ਭੁਗਤ ਚੱਲ ਰਹੀ ਹੈ ।ਸਰਕਾਰ ਦੇ ਫੈਸਲਿਆਂ ਨਾਲ ਪੰਜਾਬੀਆਂ ਦੀ ਸਿਹਤ ਉੱਤੇ ਪੈਣ ਵਾਲੇ ਮਾੜੇ ਅਸਰਾਂ ਤੋਂ ਸਰਕਾਰ ਜੇਕਰ ਵਾਕਿਫ ਨਾ ਹੋਵੇ ਤਾਂ ਫਰਵਰੀ 2019 ਦੀ ਏਮਜ਼ ਰਿਪੋਰਟ ਧਿਆਨ ਨਾਲ ਪੜ੍ਹ ਲਵੇ। ਜਿਸ ਅਨੁਸਾਰ ਪੂਰੇ ਦੇਸ਼ ਵਿੱਚ 72 ਲੱਖ ਲੋਕ ਨਸ਼ੇ ਦੇ ਆਦੀ ਹਨ ਅਤੇ ਇਕੱਲੇ ਛੇ ਕਰੋੜ ਤਾਂ ਸ਼ਰਾਬ ਦੇ ਹੀ ਆਦੀ ਹਨ। ਪੰਜਾਬ ਨਸ਼ੇ ਅਤੇ ਸ਼ਰਾਬ ਦੋਹਾਂ ਹੀ ਅੰਕੜਿਆਂ ਚ ਸਾਰੇ ਦੇਸ਼ ਨਾਲੋਂ ਅੱਗੇ ਹੈ। ਸਾਰੇ ਸੂਬੇਿਅਾ ਦੇ ਮੁਕਾਬਲੇ ਦਸ ਤੋਂ ਸਤਾਰਾਂ ਸਾਲ ਦੀ ਉਮਰ ਦੇ ਪੰਜਾਬੀ ਬੱਚੇ ਸਭ ਤੋਂ ਵੱਧ ਸ਼ਰਾਬ ਦਿੰਦੇ ਹਨ। 1.2 ਲੱਖ ਬੱਚੇ ਅਜੇ ਵੀ ਪੰਜਾਬ ਵਿੱਚ ਸ਼ਰਾਬ ਪੀ ਰਹੇ ਹਨ। ਸੋ ਨੌਜਵਾਨਾਂ ਨਾਲ ਬੱਚੇ ਵੀ ਖ਼ਤਰੇ ਵਿੱਚ ਹਨ।ਪੰਜਾਬ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਬਹੁਤ ਹੀ ਭੱਦਾ ਸੰਕੇਤ ਦੇ ਰਹੀ ਹੈ।

 

 ਡਾ: ਅਜੀਤਪਾਲ ਸਿੰਘ ਐਮ ਡੀ                                  

ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ             

9815629301