ਕਿੰਨਾ ਕੁ ਨੁਕਸਾਨਦੇਹ ਹੈ ਨਕਲੀ ਦਵਾਈਆਂ ਦਾ ਕਾਰੋਬਾਰ ਡਾ ਅਜੀਤਪਾਲ ਸਿੰਘ ਐਮ ਡੀ
Fri 8 Mar, 2019 0ਕਿੰਨਾ ਕੁ ਨੁਕਸਾਨਦੇਹ ਹੈ ਨਕਲੀ ਦਵਾਈਆਂ ਦਾ ਕਾਰੋਬਾਰ ਡਾ ਅਜੀਤਪਾਲ ਸਿੰਘ ਐਮ ਡੀ
ਜਦੋਂ ਵੀ ਤੁਸੀਂ ਕਿਸੇ ਦਵਾਈ ਦੀ ਦੁਕਾਨ(ਕੈਮਿਸਟ) ਤੋਂ ਕੋਈ ਸਧਾਰਨ ਜਾਂ ਖ਼ਾਸ ਦਵਾਈ ਖਰੀਦੋ ਤਾਂ ਉਸ ਦੀ ਪੱਕੀ ਰਸੀਦ ਜ਼ਰੂਰ ਮੰਗੋ,ਨਾਲ ਹੀ ਆਪਣੇ ਵੱਲੋਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਜੋ ਦਵਾਈ ਖਰੀਦ ਰਹੇ ਹੋ ਉਹ ਅਸਲੀ ਤਾਂ ਹੈ ? ਕਾਰਨ ਪੂਰੇ ਦੇਸ਼ ਚ ਪ੍ਰਸਿੱਧ ਕੰਪਨੀਆਂ ਦੀਆਂ ਪ੍ਚਲਿਤ ਦਵਾਈਆਂ ਦੇ ਨਾਂ ਹੇਠ ਨਕਲੀ ਦਵਾਈਆਂ ਵੇਚੀਅਾ ਜਾ ਰਹੀਆਂ ਹਨ।ਇਨ੍ਹਾਂ ਦਵਾਈਆਂ ਵਿੱਚ ਜਾਂ ਤਾਂ ਲਿਖੇ ਹੋਏ ਤੱਤਾਂ ਦੀ ਥਾਂ ਚੂਨਾ ਪਾਊਡਰ,ਚਾਰਕੋਲ ਜਾਂ ਹੋਰ ਕੁਝ ਮਿਲਿਆ ਹੁੰਦਾ ਹੈ ਜਾਂ ਫਿਰ ਅਜਿਹੇ ਨੁਕਸਾਨਦੇਹ ਤੱਤ ਵੀ,ਜੋ ਕਿਸੇ ਦੀ ਮੌਤ ਦਾ ਕਾਰਨ ਹੋ ਸਕਦੇ ਹਨ।
ਪਿੱਛੇ ਜਿਹੇ ਹੀ ਇੱਕ ਜਨਹਿੱਤ ਪਟੀਸ਼ਨ ਦੇ ਜ਼ਰੀਏ ਹਾਸਲ ਜਾਣਕਾਰੀ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਭਾਰਤ ਦੇ ਬਾਜ਼ਾਰ ਚ ਚਾਲੀ ਫੀਸਦੀ ਤੱਕ ਦਵਾਈਆਂ ਨਕਲੀ ਹਨ। ਲੱਖਾਂ ਕਰੋੜਾਂ ਲੋਕ ਰੋਜ਼ਾਨਾ ਅਜਿਹੀਆਂ ਦਵਾਈਆਂ ਦੀ ਵਰਤੋਂ ਕਰ ਰਹੇ ਹਨ ਜਿਸ ਨਾਲ ਜਾਂ ਤਾਂ ਉਨ੍ਹਾਂ ਦੀ ਮਰਜ਼ ਜਿਊਂਦੀ ਦੀ ਤਿਉਂ ਬਣੀ ਰਹਿੰਦੀ ਹੈ ਜਾਂ ਵੱਧ ਜਾਂਦੀ ਹੈ ਜਾਂ ਫਿਰ ਖਤਰਨਾਕ ਤੱਤਾਂ ਦੇ ਕਾਰਨ ਉਹ ਬੇਵਕਤ ਮੌਤ ਦੇ ਮੂੰਹ ਵਿੱਚ ਧੱਕੇ ਜਾ ਰਹੇ ਹਨ।ਹਾਲਾਂਕਿ ਪਟੀਸ਼ਨ ਜ਼ਰੀਏ ਹਾਸਲ ਕੀਤੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਤਾਮਿਲਨਾਡੂ ਬਿਹਾਰ ਮਹਾਂਰਾਸ਼ਟਰ ਪੱਛਮੀ ਬੰਗਾਲ ਵਰਗੇ ਸੂਬੇ ਚ ਨਕਲੀ ਦਵਾਈਆਂ ਸਭ ਤੋਂ ਵੱਧ ਵਿਕ ਰਹੀਆਂ ਹਨ ਪਰ ਦੇਸ਼ ਦੇ ਦੂਜੇ ਸੂਬਿਆਂ ਦੀ ਤਸਵੀਰ ਇਸ ਤੋਂ ਬਹੁਤ ਵੱਖਰੀ ਨਹੀਂ ਹੈ। ਦਿੱਲੀ ,ਗੋਆ,ਸਿੱਕਮ,ਰਾਜਸਥਾਨ,ਪੰਜਾਬ,ਹਰਿਆਣਾ,ਮੱਧ ਪ੍ਰਦੇਸ਼, ਝਾਰਖੰਡ ਵਰਗੇ ਸੂਬਿਆਂ ਵਿੱਚ ਵੀ ਪਿਛਲੇ ਦਿਨੀਂ ਮੁਹਿੰਮ ਦੇ ਤਹਿਤ ਦਵਾਈਆਂ ਦਾ ਵੱਡਾ ਜ਼ਖ਼ੀਰਾ ਫੜਿਆ ਗਿਆ ਹੈ।ਇਸ ਤੋਂ ਪਹਿਲਾਂ ਵੀ ਇੰਡੀਅਨ ਮੈਡੀਕਲ ਕੌਂਸਲ ਨੇ ਕੇਂਦਰ ਸਰਕਾਰ ਨੂੰ ਸੌਂਪੀ ਆਪਣੀ ਰਿਪੋਰਟ ਚ ਦਾਅਵਾ ਕੀਤਾ ਸੀ ਕਿ ਦੇਸ਼ ਚ ਨਕਲੀ ਤੇ ਬਨਾਵਟੀ ਦਵਾਈਆਂ ਦਾ ਵੱਡਾ ਕਾਰੋਬਾਰ ਕੁੱਲ ਦਵਾਈਆਂ ਦੇ ਕਾਰੋਬਾਰ ਦਾ ਕਰੀਬ ਪੈਂਤੀ ਫੀਸਦੀ ਤੱਕ ਪਹੁੰਚ ਗਿਆ ਹੈ। ਦਰਅਸਲ ਕਨੂੰਨ ਪ੍ਰਵਰਤਨ ਏਜੰਸੀਆਂ ਦੀਆਂ ਖਾਮੀਆਂ,ਜਾਂਚ ਲਬਾਟਰੀਆਂ ਦੀ ਘਾਟ ਕਰਕੇ ਨਕਲੀ ਦਵਾਈਆਂ ਦਾ ਧੰਦਾ ਸਾਲਾਨਾ ਪੱਚੀ ਫ਼ੀਸਦੀ ਦੀ ਦਰ ਨਾਲ ਵਧਦਾ ਜਾ ਰਿਹਾ ਹੈ। ਰਾਜਸੀ ਇੱਛਾ ਸ਼ਕਤੀ ਦੀ ਵੀ ਘਾਟ ਹੈ। ਮੌਤ ਦੇ ਸੌਦਾਗਰਾ ਨੇ ਆਪਣਾ ਜਾਲ ਦੇਸ਼ ਦੇ ਲਗਭਗ ਸਾਰੇ ਅਹਿਮ ਸੂਬਿਅਾ ਵਿੱਚ ਫੈਲਾ ਲਿਆ ਹੈ।ਇਹੀ ਕਾਰਨ ਹੈ ਕਿ ਨਕਲੀ ਦਵਾਈਆਂ ਦਾ ਕਾਰੋਬਾਰ ਸਾਲਾਨਾ ਅੱਠ ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।ਇੱਕ ਪਾਸੇ ਦੁਨੀਆਂ ਚ ਭਾਰਤ ਦੀ ਪਹਿਚਾਣ ਸਸਤੀਆਂ ਜੈਨਰਿਕ ਦਵਾਈਆਂ ਦੇ ਵੱਢੇ ਉਤਪਾਦਕ ਦੇਸ਼ ਵਜੋਂ ਬਣੀ ਹੋਈ ਹੈ ਤਾਂ ਦੂਜੇ ਪਾਸੇ ਦੁਨੀਆਂ ਭਰ ਵਿੱਚ ਨਕਲੀ ਦਵਾਈਆਂ ਦੇ ਉਤਪਾਦਕ ਦੇਸ਼ ਵਜੋਂ ਇਹ ਬਦਨਾਮ ਹੋ ਚੁੱਕਿਆ ਹੈ।ਆਰਗੇਨਾਈਜੇਸ਼ਨ ਫਾਰ ਇਕਨਾਮਿਕ ਕੋਆਪ੍ਰੇਸ਼ਨ ਐਂਡ ਡਿਵੈਲਪਮੈਂਟ ਦੇ ਅੰਕੜਿਆਂ ਮੁਤਾਬਕ ਦੁਨੀਆਂ ਦੇ ਬਾਜ਼ਾਰਾ ਵਿੱਚ ਜੋ ਨਕਲੀ ਦਵਾਈਆਂ ਵਿਕ ਰਹੀਆਂ ਹਨ ਉਨ੍ਹਾਂ ਵਿੱਚ 75 ਫੀਸਦੀ ਦਵਾਈਆਂ ਭਾਰਤ ਚ ਬਣੀਆਂ ਹੁੰਦੀਆਂ ਹਨ। ਹਕੀਕਤ ਹੈ ਕਿ ਨਕਲੀ ਦਵਾਈਆਂ ਦਾ ਧੰਦਾ ਬੜੇ ਹੀ ਵਿਉਂਤਬੰਦ ਤੇ ਜਥੇਬੰਦਕ ਤਰੀਕੇ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਵਿੱਚ ਦਵਾ ਮਾਫੀਆ ਦੇ ਨਾਲ ਸਰਕਾਰੀ ਤੰਤਰ ਅਤੇ ਰਾਜਸੀ ਨੇਤਾਵਾਂ ਦੀ ਵੀ ਮਿਲੀਭੁਗਤ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਨਕਲੀ ਦਵਾਈਆਂ ਦੇ ਕਾਰੋਬਾਰ ਦਾ ਕੇਂਦਰ ਹੈ ਇੱਥੋਂ ਇਸ ਦਾ ਨੈੱਟਵਰਕ ਦੇਸ਼ ਦੇ ਹੋਰਨਾਂ ਰਾਜਾਂ ਦੇ ਨਾਲ ਵਿਦੇਸ਼ਾਂ ਵਿੱਚ ਵੀ ਫੈਲਿਆ ਹੋਇਆ ਹੈ। ਇਹੀ ਵਜ੍ਹਾ ਹੈ ਕਿ ਅਕਸਰ ਵਿਦੇਸ਼ਾਂ ਚ ਨਕਲੀ ਦਵਾਈਆਂ ਦੀ ਖੇਪ ਦੇ ਫੜੇ ਜਾਣ ਦੀ ਭਾਰਤ ਨਾ ਆਉਂਦਾ ਹੈ। ਕਈ ਦੇਸ਼ਾਂ ਨੇ ਇਸ ਬਾਰੇ ਭਾਰਤ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਪਰ ਇਸ ਦੇ ਬਾਵਜੂਦ ਇਸ ਨੈੱਟਵਰਕ ਨੂੰ ਢਹਿ ਢੇਰੀ ਕਰਨ ਵਿੱਚ ਕਾਮਯਾਬੀ ਹਾਸਲ ਨਹੀਂ ਹੋ ਰਹੀ ਹੈ। ਵਜ੍ਹਾ ਹੈ ਖੋਜ-ਪਰਖ ਦੇ ਸਾਧਨਾਂ ਦੀ ਕਮੀ,ਹਾਲਾਂਕਿ ਸਰਕਾਰਾਂ ਇਸ ਦਿਸ਼ਾ ਵਿੱਚ ਕੁੱਝ ਨਾ ਕੁੱਝ ਪਹਿਲ ਕਰਦੀਆਂ ਜ਼ਰੂਰ ਨਜ਼ਰ ਆਉਂਦੀਆਂ ਹਨ।
ਸਾਲ 2003 ਵਿੱਚ ਵੀ ਐੱਨਡੀਏ ਦੇ ਹਕੂਮਤੀ ਅਰਸੇ ਦੌਰਾਨ ਨਕਲੀ ਦਵਾਈਆਂ ਦੇ ਕਾਰੋਬਾਰ ਤੇ ਰੋਕ ਲਾਉਣ ਦੀ ਗੱਲ ਕੀਤੀ ਗਈ ਸੀ। ਆਰ ਏ ਮਾਸ਼ੇਲਕਰ ਸੰਮਤੀ ਦਾ ਗਠਨ ਕੀਤਾ ਗਿਆ ਜਿਸ ਨੇ ਮੌਤ ਦਾ ਕਾਰੋਬਾਰ ਕਰਨ ਵਾਲੀਆਂ ਨੂੰ ਮੌਤ ਦੀ ਸਜ਼ਾ ਦੀ ਸਿਫਾਰਿਸ਼ ਕੀਤੀ ਸੀ ਪਰ ਇਹ ਸੁਝਾਅ ਸੰਸਦ ਚ ਪਾਸ ਨਹੀਂ ਹੋ ਸਕਿਆ। ਕਿਹਾ ਜਾਂਦਾ ਹੈ ਕਿ ਉਦੋਂ ਇਸ ਖਿਲਾਫ ਕਈ ਦਵਾ ਕੰਪਨੀ ਅਤੇ ਰਾਜਨੇਤਾ ਵੀ ਖੜ੍ਹੇ ਹੋ ਗਏ ਸਨ। ਵੈਸੇ ਨਕਲੀ ਦਵਾਈਆਂ ਦੀ ਖੇਡ ਚ ਕਈ ਦਵਾ ਕੰਪਨੀਆਂ',ਰਾਜਸੀ ਨੇਤਾਵਾਂ, ਸਬੰਧਤ ਸਰਕਾਰੀ ਵਿਭਾਗਾਂ ਦੇ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਤੇ ਅਕਸਰ ਦੋਸ਼ ਲੱਗਦੇ ਹਨ ਕਿ ਮੋਟੀ ਕਮਾਈ ਕਾਰਨ ਇਸ ਨੈੱਟਵਰਕ ਨੂੰ ਤੋੜਨ ਦੀ ਉਹ ਜਹਿਮਤ ਨਹੀਂ ਕਰਦੇ।ਕਾਰਵਾਈ ਦੇ ਨਾਂ ਹੇਠ ਮਹਿਜ ਖਾਨਾਪੂਰਤੀ ਹੀ ਹੁੰਦੀ ਹੈ। ਕਹਿਣ ਨੂੰ ਤਾਂ ਨਕਲੀ ਦਵਾਈਆਂ ਤੇ ਨਕੇਲ ਕਸਣ ਲਈ ਕੇਂਦਰ ਸਰਕਾਰ ਵਿੱਚ ਇੱਕ ਡਰੱਗ ਕੰਟਰੋਲ ਵਿਭਾਗ ਦੇ ਸੂਬਾ ਪੱਧਰੀ ਡਰੱਗ ਕੰਟਰੋਲਰ ਅਤੇ ਡਰੱਗ ਨਿਰੀਖਕ ਹੁੰਦੇ ਹਨ ਪਰ ਇਹ ਵੀ ਇਸ ਧੰਦੇ ਤੋਂ ਕਾਲੀ ਕਮਾਈ ਕਰਨ ਵਿੱਚ ਜੁਟੇ ਹੋਏ ਹਨ। ਲਿਹਾਜਾ ਇਹ ਮਰਜ਼ ਵਧੀ ਜਾ ਰਹੀ ਹੈ। ਗਾਜ਼ੀਆਬਾਦ,ਮੇਰਠ,ਫਰੀਦਾਬਾਦ,ਨੋਏਡਾ,ਮੁਜਫ਼ਰਨਗਰ ਤੇ ਸਹਾਰਨਪੁਰ ਚ ਵੀ ਨਕਲੀ ਦਵਾਈਆਂ ਦੀਆਂ ਕਈ ਛੋਟੀਆਂ ਛੋਟੀਆਂ ਇਕਾਈਆਂ ਕੰਮ ਕਰਦੀਆਂ ਹਨ,ਜਿੱਥੇ ਵੱਡੀਆਂ ਕੰਪਨੀਆਂ ਦੇ ਲੇਬਲ ਲਾ ਕੇ ਨਕਲੀ ਤੇ ਘਟੀਆ (ਘੱਟ ਗੁਣਵੰਤਾ ਵਾਲੀਆਂ) ਦਵਾਈਆਂ ਬਣਾਈਆਂ ਜਾਂਦੀਆਂ ਹਨ। ਇਸ ਨੂੰ ਬੜੇ ਹੀ ਵਿਉਤਬੱਧ ਤਰੀਕੇ ਨਾਲ ਦੇਸ਼ ਦੇ ਬਾਜ਼ਾਰਾਂ ਚ ਉਤਾਰ ਦਿੱਤਾ ਜਾਂਦਾ ਹੈ ਕਿਉਂਕਿ ਵੱਡੀਆਂ ਕੰਪਨੀਆਂ ਦੀ ਦਵਾਈਆਂ ਤੇ ਛੋਟੀਆਂ ਕੰਪਨੀਆਂ ਦੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਤਿੰਨ ਸੌ ਤੋਂ ਚੇਰ ਸੌ ਫੀਸਦੀ ਤੱਕ ਦਾ ਫਰਕ ਹੁੰਦਾ ਹੈ। ਅਜਿਹੇ ਚ ਦਵਾਈਆਂ ਦੇ ਡਿਸਟ੍ਰੀਬਿਊਟਰ ਛੋਟੀਆਂ ਕੰਪਨੀਆਂ ਦੀਆਂ ਦਵਾਈਆਂ ਤੇ ਵੱਡੀ ਕੰਪਨੀਆਂ ਦਾ ਲੇਬਲ ਲਾ ਕੇ ਮਾਲ ਲੈ ਲੈਂਦੇ ਹਨ ਅਤੇ ਉਸ ਨੂੰ ਪਰਚੂਨ ਵਿਕਰੇਤਾ ਦੇ ਰਾਹੀਂ ਗਾਹਕਾਂ ਨੂੰ ਅਸਲੀ ਕੰਪਨੀ ਦੇ ਰੇਟ ਤੇ ਵੇਚਦੇ ਹਨ। ਇਸ ਧੰਦੇ ਵਿੱਚ ਡਰੱਗ ਇੰਸਪੈਕਟਰ ਤੋਂ ਲੈ ਕੇ ਡਿਸਟ੍ਰੀਬਿਊਟਰ ਅਤੇ ਰਿਟੇਲਰ ਤੋਂ ਲੈਕੇ ਏਜੰਟ ਤੱਕ ਸ਼ਾਮਲ ਹੁੰਦੇ ਹਨ। ਇਹ ਵਿੱਚ ਹਰ ਕਿਸੇ ਦਾ ਆਪਣਾ ਆਪਣਾ ਮੁਨਾਫਾ ਤਹਿ ਹੁੰਦਾ ਹੈ। ਯਾਦ ਰਹੇ ਕਿ ਦਵਾਈਆਂ ਦੇ ਨਿਰਮਾਨ ਚ ਭਾਰਤ ਦੀ ਦਸਵੀਂ ਥਾਂ ਤੇ ਹੈ ਪਰ ਨਕਲੀ ਦਵਾਈਆਂ ਦੇ ਨਿਰਮਾਣ ਚ ਹੀ ਇਹ ਸਭ ਤੋਂ ਉੱਚੇ ਪਾਏਦਾਨ ਤੇ ਪਹੁੰਚ ਚੁੱਕਿਆ ਹੈ। ਜਾਣਕਾਰ ਕਹਿੰਦੇ ਹਨ ਕਿ ਦੇਸ਼ ਚ ਦਵਾਈਆਂ ਦੀਆਂ ਕੰਪਨੀਆਂ ਨੂੰ ਲਾਇਸੰਸ ਦੇਣ ਦਾ ਅਮਲ ਬੇਹੱਦ ਲਚਕਦਾਰ ਹੈ। ਉਨ੍ਹਾਂ ਦੀ ਜਾਂਚ ਦੇ ਵਸੀਲੇ ਵੀ ਬਹੁਤ ਥੋੜ੍ਹੇ ਹਨ। ਇਸ ਕਾਰਨ ਵੀ ਨਸ਼ਿਆਂ ਦੇ ਕਾਰੋਬਾਰ ਤੇ ਰੋਕ ਲਾਉਣ ਚ ਮੁਸ਼ਕਿਲ ਪੇਸ਼ ਆ ਰਹੀ ਹੈ। ਦੇਸ਼ ਵਿੱਚ ਦਸ ਜਜ਼ਾਰ ਤੋਂ ਵੱਧ ਦਵਾ ਨਿਰਮਾਤਾ ਕੰਪਨੀਆਂ ਹਨ ਅਤੇ ਛੇ ਲੱਖ ਤੋਂ ਵੱਧ ਕੈਮਿਸਟ ਪਰ ਦਵਾਈਆਂ ਦੀ ਜਾਂਚ ਲਈ ਪੂਰੇ ਦੇਸ਼ ਚ ਸਿਰਫ ਸੈਂਤੀ ਸਰਕਾਰੀ ਲਬਾਟਰੀਅਾ ਹਨ ਜਿਨ੍ਹਾਂ ਚੋਂ ਸਿਰਫ ਸੱਤ ਇਸ ਸਮੇਂ ਕੰਮ ਕਰਦੀਆਂ ਹਨ। ਠੀਕ ਇਸੇ ਤਰ੍ਹਾਂ ਕੌਮੀ ਪੱਧਰ ਤੇ ਸਿਰਫ਼ ਪੈਂਤੀ ਡਰੱਗ ਨਿਰੀਖਕ ਹਨ ਜਦ ਕਿ ਦੇਸ਼ ਚ ਕੁੱਲ ਇੱਕ ਹਜ਼ਾਰ ਨਿਰੀਖਕ ਹਨ।
ਵੈਸੇ ਦੇਸ਼ ਵਿੱਚ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਦੋ ਸੌ ਡਰੱਗ ਇੰਸਪੈਕਟਰ ਆਰਜ਼ੀ ਰੱਖੇ ਹਨ ਪਰ ਕੀ ਦਵਾਈਆਂ ਦੇ ਇਸ ਮੱਕੜਜਾਲ ਤੇ ਕਾਬੂ ਪਾਇਆ ਜਾ ਸਕੇਗਾ ? ਇਹ ਗੱਲ ਦੇਖਣ ਵਾਲੀ ਹੈ। ਦਿੱਲੀ ਚ ਵੀ ਦਵਾ ਕੰਪਨੀਆਂ ਦੀਆਂ ਛੋਟੀਆਂ ਵੱਡੀਆਂ 139 ਫੈਕਟਰੀਆਂ ਤੇ ਲੱਗਭਗ 10 ਹਜ਼ਾਰ ਦਵਾਈ ਦੀਆਂ ਦੁਕਾਨਾਂ ਹਨ ਪਰ ਡਰੱਗ ਕੰਟਰੋਲਰ ਵਿਭਾਗ ਪਾਸ ਸਿਰਫ਼ 28 ਨਿਰੀਖਕ ਤੇ ਦੋ ਮੈੰਬਰੀ ਇਟੇਲੀਜੈੰਸ ਟੀਮ ਹੈ। ਅਜਿਹੇ ਵਿੱਚ ਦਵਾ ਕੰਪਨੀਆਂ ਦੇ ਨਮੂਨਿਆਂ ਦੀ ਜਾਂਚ ਕਿਵੇਂ ਹੁੰਦੀ ਹੋਵੇਗੀ,ਸਮਝਿਆ ਜਾ ਸਕਦਾ ਹੈ। ਡਰੱਗ ਕੰਟਰੋਲਰ ਤੇ ਨਿਰੀਖਕ ਦੇ ਕੰਮ ਕਰਨ ਦੇ ਤਰੀਕੇ ਤੋਂ ਵੀ ਲੋਕ ਅੱਛੀ ਤਰ੍ਹਾਂ ਵਾਕਿਫ਼ ਹਨ,ਹੈਰਾਨੀ ਤਾਂ ਇਹ ਹੈ ਕਿ ਦਵਾਈਆਂ ਦੀ ਅਸਲੀ ਫੈਕਟਰੀਆਂ ਵਿੱਚ ਵੀ ਨਕਲੀ ਦਵਾਈਆਂ ਬਣਾਈਆਂ ਜਾ ਰਹੀਆਂ ਹਨ। ਦਵਾ ਨਿਰਮਾਤਾ ਕੰਪਨੀ ਦੇ ਰੂਪ ਚ ਰਜਿਸਟਰਡ ਛੋਟੀਆਂ ਕੰਪਨੀਆਂ ਵੱਡੀਆਂ ਕੰਪਨੀਆਂ ਦਾ ਲੇਬਲ ਲਾ ਕੇ ਆਪਣਾ ਘਟੀਆ ਮਾਲ ਬਾਜ਼ਾਰ ਭੇਜ ਰਹੀਆਂ ਹਨ। ਇਨ੍ਹਾਂ ਦਵਾਈਆਂ ਦੀ ਪੈਕਿੰਗ ਵੀ ਅੈਸੀ ਹੀ ਕੀਤੀ ਜਾਂਦੀ ਹੈ ਕਿ ਵੇਖ ਕੇ ਕੋਈ ਇਸ ਨੂੰ ਨਕਲੀ ਨਹੀਂ ਕਹਿ ਸਕਦਾ। ਇਥੋਂ ਤੱਕ ਕਿ ਡਾਕਟਰ ਵੀ ਧੋਖਾ ਖਾ ਜਾਂਦੇ ਹਨ ਕਿਉਂਕਿ ਇਹ ਦੇਖਣ ਚ ਬਿਲਕੁਲ ਅਸਲੀ ਦਵਾਈਆਂ ਵਰਗੇ ਹੁੰਦੇ ਹਨ। ਫਰਕ ਹੈ ਤਾਂ ਸਿਰਫ ਕੱਚੇ ਮਾਲ ਵਿੱਚ। ਇਸ ਤਰ੍ਹਾਂ ਦੀਆਂ ਦਵਾਈਆਂ ਮਰਜ਼ ਤਾਂ ਕੀ ਠੀਕ ਕਰਨਗੀਆਂ ਉਲਟਾ ਰੋਗੀ ਨੂੰ ਹੋਰ ਬੀਮਾਰ ਕਰ ਦਿੰਦੀਆਂ ਹਨ ਤੇ ਇਨ੍ਹਾਂ ਦਵਾਈਆਂ ਨਾਲ ਮੌਤ ਦੀ ਖਬਰ ਵੀ ਅਕਸਰ ਮਿਲਦੀ ਰਹਿੰਦੀ ਹੈ। ਨਕਲੀ ਦਵਾਈਆਂ ਦੇ ਕਾਰੋਬਾਰ ਚ ਬੇਹਿਸਾਬ ਕਾਲੀ ਕਮਾਈ ਦਾ ਸਿੱਟਾ ਹੈ ਕਿ ਦਿੱਲੀ ਤੇ ਪੰਜਾਬ ਦੇ ਕਈ ਵੱਡੇ ਡਿਸਟਰੀਬਿਊਟਰਾਂ ਨੇ ਹੁਣ ਆਪਣੇ ਖੁਦ ਦੇ ਯੂਨਿਟ ਲਾ ਲਏ ਹਨ। ਦਿੱਲੀ ਨਾਲ ਲੱਗਦੇ ਬਹਾਦੁਰਗੜ੍ਹ ਤੇ ਪੰਜਾਬ ਦੇ ਕਈ ਕਸਬਿਆਂ ਵਿੱਚ ਇਨ੍ਹਾਂ ਲੋਕਾਂ ਦੀਆਂ ਫੈਕਟਰੀਆਂ ਚੱਲਦੀਆਂ ਹਨ,ਜਿੱਥੇ ਨਾਮਚੀਨ ਦਵਾਈਆਂ ਦੇ ਬਰਾਡਾ ਨੂੰ ਬਣਾਇਆ ਜਾਂਦਾ ਹੈ। ਭਾਰਤ ਨਾਲ ਸਿਰਫ ਨਕਲੀ ਦਵਾਈਆਂ ਦੇ ਵੱਡੇ ਉਤਪਾਦਕ ਦੇ ਦੇਸ਼ ਵਜੋਂ ਬਦਨਾਮ ਹੋ ਰਿਹਾ ਹੈ ਬਲਕਿ ਇਨ੍ਹਾਂ ਦਵਾਈਆਂ ਦੀ ਖਪਤ ਦਾ ਵੱਡਾ ਅੱਡਾ ਵੀ ਬਣਦਾ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਚੀਨ,ਨੇਪਾਲ ਤੇ ਬਰਮਾ ਤੋਂ ਵੀ ਵੱਡੀ ਗਿਣਤੀ ਚ ਨਕਲੀ ਦਵਾਈਆਂ ਭਾਰਤ ਅਾ ਰਹੀਆਂ ਹਨ, ਇਨ੍ਹਾਂ ਨੂੰ ਪ੍ਰਾਈਵੇਟ ਨਰਸਿੰਗ ਹੋਮਾ ਤੇ ਨਿੱਜੀ ਹਸਪਤਾਲਾਂ ਰਾਹੀਂ ਖਪਾਇਆ ਜਾ ਰਿਹਾ ਹੈ। ਇਸ ਧੰਦੇ ਵਿੱਚ ਸਰਕਾਰੀ ਅਧਿਕਾਰੀਆਂ ਦੀ ਮਿਲੀ ਭੁਗਤ ਪਤਾ ਲੱਗੀ ਹੈ। ਨਾਲ ਹੀ ਵੱਡੀਆਂ ਕੰਪਨੀਆਂ ਚ ਕੰਮ ਕਰਦੇ ਲੋਕ ਪੈਸੇ ਦੇ ਲਾਲਚ ਚ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ। ਦਿੱਲੀ ਦੇ ਭਗੀਰਥ ਪੈਲੇਸ ਨੂੰ ਰਾਜਧਾਨੀ ਦਾ ਸਭ ਤੋਂ ਵੱਡਾ ਦਵਾ ਬਾਜ਼ਾਰ ਕਿਹਾ ਜਾਂਦਾ ਹੈ ਇਸ ਚ ਦੇਸ਼ ਦੀਆਂ ਨਾਮੀ ਕੰਪਨੀਆਂ ਦੇ ਡੀਲਰ ਤਾਂ ਹਨ ਹੀ ਨਾਲ ਹੀ ਨਕਲੀ ਕਾਰੋਬਾਰ ਵੀ ਵੱਡਾ ਸੰਖਿਆ ਵਿੱਚ ਹੈ। ਇੱਥੇ ਰੋਜ਼ ਕਰੋੜਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ ਜਿਸ ਵਿੱਚੋਂ ਪੰਜਾਹ ਫ਼ੀਸਦੀ ਨਕਲੀ ਦਵਾਈਆਂ ਨਾਲ ਜੁੜਿਆ ਹੋਇਆ ਹੈ। ਸਿਰਫ ਦੁਆ ਦਾ ਬਿੱਲ ਲੈਣ ਜਾਂ ਦੇਣ ਨਾਲ ਹੀ ਇਹ ਕਾਰੋਬਾਰ ਰੁਕਣਾ ਨਹੀਂ।ਸਖਤ ਤੋਂ ਸਖਤ ਕਾਨੂੰਨ ਲਾਗੂ ਕਰਨ ਨਾਲ ਹੀ ਨਕਲੀ ਦਵਾਈਆਂ ਦੇ ਨਾਸੂਰ ਨੂੰ ਵੱਧਣੋ ਰੋਕਿਆ ਜਾ ਸਕਦਾ ਹੈ,ਨਹੀਂ ਤਾਂ ਮੌਤ ਦੇ ਸੌਦਾਗਰ ਇਉੰ ਹੀ ਲੋਕਾਂ ਨੂੰ ਮੌਤ ਵੰਡਦੇ ਰਹਿਣਗੇ।
* ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
Comments (0)
Facebook Comments (0)