
ਖ਼ੁਦ ਸਹੇੜੀ ਜ਼ੁਬਾਨਬੰਦੀ ਦੀਆਂ ਪਰਤਾਂ ਫਰੋਲਦਿਆਂ --*ਸਰਬਜੀਤ ਕੌਰ**
Thu 14 Mar, 2019 0
ਖ਼ੁਦ ਸਹੇੜੀ ਜ਼ੁਬਾਨਬੰਦੀ ਦੀਆਂ ਪਰਤਾਂ ਫਰੋਲਦਿਆਂ --*ਸਰਬਜੀਤ ਕੌਰ**
ਕੀ ਤੁਸੀਂ ਕਦੇ ਸ਼ੋਰ ਦੀ ਭਾਸ਼ਾ ਨੂੰ ਸਮਝਣ ਦਾ ਯਤਨ ਕੀਤਾ ਹੈ? ਕੀ ਕਦੇ ਚੁੱਪ, ਖ਼ਾਸ ਕਰਕੇ ਬੇਲੋੜੀ ਚੁੱਪ ਤੁਹਾਡੇ ਸੂਲਾਂ ਵਾਂਗ ਚੁਭੀ ਹੈ? ਕੀ ਤੁਹਾਨੂੰ ਨਿੱਤ ਦਿਨ ਹਜ਼ਾਰ ਕਿਸਮ ਦੀਆਂ ਆਵਾਜ਼ਾਂ ਨਾਲ ਭਰਿਆ ਆਪਣਾ ਆਲਾ-ਦੁਆਲਾ ਰਾਤ ਦੇ ਸੰਨਾਟੇ ਨਾਲੋਂ ਵੱਧ ਤਨਹਾ ਲੱਗਿਆ ਹੈ? ਕੀ ਕਦੇ ਰਾਤਾਂ ਵਿਚ ਤੁਹਾਡਾ ਦਿਲ ਉੱਚੀ ਉੱਚੀ ਚੀਕਾਂ ਮਾਰਨ ਨੂੰ ਕਰਦਾ ਹੈ ਤਾਂ ਕਿ ਆਸਮਾਨ ਤੱਕ ਪਸਰੀ ਇਸ ਜਾਨਲੇਵਾ ਚੁੱਪ ਨੂੰ ਤੋੜਿਆ ਜਾ ਸਕੇ? ਕੀ ਤੁਹਾਨੂੰ ਕਦੇ ਜਿਉਂਦੇ ਜੀਆਂ ਵਿਚੋਂ ਲਾਸ਼ ਹੋਣ ਦਾ ਭਰਮ ਪਿਆ ਹੈ? ਜਾਂ ਫਿਰ ਤੁਹਾਡਾ ਦਫ਼ਤਰ, ਘਰ, ਕਮਰਾ, ਸੜਕ ਜਾਂ ਅਜਿਹੀ ਹਰ ਜਗ੍ਹਾ ਜੋ ਕਦੇ ਤੁਹਾਨੂੰ ਪਿਆਰੀ ਲੱਗਦੀ ਸੀ, ਉਹ ਕਬਰਿਸਤਾਨ ਵਰਗੀ ਲੱਗੀ ਹੈ? ਕੀ ਤੁਹਾਨੂੰ ਕਦੇ ਮਹਿਸੂਸ ਹੋਇਆ ਹੈ ਕਿ ਤੁਹਾਡੇ ਅੰਦਰਲਾ ਮਾਸੂਮ, ਭੋਲਾ, ਨਿਰਛਲ ਤੇ ਮਿਲਾਪੜਾ ਇਨਸਾਨ ਗਵਾਚਦਾ ਜਾ ਰਿਹਾ ਹੈ? ਤੇ ਤੁਹਾਨੂੰ ਇਸ ਇਨਸਾਨ ਨੂੰ ਬਚਾਈ ਰੱਖਣ ਲਈ ਆਪਣੇ-ਆਪ ਨਾਲ ਲਗਾਤਾਰ ਜੱਦੋਜਹਿਦ ਕਰਨੀ ਪੈ ਰਹੀ ਹੈ?
ਜੇ ਇਨ੍ਹਾਂ ਸਾਰੇ ਸਵਾਲਾਂ ਲਈ ਤੁਹਾਡਾ ਜਵਾਬ ‘ਹਾਂ’ ਹੈ ਤਾਂ ਤੁਸੀਂ ਵਧਾਈ ਦੇ ਹੱਕਦਾਰ ਹੋ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਤੁਸੀਂ ਅਜੇ ਜਿਉਂਦੇ ਹੋ। ਇਹ ਜਵਾਬ ਦੱਸਦਾ ਹੈ ਕਿ ਤੁਹਾਡੀ ਚੇਤਨਾ ਨੇ ਅਜੇ ਹਾਰ ਨਹੀਂ ਮੰਨੀ ਅਤੇ ਤੁਹਾਡੀ ਰੂਹ ਨੇ ਅਜੇ ਤੁਹਾਡਾ ਸਾਥ ਨਹੀਂ ਛੱਡਿਆ। ਇਸ ਪ੍ਰਸੰਗ ਵਿਚ ਜੇ ਤੁਹਾਡਾ ਜਵਾਬ ‘ਨਾਂਹ’ ਵਿਚ ਹੈ ਤਾਂ ਯਕੀਨਨ ਤੁਸੀਂ ਮਰ ਚੁੱਕੇ ਹੋ। ਮਨੁੱਖ ਹੋਣ ਦੀ ਗੱਲ ਤਾਂ ਛੱਡੋ ਤੁਸੀਂ ‘ਜੀਵ’ ਹੋਣ ਦੀ ਸੰਵੇਦਨਾ ਵੀ ਗਵਾ ਚੁੱਕੇ ਹੋ। ਇਸ ਸੂਰਤ ਵਿਚ ਮੇਰੇ ਕੋਲ ਤੁਹਾਡੇ ਲਈ ਕੇਵਲ ਤਰਸ ਬਚਦਾ ਹੈ ਪਰ ਜੇ ਤੁਹਾਡੀ ਹਾਲਤ ਅਜਿਹੀ ਹੈ ਕਿ ਤੁਹਾਨੂੰ ਇਹ ਸਵਾਲ ਹੀ ਸਮਝ ਨਹੀਂ ਲੱਗੇ ਤਾਂ ਸੱਚ ਜਾਣਿਓਂ! ਤੁਸੀਂ ਭਰਮ ਦੀ ਜ਼ਿੰਦਗੀ ਜਿਉਂ ਰਹੇ ਹੋ। ਤੁਹਾਨੂੰ ਭੁਲੇਖਾ ਹੈ ਕਿ ਤੁਹਾਡਾ ਕੋਈ ਵਜੂਦ ਹੈ ਪਰ ਸੱਚਾਈ ਇਹ ਹੈ ਕਿ ਤੁਸੀਂ ਆਪਣੀ ‘ਹੋਂਦ’ ਜਾਂ ‘ਹੋਣ’ ਦੇ ਮਹੱਤਵ ਨੂੰ ਗਵਾ ਚੁੱਕੇ ਹੋ। ਇਹ ਬਹੁਤ ਖ਼ਤਰਨਾਕ ਹਾਲਤ ਹੈ। ਇਨ੍ਹਾਂ ਸਵਾਲਾਂ ਦਾ ਜਵਾਬ ‘ਨਾਂਹ’ ਵਿਚ ਦੇਣਾ ਤੁਹਾਨੂੰ ਸੁਰਖਰੂ ਕਰ ਦਿੰਦਾ ਹੈ ਲੇਕਿਨ ਸਵਾਲਾਂ ਦਾ ਸਮਝ ਨਾ ਆਉਣਾ, ਤੁਹਾਨੂੰ ਇਨ੍ਹਾਂ ਸਵਾਲਾਂ ਨਾਲੋਂ ਵੱਧ ਅਤੇ ਵੱਡੇ ਸਵਾਲਾਂ ਦੇ ਕਟਹਿਰੇ ਵਿਚ ਖੜ੍ਹਾ ਕਰ ਦਿੰਦਾ ਹੈ।
ਸਾਡੀ ਮਾਨਸਿਕ ਹਾਲਤ ਦਾ ਉਪਰਲਾ ਪ੍ਰਸੰਗ ਸਾਡੇ ਵਰਤਮਾਨ ਨਾਲ ਸਿੱਧੇ ਰੂਪ ਜੁੜਿਆ ਹੋਇਆ ਹੈ। ਸਾਡਾ ਵਰਤਮਾਨ ਹਜ਼ਾਰਾਂ ਸ਼ੰਕਿਆਂ, ਸਮੱਸਿਆਵਾਂ, ਬੇਰਹਿਮ ਘਟਨਾਵਾਂ, ਝੰਜੋੜਨ ਵਾਲੇ ਵਰਤਾਰਿਆਂ ਅਤੇ ਨੀਂਦ ਉਡਾ ਦੇਣ ਵਾਲੇ ਸਵਾਲਾਂ ਨਾਲ ਭਰਪੂਰ ਹੈ। ਸਾਡੇ ਵਰਤਮਾਨ ਦੀ ਇਹ ਪ੍ਰਕਿਰਤੀ ਵੱਖ ਵੱਖ ਕਿਸਮ ਦੇ ‘ਸਦਮਿਆਂ’ ਨੇ ਘੜੀ ਹੈ। ਇਸ ਕਰਕੇ ਜੇ ਤੁਸੀਂ ਚੈਨ, ਸਕੂਨ ਅਤੇ ਆਰਾਮ ਵਾਲੀ ਨੀਂਦ ਸੌਂਦੇ ਹੋ ਤਾਂ ਹਾਲਤ ਕਾਫ਼ੀ ਗੰਭੀਰ ਤੇ ਫ਼ਿਕਰ ਵਾਲੀ ਬਣ ਜਾਂਦੀ ਹੈ। ਫ਼ਿਕਰ ਵਾਲੀ ਅਜਿਹੀ ਹਾਲਤ ਵਿਚੋਂ ਹੀ ਬਹੁਤ ਸਾਰੇ ਅਜਿਹੇ ਸਵਾਲ ਪੈਦਾ ਹੁੰਦੇ ਹਨ ਜਿਹੜੇ ਸਾਡੇ ਪੜ੍ਹੇ-ਲਿਖੇ, ਚੇਤਨ, ਜ਼ਿੰਮੇਵਾਰ, ਸੰਵੇਦਨਸ਼ੀਲ ਅਤੇ ਇਕੀਵੀਂ ਸਦੀ ਦੇ ਮਨੁੱਖ ਹੋਣ ਉੱਪਰ ਸ਼ੱਕ ਪੈਦਾ ਕਰਦੇ ਹਨ। ਇਸ ਲੇਖ ਵਿਚ ਮੈਂ ਉਨ੍ਹਾਂ ਤਮਾਮ ਸਵਾਲਾਂ ਵਿਚੋਂ ਕੇਵਲ ਕੁਝ ਕੁ ਸਵਾਲ ਲੈ ਕੇ ਤੁਹਾਡੇ ਰੂ-ਬ-ਰੂ ਹਾਂ।
ਮੈਨੂੰ ਨਿੱਜੀ ਤੌਰ ‘ਤੇ ਇਕ ਸਵਾਲ ਬਹੁਤ ਤੰਗ ਕਰਦਾ ਹੈ ਕਿ ਵਰਤਮਾਨ ਸਮਿਆਂ ਵਿਚ ਸਾਨੂੰ ਸਾਡੇ ਨੇੜੇ-ਤੇੜੇ ਵੱਖ ਵੱਖ ਮੌਕਿਆਂ ਜਿਵੇਂ ਦੰਗਿਆਂ, ਯੁੱਧਾਂ ਅਤੇ ਧੱਕੇਸ਼ਾਹੀ ਸਮੇਂ ਪੈਦਾ ਹੋਣ ਵਾਲੀਆਂ ਕੂਕਾਂ ਤੇ ਚੀਕਾਂ ਸੁਣਨੀਆਂ ਬੰਦ ਕਿਉਂ ਹੋ ਗਈਆਂ ਹਨ? ਇਸ ਦਾ ਜਵਾਬ ਬਿਨਾਂ ਸ਼ੱਕ, ਇਤਿਹਾਸਕ ਪ੍ਰਸੰਗ ਤੇ ਉਸ ਦੀ ਸਮਝ ਵਿਚ ਹੈ ਲੇਕਿਨ ਅਸੀਂ ਘਟਨਾਵਾਂ ਨੂੰ ਇਤਿਹਾਸ ਨਾਲੋਂ ਤੋੜ ਕੇ ਸਮਝਣਾ ਚਾਹੁੰਦੇ ਹਾਂ। ਇਹੀ ਕਾਰਨ ਹੈ ਕਿ ਸਾਡੇ ਨੇੜਲੇ ਸਮਿਆਂ ਵਿਚ ਵਾਪਰੀਆਂ ਇਕੋ ਜਿਹੀਆਂ ਘਟਨਾਵਾਂ ਤੋਂ ਬਾਅਦ ਅਸੀਂ ਇਕੋ ਜਿਹੇ ਪ੍ਰਤੀਕਰਮ ਦਿੱਤੇ ਪਰ ਆਉਣ ਵਾਲੇ ਸਮਿਆਂ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਲਈ ਕੋਈ ਸਾਰਥਕ ਕਦਮ ਨਹੀਂ ਚੁੱਕੇ। ਇੱਥੇ ਕਦਮਾਂ ਦੀ ਗੱਲ ਛੱਡੋ, ਅਸੀਂ ਸਾਰਥਕ ਅਤੇ ਬਣਦੇ ਸਵਾਲ ਵੀ ਨਹੀਂ ਕੀਤੇ; ਜਿਵੇਂ ਦਾਮਨੀ ਕੇਸ, ਆਰੂਸ਼ੀ ਕਾਂਡ ਤੇ ਲੁਧਿਆਣਾ ਬਲਾਤਕਾਰ ਕਾਂਡ ਤੋਂ ਬਾਅਦ ਵੀ ਕਿਸੇ ਨੇ ਨਹੀਂ ਪੁੱਛਿਆ ਕਿ ਅਜੇ ਤੱਕ ਔਰਤ ਸੁਰੱਖਿਆ ਲਈ ਕੋਈ ਠੋਸ ਕਦਮ ਕਿਉਂ ਨਹੀਂ ਚੁੱਕੇ ਗਏ?
ਇਹ ਕਿਸੇ ਹੋਰ ਦਾ ਮਸਲਾ ਨਹੀਂ ਹੈ। ਇਹ ਸਾਡਾ ਸਾਰਿਆਂ ਦਾ ਮਸਲਾ ਹੈ। ਮੇਰਾ, ਤੁਹਾਡਾ ਅਤੇ ਸਮਾਜ ਦੀਆਂ ਤਮਾਮ ਔਰਤਾਂ ਦਾ ਮਸਲਾ ਹੈ। ਇੰਨਾ ਹੀ ਨਹੀਂ, ਅੱਜ ਪੰਜਾਬ ਵਿਚ ਵੱਡੀ ਗਿਣਤੀ ਸਰਕਾਰੀ ਨੌਕਰੀਆਂ ਦੀ ਭਰਤੀ ਠੇਕੇ ਉੱਪਰ ਕੀਤੀ ਜਾਂਦੀ ਹੈ। ਕਿਸੇ ਨੇ ਸਰਕਾਰ ਨੂੰ ਸਵਾਲ ਨਹੀਂ ਕੀਤਾ ਕਿ ਠੇਕੇ ਉੱਪਰ ਭਰਤੀ ਦਾ ਸਿਸਟਮ ਪੰਜਾਬ ਦੇ ਭਵਿੱਖ ਨੂੰ ਕਿੱਧਰ ਲੈ ਕੇ ਜਾਵੇਗਾ? ਕਿਸੇ ਨੇ ਸਵਾਲ ਨਹੀਂ ਕੀਤਾ ਕਿ ਇਹ ਸਿਸਟਮ ਆਰਥਿਕ ਖੇਤਰ ਦੇ ਨਾਲ ਨਾਲ ਸਿੱਖਿਆ, ਸਿਹਤ, ਗਿਆਨ-ਵਿਗਿਆਨ ਅਤੇ ਤਕਨਾਲੋਜੀ ਵਿਚ ਪੰਜਾਬ ਦੀ ਗੁਣਵੱਤਾ ਉੱਪਰ ਕਿਹੋ ਜਿਹੇ ਦੂਰਵਰਤੀ ਪ੍ਰਭਾਵ ਪਾਏਗਾ। ਇਸੇ ਤਰ੍ਹਾਂ ਪੰਜਾਬ ਦੇ ਜਨਤਕ ਖੇਤਰਾਂ ਦਾ ਵੱਡੀ ਗਿਣਤੀ ਵਿਚ ਨਿੱਜੀਕਰਨ ਕੀਤਾ ਗਿਆ ਲੇਕਿਨ ਕਿਸੇ ਨੇ ਸਵਾਲ ਨਹੀਂ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਬਾਰੇ ਜਦ ਐਲਾਨ ਹੋਇਆ ਕਿ ਯੂਨੀਵਰਸਿਟੀ ਘਾਟੇ ਵਿਚ ਚੱਲ ਰਹੀ ਹੈ ਤਾਂ ਕਿਸੇ ਨੇ ਨਹੀਂ ਕਿਹਾ ਕਿ ਯੂਨੀਵਰਸਿਟੀਆਂ ਮੁਨਾਫ਼ੇ ਦਾ ਸਾਧਨ ਕਦੋਂ ਸਨ? ਪੰਜਾਬ ਦਾ ਪ੍ਰਾਇਮਰੀ ਵਿੱਦਿਅਕ ਢਾਂਚਾ ਬੇਤੁਕੇ ਪ੍ਰਯੋਗਾਂ ਕਰਕੇ ਤਬਾਹ ਹੋ ਗਿਆ, ਸੈਕੰਡਰੀ ਸਕੂਲਾਂ ਦਾ ਪ੍ਰਬੰਧ ਤਬਾਹੀ ਵੱਲ ਵੱਧ ਰਿਹਾ ਹੈ, ਲੇਕਿਨ ਕਿਸੇ ਨੇ ਸਰਕਾਰਾਂ ਦੇ ਗਲ ‘ਗੂਠਾ ਨਹੀਂ ਦਿੱਤਾ।
ਕਾਨੂੰਨ ਅਤੇ ਨਿਆਂ ਵਿਵਸਥਾ ਦੇ ਨਾਮ ਉੱਪਰ ਲੋਕਾਂ ਨਾਲ ਮਜ਼ਾਕ ਕੀਤਾ ਜਾਂਦਾ ਹੈ ਕਿਉਂਕਿ ਕਾਨੂੰਨ ਅਮੀਰਾਂ ਲਈ ਅਤੇ ਨਿਆਂ ਗ਼ਰੀਬਾਂ ਲਈ ਨਾ ਦੇ ਬਰਾਬਰ ਹੈ; ਲੇਕਿਨ ਕੋਈ ਸਵਾਲ ਨਹੀਂ ਕਰਦਾ। ਸਭ ਤੋਂ ਵੱਡੇ ਚੋਰ, ਭ੍ਰਿਸ਼ਟਾਚਾਰੀ, ਗੁੰਡੇ, ਬਦਮਾਸ਼, ਕਾਤਲ ਅਤੇ ਬਲਾਤਕਾਰੀ ਭਾਰਤੀ ਰਾਜਨੀਤੀ ਦੇ ਸਿਕੰਦਰ ਬਣ ਜਾਂਦੇ ਹਨ ਅਤੇ ਲੋਕ ਆਰਾਮ ਨਾਲ ਕ੍ਰਿਕਟ ਦਾ ‘ਵਨ ਡੇਅ ਮੈਚ’ ਦੇਖ ਕੇ ਸੌਂ ਜਾਂਦੇ ਹਨ। ਇੱਥੇ ਕਦੇ ਅਧਿਆਪਕਾਂ ‘ਤੇ ਲਾਠੀਚਾਰਜ ਹੁੰਦਾ ਹੈ, ਕਦੇ ਕਿਸਾਨਾਂ ਨੂੰ ਧਰਨਿਆਂ ਉੱਪਰ ਰੋਲਿਆ ਜਾਂਦਾ ਹੈ, ਕਦੇ ਆਂਗਣਵਾੜੀ ਵਰਕਰਾਂ ਨਾਲ ਪੁਲੀਸ ਧੱਕਾ ਕਰਦੀ ਹੈ, ਕਦੇ ਨਰਸਾਂ ਪੱਕੀ ਨੌਕਰੀ ਲਈ ਸਰਕਾਰੀ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਦਿੰਦੀਆਂ ਹਨ ਤੇ ਲੋਕਾਂ ਦੇ ਕੰਨ ਉੱਪਰ ਜੂੰ ਨਹੀਂ ਸਰਕਦੀ। ਸਾਡੇ ਆਲੇ-ਦੁਆਲੇ ਦੋ ਦਿਨ ਦੀ ਬੱਚੀ ਤੋਂ ਲੈ ਕੇ ਸੌ ਸਾਲ ਦੀ ਬੁੱਢੀ ਤੱਕ ਨਾਲ ਜਬਰ ਜਨਾਹ ਹੋ ਰਿਹਾ ਹੈ, ਭੁੱਖੇ-ਨੰਗੇ ਤੋਂ ਲੈ ਕੇ ਕਰੋੜਪਤੀਆਂ ਤੱਕ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਸਾਧਾਰਨ ਬੰਦੇ ਤੋਂ ਲੈ ਕੇ ਸਮਾਜਿਕ ਕਾਰਕੁਨ, ਵਿਦਵਾਨ ਤੇ ਮੁਲਕ ਦੇ ਪ੍ਰਧਾਨ ਮੰਤਰੀ ਤੱਕ ਨੂੰ ਕਤਲ ਕਰ ਦਿੱਤਾ ਜਾਂਦਾ ਹੈ, ਕਫ਼ਨ ਤੋਂ ਲੈ ਕੇ ਜਹਾਜ਼ਾਂ ਤੱਕ ਘਪਲੇ ਰਿਕਾਰਡ ਹੋ ਜਾਂਦੇ ਹਨ, ਇਕ ਤੋਂ ਵੱਧ ਵਾਰ ਸਿਆਸੀ ਪਾਰਟੀਆਂ ਦੇ ਇਸ਼ਾਰਿਆਂ ਉੱਪਰ ਸੈਂਕੜੇ-ਹਜ਼ਾਰਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ, ਕਈ ਖਿੱਤਿਆਂ ਵਿਚ ਲੋਕ ਦਹਾਕਿਆਂ ਤੋਂ ਆਪਣੀ ਲੜਾਈ ਲੜਦੇ ਹੋਏ ਮਰ ਰਹੇ ਹਨ ਲੇਕਿਨ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਆਖ਼ਿਰ ਕਿਉਂ?
ਸਾਡੇ ਆਲੇ-ਦੁਆਲੇ ਦੀ ਧਰਤੀ ਲਹੂ-ਲੁਹਾਨ ਹੈ ਪਰ ਸਾਡੀ ਨਿੱਜੀ ਜ਼ਿੰਦਗੀ ਉੱਪਰ ਇਸ ਦਾ ਕੋਈ ਅਸਰ ਨਹੀਂ ਹੈ। ਸਾਡੀਆਂ ਆਵਾਜ਼ਾਂ ਚੀਕਾਂ ਵਿਚ ਕਦ ਬਦਲ ਗਈਆਂ? ਅਸੀਂ ਆਪਣੇ ਬੋਲਾਂ ਦੀ ਇੱਜ਼ਤ ਅਤੇ ਅਸਰ ਕਦ ਗਵਾ ਲਏ? ਅੱਜ ਸੰਘਰਸ਼ ਕਰਦੀਆਂ ਧਿਰਾਂ ਤੋਂ ਸਰਕਾਰ ਖ਼ੌਫ਼ਜ਼ਦਾ ਕਿਉਂ ਨਹੀਂ ਹੈ? ਸਰਕਾਰ ਲੋਕਾਂ ਤੋਂ ਖ਼ੌਫ਼ਜ਼ਦਾ ਕਿਉਂ ਨਹੀਂ ਹੈ? ਕੀ ਅੱਜ ਸਰਕਾਰਾਂ ਇੰਨੀਆਂ ਤਾਕਤਵਰ ਹੋ ਗਈਆਂ ਕਿ ਉਨ੍ਹਾਂ ਨੂੰ ਪੰਜਾਬ ਦੀ ਜਵਾਨੀ ਦਾ ਡਰ ਨਹੀਂ ਰਿਹਾ ਜਾਂ ਪੰਜਾਬ ਦੀ ਜਵਾਨੀ ਹੀ ਸਰਕਾਰਾਂ ਨੂੰ ਡਰਾਉਣ ਦੇ ਸਮਰੱਥ ਨਹੀਂ ਰਹੀ? ਸਾਡੇ ਵਿਦਵਾਨ ਤੇ ਜੁਝਾਰੂ ਆਗੂ ਕਿੱਥੇ ਹਨ? ਸਾਡੇ ਆਦਰਸ਼ ਕਿੱਥੇ ਹਨ? ਕਿਤੇ ਅਸੀਂ ਆਪਣੇ ਆਦਰਸ਼ਾਂ ਦੇ ਹਾਣ ਦੇ ਬਣਨ ਦੀ ਬਜਾਇ ਉਨ੍ਹਾਂ ਨੂੰ ਆਪਣੇ ਆਪਣੇ ਹਾਣ ਦਾ ਤਾਂ ਨਹੀਂ ਕਰ ਲਿਆ? ਅਸੀਂ ਖੂਨ ਦੇ ਜੰਮ ਜਾਣ ਦੀ ਹੱਦ ਤੱਕ ਚੁੱਪ ਕਿਉਂ ਹਾਂ? ਸਾਨੂੰ ਕਿਸ ਦਾ ਡਰ ਹੈ ਅਤੇ ਕਿਉਂ ਹੈ? ਕੀ ਅਸੀਂ ਲੜਨਾ ਭੁੱਲ ਚੁੱਕੇ ਹਾਂ? ਕੀ ਸਾਡੀ ਮਾਨਸਿਕਤਾ ਵਿਚ ਗ਼ੁਲਾਮੀ ਇੰਨੀ ਘਰ ਚੁੱਕੀ ਹੈ ਕਿ ਅਸੀਂ ਕੂਣ ਜੋਗੇ ਵੀ ਨਹੀਂ ਰਹੇ? ਅਸੀਂ ਕਦੋਂ ਸਮਝਾਂਗੇ ਕਿ ਵਿਵਸਥਾ ਦੇ ਕਾਰਨ ਪੈਦਾ ਹੋਈਆਂ ਅਜਿਹੀਆਂ ਕੂਕਾਂ ਤੇ ਚੀਕਾਂ ਕਿਸੇ ਇਕ ਬੰਦੇ ਦਾ ਮਸਲਾ ਨਹੀਂ ਹੁੰਦੀਆਂ। ਇਹ ਸਮੁੱਚੇ ਸਮਾਜ ਦਾ ਮਸਲਾ ਹੁੰਦੀਆਂ ਹਨ। ਅਜਿਹੀਆਂ ਕੂਕਾਂ, ਆਵਾਜ਼ਾਂ ਤੇ ਸ਼ੋਰ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਸਮੁੱਚੇ ਸਮਾਜ ਨੂੰ ਵੱਡੀਆਂ ਸਮੱਸਿਆਵਾਂ ਵੱਲ ਧੱਕ ਦਿੰਦਾ ਹੈ; ਲੇਕਿਨ ਪੰਜਾਬੀਆਂ/ਭਾਰਤੀਆਂ ਨੇ ਅਜਿਹੀਆਂ ਚੀਕਾਂ ਤੇ ਕੂਕਾਂ ਨੂੰ ਨਜ਼ਰਅੰਦਾਜ਼ ਕਰਨ ਦੀ ਗ਼ਲਤੀ ਵਾਰ ਵਾਰ ਕੀਤੀ ਹੈ।
ਵਰਤਮਾਨ ਸਮੇਂ ਵੀ ਪੰਜਾਬੀ/ਭਾਰਤੀ ਸਮਾਜ ਇਤਿਹਾਸਕ ਕਾਲਾਂ ਦੌਰਾਨ ਪੈਦਾ ਹੋਈਆਂ ਚੀਕਾਂ ਤੇ ਕੂਕਾਂ ਨੂੰ ਨਜ਼ਰਅੰਦਾਜ਼ ਕਰਨ ਦੇ ਸਿੱਟੇ ਵਜੋਂ ਪੈਦਾ ਹੋਈਆਂ ਸਮੱਸਿਆਵਾਂ ਦੇ ਰੂ-ਬ-ਰੂ ਹੈ। ਪੰਜਾਬੀਆਂ/ਭਾਰਤੀਆਂ ਨੇ ਇਕ ਸਮੇਂ ਤੋਂ ਬਾਅਦ ਇਤਿਹਾਸਕ ਘਟਨਾਵਾਂ ਵਿਚੋਂ ਪੈਦਾ ਹੋਏ ਸਵਾਲਾਂ ਨੂੰ ਮੁਖ਼ਾਤਿਬ ਹੋਣਾ ਛੱਡ ਦਿੱਤਾ ਹੋਇਆ ਹੈ। ਅਸੀਂ ਇਤਿਹਾਸਕ ਪ੍ਰਸੰਗ ਵਿਚ ਆਪਣੀਆਂ ਸਮੱਸਿਆਵਾਂ ਨੂੰ ਸਮਝਣ ਤੋਂ ਹਮੇਸ਼ਾ ਟਾਲਾ ਵੱਟਿਆ ਹੈ। ਅੱਜ ਵੀ ਅਸੀਂ ਇਤਿਹਾਸ ਨੂੰ ਮੁਖਾਤਿਬ ਹੋਣ ਤੋਂ ਡਰਦੇ ਹਾਂ ਲੇਕਿਨ ਸਵਾਲ ਇਹ ਵੀ ਹੈ ਕਿ ਆਖ਼ਿਰ ਅਸੀਂ ਕਦ ਤੱਕ ਟਲਦੇ ਤੇ ਟਾਲਦੇ ਰਹਾਂਗੇ? ਇਹ ਸਾਰੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਕੋਈ ਨਹੀਂ; ਘੱਟੋ-ਘੱਟ ਮੇਰੇ ਕੋਲ ਬਿਲਕੁਲ ਵੀ ਨਹੀਂ ਹੈ।
*ਖੋਜਾਰਥੀ, ਪੰਜਾਬੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
Comments (0)
Facebook Comments (0)