ਜਦੋਂ ਰੱਬ ਨੇ ਭਗਤ ਸਿੰਘ ਨੂੰ ਦੁਬਾਰਾ ਧਰਤੀ ਤੇ ਭੇਜਣ ਦੀ ਪੇਸ਼ਕਸ਼ ਕੀਤੀ, ਤਾਂ ਦੋਵਾਂ ਦੀ ਕੀ ਗੱਲਬਾਤ ਹੋਈ...
Sun 24 Mar, 2019 0ਜਦੋਂ ਰੱਬ ਨੇ ਭਗਤ ਸਿੰਘ ਨੂੰ ਦੁਬਾਰਾ ਧਰਤੀ ਤੇ ਭੇਜਣ ਦੀ ਪੇਸ਼ਕਸ਼ ਕੀਤੀ, ਤਾਂ ਦੋਵਾਂ ਦੀ ਕੀ ਗੱਲਬਾਤ ਹੋਈ...
ਰੱਬ ਕਹਿੰਦਾ ਆ ਤੈਨੂੰ ਨਵੀਂ ਜੂਨੇ ਪਾ ਦਿਆਂ
ਜੋ ਕਵੇਂ ਬਣਾ ਦੇਨਾ ਜਾਂ ਫ਼ਿਰ ਬੰਦਾ ਹੀ ਬਣਾ ਦਿਆਂ
ਦੱਸ ਕਿਹੜੇ ਮੁਲਖ਼ ਦਾ ਤੂੰ ਚਾਉਣਾਂ ਵੀਜ਼ਾ
ਠੱਪਾ ਓਸੇ ਦਾ ਹੀ ਲਾ ਦਿਆਂ
ਜਿਦੇ ਪਿੱਛੇ ਤੂੰ ਮਰਿਆ ਸੀ ਓਦੇ ਬਾਰੇ ਤੇਰਾ ਕੀ ਵਿਚਾਰ ਐ
ਯਾਦ ਮੈਨੂੰ ਤੂੰ ਆਖਦਾ ਸੀ ਏਦੇ ਲਈ ਆਉਣਾ ਮੈਂ ਵਾਰ ਵਾਰ ਐ
ਸੁਪਨੇ ਚ ਜੋ ਤੂੰ ਵੇਖਦਾ ਸੀ ਫੁੱਲ ਉਹ ਖਿੜਿਆ ਗੁਲਾਬੀ
ਜਾਨ ਜਿਸ ਦੇਸ਼ ਲਈ ਗਵਾਈ ਵੇਖ ਓਨੂੰ ਮਿਲ ਗਈ ਆਜ਼ਾਦੀ
ਕੀ ਮੁੱਲ ਪਿਆ ਸਾਡੀ ਕੁਰਬਾਨੀ ਦਾ
ਜੇ ਮੈਂ ਹਿਸਾਬ ਜੇਹਾ ਲਾਵਾਂ
ਮੈਂ ਤੇ ਭੁੱਲ ਕੇ ਵੀ ਕਦੇ ਉਸ ਦੇਸ਼
ਮੁੜ ਕੇ ਨਾ ਜਾਵਾਂ
ਸ਼ਹੀਦੀ ਦੇ ਰੁਤਬੇ ਨੂੰ
ਮਾਣ ਕੇ ਹੀ ਬੜੇ ਖੁਸ਼ ਹਾਂ
ਮੇਰੀ ਤੇ ਆ ਕੋਰੀ ਨਾਂਹ
ਭਲਾ ਰਾਜਗੁਰੂ ਸੁਖਦੇਵ ਨੂੰ ਪੁੱਛ ਖਾਂ
ਪਹਿਲਾਂ ਗੋਰੇ ਕਰਦੇ ਸੀ
ਹੁਣ ਕਾਲੇ ਕਰਦੇ ਖਰਾਬੀ
ਚੰਗਾ ਹੋ ਗਿਆ ਅਸੀਂ ਵੇਖੀ ਨਈਂ ਆਜ਼ਾਦੀ
ਚੰਗਾ ਹੋ ਗਿਆ ਅਸੀਂ ਵੇਖੀ ਨਈਂ ਆਜ਼ਾਦੀ
ਅਸੀਂ ਕੀ ਬਣਾਉਣਾ ਚਾਉਂਦੇ ਸੀ
ਇਹ ਕੀ ਦਾ ਕੀ ਹੋ ਗਿਆ
ਅਸੀਂ ਦੁਸ਼ਮਣ ਮਾਰਨ ਤੋਂ ਝਕਦੇ ਸੀ
ਹੁਣ ਭਰਾ ਨੂੰ ਭਰਾ ਮਾਰ ਕੇ ਔਹ ਗਿਆ
ਅਸੀਂ ਹਿੰਦੂ, ਮੁਸਲਿਮ, ਸਿੱਖ ਸਾਰਿਆਂ
ਚੁੰਮੇ ਫਾਂਸੀ ਦੇ ਰੱਸੇ ਸੀ
ਗੁਲਾਮੀ ਦੇ ਰਾਜ ਵਿੱਚ ਵੀ
ਅੱਜ ਨਾਲੋਂ ਦਿਨ ਅੱਛੇ ਸੀ
ਬੇਗਾਨਿਆਂ ਉੱਤੇ ਰੋਸ ਨਈਂ
ਜਦੋਂ ਆਪਣੇ ਕਰਨ ਬਰਬਾਦੀ
ਚੰਗਾ ਹੋ ਗਿਆ ਅਸੀਂ ਵੇਖੀ ਨਈਂ ਆਜ਼ਾਦੀ
ਚੰਗਾ ਹੋ ਗਿਆ ਅਸੀਂ ਵੇਖੀ ਨਈਂ ਆਜ਼ਾਦੀ
ਪੈਰ ਪੈਰ ਉੱਤੇ ਠੇਕੇ
ਹਰ ਮੋੜ ਉੱਤੇ ਡੇਰੇ ਨੇ
ਕੁਝ ਮਾਰ ਲਏ ਚੌਧਰਾਂ ਨੇ
ਕਿਤੇ ਧਰਮਾਂ ਨੇ ਪਾਏ ਖਿਲੇਰੇ ਨੇ
ਬਲਾਤਕਾਰੀ ਬਾਬਿਆਂ ਨਾਲ
ਲੀਡਰਾਂ ਦੀ ਪੂਰੀ ਸਾਂਝ ਆ
ਲੋਕ ਵੀ ਝੁਡੂ ਸਾਡੇ
ਸਰਕਾਰਾਂ ਦਿੱਤੇ ਮਾਂਜ ਆ
ਅਕਲ ਵਾਲਾ ਖਾਨਾ ਖਾਲੀ
ਪਰ ਟੌਹਰ ਰੱਖਦੇ ਨਵਾਬੀ
ਚੰਗਾ ਹੋਇਆ ਅਸੀਂ ਵੇਖੀ ਨਈਂ ਆਜ਼ਾਦੀ
ਚੰਗਾ ਹੋਇਆ ਅਸੀਂ ਵੇਖੀ ਨਈਂ ਆਜ਼ਾਦੀ
ਅਸੀਂ ਤਾਂ ਐਵੇਂ ਗੱਲ
ਦਿਲ ਉੱਤੇ ਲਾ ਲਈ
ਚੰਗੀ ਭਲੀ ਜ਼ਿੰਦਗੀ ਸੀ
ਲੋਕਾਂ ਪਿਛੇ ਗਵਾ ਲਈ
ਆਪਣਾ ਹੀ ਸੋਚਦੇ
ਜਿਵੇਂ ਲੋਕੀਂ ਸਾਰੇ ਕਰਦੇ
ਨਾ ਦੇਸ਼ ਦੀ ਫ਼ਿਕਰ ਹੁੰਦੀ
ਨਾ ਜਵਾਨੀ ਵਿੱਚ ਮਰਦੇ
ਕੁਰਸੀਆਂ ਮੱਲ ਬਹਿ ਜਾਂਦੇ
ਜੇ ਮਾਸਾ ਹੁੰਦੇ ਹਿਸਾਬੀ
ਚੰਗਾ ਹੋਇਆ ਅਸੀਂ ਵੇਖੀ ਨਈਂ ਆਜ਼ਾਦੀ
ਚੰਗਾ ਹੀ ਹੋਇਆ ਅਸੀਂ ਵੇਖੀ ਨਈਂ ਆਜ਼ਾਦੀ
ਗੱਲ ਤੇਰੀ ਸਹੀ ਆ
ਮੈਂ ਤਾਂ ਆਪ ਏਥੇ ਹੁਣ ਜਾਂਦਾ ਨਈਂ
ਮੂੰਹੋ ਰੱਬ-ਰੱਬ ਹਰ ਕੋਈ ਕਰੀ ਜਾਂਦਾ
ਪਰ ਦਿਲੋਂ ਕੋਈ ਬੁਲਾਂਦਾ ਨਈਂ
ਮੰਤਰੀ ਕਦੇ ਚੋਰ
ਕਦੇ ਚੌਂਕੀਦਾਰ ਹੋ ਗਿਆ
ਮੇਰਾ ਹੀ ਬਣਾਇਆ ਜਹਾਨ
ਮੇਰੇ ਵੱਸੋਂ ਬਾਹਰ ਹੋ ਗਿਆ
ਇਨਸਾਨ ਬਣਾਏ ਮੈਂ
ਭੂਤ ਇਹ ਬਣ ਗਏ
ਪਤਾ ਨਈਂ ਇਹੋ ਜਿਹੀ
ਕਿਹੜੀ ਛੈ ਇਨ੍ਹਾਂ ਖਾਧੀ
ਚੰਗਾ ਹੋਇਆ ਤੁਸੀਂ ਵੇਖੀ ਨਈਂ ਆਜ਼ਾਦੀ
ਬੜਾ ਚੰਗਾ ਹੋਇਆ ਤੁਸੀਂ ਵੇਖੀ ਨਈਂ ਆਜ਼ਾਦੀ...
ਸਨਦੀਪ.
Comments (0)
Facebook Comments (0)