ਨਾਗਰਿਕਤਾ ਦੇ ਸਵਾਲ 'ਤੇ ਅਕਸ਼ੈ ਕੁਮਾਰ ਨੇ ਤੋੜੀ ਚੁੱਪੀ, ਕਿਹਾ - 'ਮੈਂ ਕੈਨੇਡਾ ਦਾ ਨਾਗਰਿਕ ਹਾਂ'

ਨਾਗਰਿਕਤਾ ਦੇ ਸਵਾਲ 'ਤੇ ਅਕਸ਼ੈ ਕੁਮਾਰ ਨੇ ਤੋੜੀ ਚੁੱਪੀ, ਕਿਹਾ - 'ਮੈਂ ਕੈਨੇਡਾ ਦਾ ਨਾਗਰਿਕ ਹਾਂ'

ਨਵੀਂ ਦਿੱਲੀ :

ਦੇਸ਼ 'ਚ ਜਾਰੀ ਲੋਕ ਸਭਾ ਚੋਣਾਂ ਦੇ ਚੌਥੇ ਗੇੜ 'ਚ 29 ਅਪ੍ਰੈਲ ਨੂੰ ਮੁੰਬਈ 'ਚ ਪਈਆਂ ਵੋਟਾਂ ਦੌਰਾਨ ਅਦਾਕਾਰ ਅਕਸ਼ੈ ਕੁਮਾਰ ਦੇ ਵੋਟ ਨਾ ਪਾਉਣ ਬਾਰੇ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਹੋ ਚੁੱਕੀ ਹੈ। ਅਕਸ਼ੈ ਕੁਮਾਰ ਹੁਣ ਖ਼ੁਦ ਇਸ ਵਿਵਾਦ ਨੂੰ ਸੁਲਝਾਉਣ ਲਈ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਮੇਰੇ ਕੋਲ ਕੈਨੇਡਾ ਦਾ ਪਾਸਪੋਰਟ ਹੈ ਅਤੇ ਇਹ ਗੱਲ ਮੈਂ ਕਦੇ ਨਹੀਂ ਲੁਕਾਈ। ਮਤਲਬ ਅਕਸ਼ੈ ਕੁਮਾਰ ਇਹ ਕਹਿਣਾ ਚਾਹੁੰਦੇ ਹਨ ਕਿ ਉਹ ਭਾਰਤ ਦੇ ਨਾਗਰਿਕ ਨਹੀਂ ਹਨ, ਇਸ ਲਈ ਉਹ ਵੋਟ ਨਹੀਂ ਪਾਉਣਗੇ। ਅਕਸ਼ੈ ਕੁਮਾਰ ਨੇ ਇਹ ਵੀ ਕਿਹਾ ਕਿ ਉਹ 7 ਸਾਲ ਤੋਂ ਕੈਨੇਡਾ ਨਹੀਂ ਗਏ ਅਤੇ ਨਾਗਰਿਕਤਾ 'ਤੇ ਸਵਾਲ ਚੁੱਕੇ ਜਾਣ ਕਾਰਨ ਉਹ ਬਹੁਤ ਦੁਖੀ ਹਨ। ਅਕਸ਼ੈ ਕੁਮਾਰ ਨੇ ਆਪਣੀ ਟਵਿਟਰ ਪੋਸਟ 'ਚ ਲਿਖਿਆ, "ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੀ ਨਾਗਰਿਕਤਾ ਨੂੰ ਲੈ ਕੇ ਇੰਨਾ ਨਾਕਾਰਾਤਮਕ ਮਾਹੌਲ ਕਿਉਂ ਬਣਾਇਆ ਜਾ ਰਿਹਾ ਹੈ? ਮੈਂ ਕਦੇ ਇਸ ਗੱਲ ਨੂੰ ਨਾ ਤਾਂ ਲੁਕੋਇਆ ਅਤੇ ਨਾ ਹੀ ਇਨਕਾਰ ਕੀਤਾ ਹੈ। ਮੇਰੇ ਕੋਲ ਕੈਨੇਡਾ ਦਾ ਪਾਸਪੋਰਟ ਹੈ। ਇਹ ਵੀ ਸੱਚ ਹੈ ਕਿ ਮੈਂ ਪਿਛਲੇ 7 ਸਾਲ ਤੋਂ ਕੈਨੇਡਾ ਨਹੀਂ ਗਿਆ। ਮੈਂ ਭਾਰਤ 'ਚ ਕੰਮ ਕਰਦਾ ਹਾਂ ਅਤੇ ਭਾਰਤ 'ਚ ਹੀ ਟੈਕਸ ਦਿੰਦਾ ਹਾਂ।" ਅਕਸ਼ੈ ਨੇ ਲਿਖਿਆ, "ਜਿੱਥੇ ਇੰਨੇ ਸਾਲਾਂ 'ਚ ਮੈਨੂੰ ਭਾਰਤ ਬਾਰੇ ਆਪਣਾ ਪਿਆਰ ਸਾਬਤ ਕਰਨ ਦੀ ਕੋਈ ਜ਼ਰੂਰਤ ਨਹੀਂ ਪਈ, ਉੱਥੇ ਮੈਂ ਇਸ ਗੱਲ ਤੋਂ ਕਾਫ਼ੀ ਨਿਰਾਸ਼ ਹਾਂ ਕਿ ਮੇਰੀ ਨਾਗਰਿਕਤਾ ਵਾਲੇ ਮੁੱਦੇ ਨੂੰ ਲੈ ਕੇ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਪੂਰੀ ਤਰ੍ਹਾਂ ਨਿੱਜੀ, ਕਾਨੂੰਨੀ ਅਤੇ ਗ਼ੈਰ-ਸਿਆਸੀ ਮੁੱਦਾ ਹੈ।"