ਏ ਵਕਤ ਤੂੰ ਕਿੰਨਾ ਮਹਾਨ ਹੋ ਗਿਆ,------ਸਰਬਜੀਤ ਕੌਰ ਹਾਜੀਪੁਰ

ਏ ਵਕਤ ਤੂੰ ਕਿੰਨਾ ਮਹਾਨ ਹੋ ਗਿਆ,------ਸਰਬਜੀਤ ਕੌਰ ਹਾਜੀਪੁਰ

ਏ ਵਕਤ ਤੂੰ ਕਿੰਨਾ ਮਹਾਨ ਹੋ ਗਿਆ,------ਸਰਬਜੀਤ ਕੌਰ ਹਾਜੀਪੁਰ 

ਏ ਵਕਤ ਤੂੰ ਕਿੰਨਾ ਮਹਾਨ ਹੋ ਗਿਆ, 
ਸਾਰਾ ਹੀ ਜੱਗ ਤੇਰਾ ਗੁਲਾਮ ਹੋ ਗਿਆ !!
ਪੁੱਛ-ਗਿੱਛ ਹੁੰਦੀ ਜੇਬ ਜਿਹਦੀ ਭਰੀ ਨੋਟਾਂ ਦੀ, 
ਹੋਵੇ ਬੇਕਦਰੀ ਧੁੱਪ ਚ ਨਿਚੋੜੇ ਲੋਕਾਂ ਦੀ.... 
ਕਰਮ ਕਰਦਾ ਹੈ ਕੋਈ... 
ਦੰਡ ਭਰਦਾ ਹੈ ਕੋਈ... 
ਪੱਤਰਾ ਕਾਗਜ਼ਾਂ ਦਾ ਹਰ ਪਾਸੇ ਪ੍ਧਾਨ ਹੋ ਗਿਆ... 
ਏ ਵਕਤ ਤੂੰ ਕਿੰਨਾ ਮਹਾਨ ਹੋ ਗਿਆ....

ਪਲ ਈਮਾਨਦਾਰੀ ਵਾਲਾ ਬੜਾ ਰਹਿ ਗਿਆ ਏ ਪਿੱਛੇ, 
ਚਾਲਬਾਜਾਂ ਦੀਆਂ ਚਾਲਾਂ ਬਸ ਰਹਿ ਗਈਆਂ ਨੇ ਹਿੱਸੇ.
ਝੂਠ ਮੋਹਤਬਰ ਹੋਇਆ 
ਸੱਚ ਜਿਉਂਦੇ ਜੀਅ ਮੋਇਆ
ਅੱਜ ਬੇਈਮਾਨਾਂ ਨਾਲ ਇਹ ਵੀ ਬੇਈਮਾਨ ਹੋ ਗਿਆ... 
ਏ ਵਕਤ ਤੂੰ ਕਿੰਨਾ ਮਹਾਨ ਹੋ ਗਿਆ....

ਤੇਰੀ ਰਫਤਾਰ ਅੱਗੇ ਸਾਡੀ ਚਲਦੀ ਨਾ ਪੇਸ਼.. 
ਜਿੰਨਾ ਪਿੱਛਾ ਇਹਦਾ ਕਰੋ ਉਨਾ ਹੋਈ ਜਾਵੇ ਤੇਜ਼ 
ਅੱਜ ਮੁੱਲ ਤੇਰੇ ਪੈਂਦੇ 
ਵਪਾਰੀ ਵਪਾਰ ਕਰ ਲੈਂਦੇ 
ਰੂਪ ਚੰਗਾ ਚਾਹੇ ਮਾੜਾ ਹਰ ਇੱਕ ਲਈ ਤੂੰ ਭਗਵਾਨ ਹੋ ਗਿਆ 
ਏ ਵਕਤ ਤੂੰ ਕਿੰਨਾ ਮਹਾਨ ਹੋ ਗਿਆ....

ਵਕਤ ਇੱਕ ਜਿਹਾ ਨਾ ਰਵੇ ਸਦਾ ਬਦਲਦਾ ਹੀ ਰਹਿੰਦਾ 
ਇਹਦੇ ਭਾਣੇ ਅਨੁਸਾਰ ਦੁੱਖ -ਸੁੱਖ ਸਹਿਣਾ ਪੈਂਦਾ 
ਰਾਜੇ ਰੰਕ ਬਣਾਵੇ 
ਲੱਖੋਂ ਕੱਖ ਕਰੀ ਜਾਵੇ 
ਫਿਰ ਸੋਚਦਾ ਹੈ ਬੰਦਾ ਮੈਂ ਕਿੰਝ ਕੰਗਾਲ ਹੋ ਗਿਆ 
ਏ ਵਕਤ ਤੂੰ ਕਿੰਨਾ ਮਹਾਨ ਹੋ ਗਿਆ...

ਇਹ ਤਾਂ ਕਿਸੇ ਦਾ ਨਾ ਹੋਇਆ, ਨਾ ਹੀ ਤੇਰਾ ਇਹਨੇ ਹੋਣਾ 
ਜਿੰਨਾ ਉੱਚੀ -ਉੱਚੀ ਹੱਸੇ, ਫਿਰ ਉਨਾ ਪੈਣਾ ਰੋਣਾ
ਜਿਹੜਾ ਆਇਆ ਉਹਨੇ ਜਾਣਾ.. 
ਮੰਜ਼ਿਲ ਮੌਤ ਹੈ ਟਿਕਾਣਾ 
ਸੱਭ ਜਾਣ ਕੇ ਵੀ, ਦਿਲ ਕਿਉਂ ਨਾਦਾਨ ਹੋ ਗਿਆ... 
ਏ ਵਕਤ ਤੂੰ ਕਿੰਨਾ ਮਹਾਨ ਹੋ ਗਿਆ... 
ਕਿ ਸਾਰਾ ਹੀ ਜੱਗ ਤੇਰਾ ਗੁਲਾਮ ਹੋ ਗਿਆ !!
ਸਰਬਜੀਤ ਕੌਰ ਹਾਜੀਪੁਰ 
(ਸ਼ਾਹਕੋਟ )