ਪੁਲਿਸ ਹਿਰਾਸਤ ‘ਚ ਮਾਰੇ ਗਏ ਜਸਪਾਲ ਦੇ ਇਨਸਾਫ ਲਈ ਘੇਰੀ ਕਾਂਗਰਸੀ ਵਿਧਾਇਕ ਦੀ ਕੋਠੀ

ਪੁਲਿਸ ਹਿਰਾਸਤ ‘ਚ ਮਾਰੇ ਗਏ ਜਸਪਾਲ ਦੇ ਇਨਸਾਫ ਲਈ ਘੇਰੀ ਕਾਂਗਰਸੀ ਵਿਧਾਇਕ ਦੀ ਕੋਠੀ

ਫ਼ਰੀਦਕੋਟ: ਪੁਲਿਸ ਹਿਰਾਸਤ ਵਿੱਚ 23 ਸਾਲ ਦੇ ਨੌਜਵਾਨ ਜਸਪਾਲ ਦੀ ਮੌਤ ਤੋਂ ਬਾਅਦ ਉਸਦੀ ਲਾਸ਼ ਨੂੰ ਖੁਰਦ ਬੁਰਦ ਕਰਨ ਮਗਰੋਂ, ਇਨਸਾਫ ਲਈ ਪਰਿਵਾਰ ਲਗਾਤਾਰ ਸੰਘਰਸ਼ ਵਿੱਚ ਹੈ। ਆਪਣੇ ਪੁੱਤ ਦੀ ਲਾਸ਼ ਲੈਣ ਅਤੇ ਉਸ ਦੀ ਮੌਤ ਦਾ ਇਨਸਾਫ ਲੈਣ ਅੱਜ ਵੱਡਾ ਰੋਸ ਮਾਰਚ ਕੱਢਿਆ ਗਿਆ ਤੇ ਫਿਰ ਇੱਥੋਂ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਕੋਠੀ ਦਾ ਘਿਰਾਓ ਕੀਤਾ।

ਪੀੜਤ ਪਰਿਵਾਰ ਲਗਾਤਾਰ 16 ਦਿਨ ਤੋਂ ਐਸਐਸਪੀ ਦਫਤਰ ਦੇ ਬਾਹਰ ਧਰਨਾ ਲਾਈ ਬੈਠਾ ਹੈ, ਪਰ ਉਨ੍ਹਾਂ ਦੇ ਪੁੱਤਰ ਦੀ ਨਾ ਲਾਸ਼ ਮਿਲੀ ਤੇ ਨਾ ਉਸ ਦੀ ਮੌਤ ਦੇ ਦੋਸ਼ੀ। ਅੱਜ ਐਕਸ਼ਨ ਕਮੇਟੀ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਵਿਸ਼ਾਲ ਰੋਸ਼ ਮਾਰਚ ਸ਼ਹਿਰ ਵਿੱਚ ਕੱਢਿਆ ਤੇ ਵਿਧਾਇਕ ਕੁਸ਼ਲਦੀਪ ਢਿਲੋਂ ਦੇ ਘਰ ਦਾ ਘਿਰਾਓ ਕਰਨ ਪਹੁੰਚਿਆ ਤਾਂ ਇੱਥੇ ਟਾਕਰਾ ਪੁਲਿਸ ਨਾਲ ਹੋਇਆ ਜੋ ਵਿਧਾਇਕ ਦੀ ਰਾਖੀ ਲਈ ਤਿਆਰ ਖੜ੍ਹੀ ਸੀ। ਪੁਲਿਸ ਨੇ ਕਿਸੇ ਵੀ ਹਾਲਤ ਵੱਲੋਂ ਨਿੱਬੜਨ ਲਈ ਪਾਣੀ ਦੀਆਂ ਬੁਛਾੜਾਂ ਛੱਡਣ ਵਾਲੀਆਂ ਗੱਡੀਆਂ ਖੜ੍ਹੀਆਂ ਕੀਤੀਆਂ ਗਈਆਂ ਪਰ ਪ੍ਰਦਰਸ਼ਨਕਾਰੀਆਂ ਨੇ ਉੱਥੇ ਹੀ ਧਰਨਾ ਮਾਰ ਦਿੱਤਾ।

ਕਰੀਬ ਇੱਕ ਘੰਟੇ ਮਗਰੋਂ ਇਹ ਸ਼ਾਂਤੀਪੂਰਵਕ ਧਰਨਾ ਖ਼ਤਮ ਕੀਤਾ ਗਿਆ। ਪਰ ਇਸ ਤੋਂ ਬਾਅਦ ਜਸਪਾਲ ਦੇ ਪਿਤਾ ਹਰਬੰਸ ਸਿੰਘ ਨੇ ਕਾਫੀ ਗਰਮੀ ਵਿੱਚ ਗੈਂਗਸਟਰ ਤੋਂ ਸਮਾਜਸੇਵੀ ਬਣੇ ਲੱਖਾ ਸਿਧਾਣਾ ਨਾਲ ਰਲ ਸੜਕ ‘ਤੇ ਲੇਟ ਕਰ ਆਪਣਾ ਧਰਨਾ ਜਾਰੀ ਰੱਖਿਆ। ਐਕਸ਼ਨ ਕਮੇਟੀ ਦੇ ਮੈਂਬਰ ਰਾਜਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੇ ਹੱਲ ਲਈ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਨੂੰ ਖੁਦਕੁਸ਼ੀ ਸਾਬਤ ਕਰਨਾ ਚਾਹੁੰਦੀ ਹੈ ਪਰ ਉਸ ਦਾ ਕਤਲ ਪੁਲਿਸ ਹਿਰਾਸਤ ਵਿੱਚ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਇਸ ਕੇਸ ਦੀ ਜਾਂਚ ਠੀਕ ਤਰੀਕੇ ਨਾਲ ਹੋਵੇ ਤਾਂ ਇਸ ਦੇ ਪਿੱਛੇ ਕਈ ਸਿਆਸੀ ਲੋਕਾਂ ਦਾ ਹੱਥ ਹੋਣ ਦਾ ਖੁਲਾਸਾ ਹੋਵੇਗਾ।