ਕੇਜਰੀਵਾਲ ਨੇ ਦੋਸ਼ੀ ਪੁਲਿਸ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਮੰਗੀ

ਕੇਜਰੀਵਾਲ ਨੇ ਦੋਸ਼ੀ ਪੁਲਿਸ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਮੰਗੀ

ਰਾਜਧਾਨੀ ਦੇ ਮੁਖਰਜੀ ਨਗਰ ਖੇਤਰ 'ਚ ਇਕ ਟੈਂਪੂ ਚਾਲਕ ਨਾਲ ਸੜਕ 'ਤੇ ਕੁੱਟਮਾਰ ਦੇ ਮਾਮਲੇ 'ਚ ਤਿੰਨ ਪੁਲਿਸ ਕਰਮਚਾਰੀਆਂ ਨੂੰ ਗ਼ੈਰ ਪੇਸ਼ੇਵਰ ਆਚਰਨ ਦੇ ਦੋਸ਼ 'ਚ ਮੁਅੱਤਲ ਕਰ ਦਿਤਾ ਗਿਆ ਹੈ। ਘਟਨਾ ਨਾਲ ਜੁੜੇ ਇਕ ਵੀਡੀਉ 'ਚ ਪੇਂਡੂ ਸੇਵਾ ਦਾ ਟੈਂਪੂ ਚਾਲਕ ਅਪਣੇ ਵਾਹਨ ਦੇ ਪੁਲਿਸ ਵਾਹਨ ਨਾਲ ਟਕਰਾਉਣ ਤੋਂ ਬਾਅਦ ਪੁਲਿਸ ਕਰਮਚਾਰੀਆਂ ਦਾ ਤਲਵਾਰ ਲਹਿਰਾਉਂਦੇ ਹੋਏ ਪਿੱਛਾ ਕਰਦੇ ਦਿਖਾਈ ਦਿੰਦਾ ਹੈ। ਉੱਥੇ ਹੀ ਦੂਜੇ ਵੀਡੀਉ 'ਚ ਪੁਲਿਸ ਕਰਮਚਾਰੀ ਚਾਲਕ ਨੂੰ ਕੁੱਟਦੇ ਹੋਏ ਦਿਖਾਈ ਦਿੰਦੇ ਹਨ। ਦਿੱਲੀ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਮਾਮਲੇ 'ਚ ਗ਼ੈਰ ਪੇਸ਼ੇਵਰ ਆਚਰਨ ਕਾਰਨ ਤਿੰਨ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਪੁਲਿਸ ਡਿਪਟੀ ਕਮਿਸ਼ਨਰ (ਉੱਤਰ-ਪੱਛਮ) ਅਤੇ ਮੁਖਰਜੀ ਨਗਰ ਦੇ ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਅਤੇ ਸਹਾਇਕ ਪੁਲਿਸ ਕਮਿਸ਼ਨਰ ਦੀ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਘਟਨਾ ਦੀ ਨਿੰਦਾ ਕੀਤੀ ਅਤੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਦਿੱਲੀ ਪੁਲਿਸ ਦੇ ਐਡੀਸ਼ਨਲ ਜਨ ਸੰਪਰਕ ਅਧਿਕਾਰੀ ਅਨਿਲ ਮਿੱਤਲ ਨੇ ਕਿਹਾ ਕਿ ਮੁਅੱਤਲ ਪੁਲਿਸ ਕਰਮਚਾਰੀਆਂ ਨੇ ਐਤਵਾਰ ਨੂੰ ਹੋਈ ਘਟਨਾ ਨਾਲ ਨਜਿੱਠਣ 'ਚ ਗ਼ੈਰ ਪੇਸ਼ੇਵਰ ਤਰੀਕਾ ਅਪਣਾਇਆ। ਪੇਂਡੂ ਸੇਵਾ ਦੇ ਟੈਂਪੂ ਚਾਲਕ ਦੇ ਕਥਿਤ ਹਮਲੇ 'ਚ ਇਕ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਿਆ। ਵਾਇਰਲ ਵੀਡੀਉ 'ਚੋਂ ਇਕ 'ਚ ਚਾਲਕ ਅਪਣੇ ਵਾਹਨ ਦੀ ਪੁਲਿਸ ਵਾਹਨ ਨਾਲ ਟੱਕਰ ਤੋਂ ਬਾਅਦ ਹੱਥ 'ਚ ਤਲਵਾਰ ਲਹਿਰਾਉਂਦੇ ਹੋਏ ਪੁਲਿਸ ਕਰਮਚਾਰੀਆਂ ਦਾ ਪਿੱਛਾ ਕਰਦਾ ਦਿਖਾਈ ਦਿੰਦਾ ਹੈ। ਉੱਥੇ ਹੀ ਦੂਜੇ ਵੀਡੀਉ 'ਚ ਪੁਲਿਸ ਕਰਮਚਾਰੀ ਚਾਲਕ ਨੂੰ ਡੰਡਿਆਂ ਨਾਲ ਕੁੱਟਦੇ ਹੋਏ ਦਿਖਾਈ ਦਿੰਦੇ ਹਨ।
ਮੁੱਖ ਮੰਤਰੀ ਕੇਜਰੀਵਾਲ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ, ਮੁਖਰਜੀ ਨਗਰ 'ਚ ਦਿੱਲੀ ਪੁਲਿਸ ਵਲੋਂ ਦਿਖਾਈ ਗਈ ਬੇਰਹਿਮੀ ਬਹੁਤ ਨਿੰਦਾਯੋਗ ਹੈ ਅਤੇ ਗ਼ਲਤ ਹੈ। ਮੈਂ ਘਟਨਾ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕਰਦਾ ਹਾਂ। ਲੋਕਾਂ ਦੇ ਰੱਖਿਅਕਾਂ ਨੂੰ ਬੇਕਾਬੂ ਹਿੰਸਕ ਗੁੰਡੇ ਬਣਨ ਦੀ ਮਨਜ਼ੂਰੀ ਨਹੀਂ ਦਿਤੀ ਜਾ ਸਕਦੀ।