
ਕੁੜੀ ਨੇ ਮੁੰਡੇ ਨੂੰ ਸ਼ਰੇਆਮ ਲੋਹੇ ਦੀ ਰਾਡ ਨਾਲ ਕੁੱਟਿਆ
Wed 26 Jun, 2019 0
ਚੰਡੀਗੜ੍ :
ਸ਼ਹਿਰ ਦੇ ਮਸ਼ਹੂਰ ਟ੍ਰਿਬਿਊਨ ਚੌਕ ’ਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇਕ ਕੁੜੀ ਨੇ ਮੁੰਡੇ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿਤਾ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ, ਮੋਹਾਲੀ ਦੇ ਫੇਜ਼ 10 ਦੀ ਰਹਿਣ ਵਾਲੀ 25 ਸਾਲਾ ਸ਼ੀਤਲ ਸ਼ਰਮਾ ਮੰਗਲਵਾਰ ਬਾਅਦ ਦੁਪਹਿਰ ਟ੍ਰਿਬਿਊਨ ਚੌਂਕ ਦੀ ਸਲਿੱਪ ਰੋਡ ’ਤੇ ਅਪਣੀ ਕਾਰ ਨੂੰ ਪਿੱਛੇ ਕਰ ਰਹੀ ਸੀ ਕਿ ਇੰਨੇ ਨੂੰ ਪਿੱਛੋਂ ਆਉਂਦੀ ਸੈਂਟਰੋ ਗੱਡੀ ’ਚ ਆ ਰਹੇ ਨਿਤੀਸ਼ ਕੁਮਾਰ (26) ਵਾਸੀ ਚੰਡੀਗੜ੍ਹ ਨਾਲ ਟੱਕਰ ਹੁੰਦੇ ਮਸਾਂ ਬਚੀ।
ਇਸ ਤੋਂ ਬਾਅਦ ਨਿਤੀਸ਼ ਕੁਮਾਰ ਤੇ ਸ਼ੀਤਲ ਸ਼ਰਮਾ ਦੀ ਆਪਸ ਵਿਚ ਬਹਿਸ ਹੋ ਗਈ ਤੇ ਛੇਤੀ ਹੀ ਬਹਿਸ ਨੇ ਹਿੰਸਕ ਰੂਪ ਧਾਰਨ ਕਰ ਲਿਆ। ਗੁੱਸੇ ਵਿਚ ਆ ਕੇ ਸ਼ੀਤਲ ਸ਼ਰਮਾ ਨੇ ਅਪਣੀ ਕਾਰ ਵਿਚੋਂ ਲੋਹੇ ਦੀ ਰਾਡ ਕੱਢੀ ਤੇ ਨਿਤੀਸ਼ ਕੁਮਾਰ ਨੂੰ ਮਾਰ ਦਿਤੀ। ਹਮਲੇ ਕਾਰਨ ਨਿਤੀਸ਼ ਕੁਮਾਰ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਮੈਡੀਕਲ ਸਹਾਇਤਾ ਲਈ ਸੈਕਟਰ-32 ਦੇ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਉਸ ਦੇ ਬਿਆਨ ਦਰਜ ਕਰ ਲਏ ਹਨ।
ਇਸ ਦੌਰਾਨ ਸੈਕਟਰ 32 ਦੇ ਹਸਪਤਾਲ ਵਿਚ ਲੜਕੀ ਦਾ ਵੀ ਮੈਡੀਕਲ ਕਰਵਾਇਆ ਗਿਆ। ਪੁਲਿਸ ਨੇ ਦੋਵੇਂ ਵਾਹਨ ਜ਼ਬਤ ਕਰ ਲਏ ਹਨ। ਲੜਕੀ ਵਿਰੁਧ ਧਾਰਾ 289, 336, 308 ਤੇ 506 ਤਹਿਤ ਮਾਮਲਾ ਦਰਜ ਕਰ ਲਿਆ ਹੈ।
Comments (0)
Facebook Comments (0)