ਸਿੱਖ ਰੈਫ਼ਰੈਂਸ ਲਾਇਬ੍ਰੇਰੀ 'ਚ ਲੁੱਟ ਦਾ ਮਾਮਲਾ

ਸਿੱਖ ਰੈਫ਼ਰੈਂਸ ਲਾਇਬ੍ਰੇਰੀ 'ਚ ਲੁੱਟ ਦਾ ਮਾਮਲਾ

ਅੰਮ੍ਰਿਤਸਰ :

ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚ ਕੁੱਝ ਵਿਸ਼ੇਸ਼ ਵਿਅਕਤੀਆਂ ਵਲੋਂ ਕੀਤੀ ਗਈ ਲੁੱਟ-ਖਸੁੱਟ ਦਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਧਿਆਨ ਵਿਚ ਕਾਫ਼ੀ ਪਹਿਲਾਂ ਤੋਂ ਸੀ ਪਰ ਇਸ ਮਾਮਲੇ 'ਤੇ ਸਾਰੇ ਹੀ ਖ਼ਾਮੋਸ਼ ਸਨ। ਇਸ ਪਿਛੇ ਕਾਰਨ ਕੀ ਸੀ ਇਹ ਤਾਂ ਸਪਸ਼ਟ ਨਹੀਂ ਹੈ ਪਰ ਇਕ ਗੱਲ ਪੱਕੀ ਹੈ ਕਿ ਲੁੱਟ ਮਚਾਉਣ ਵਾਲਿਆਂ ਦਾ ਪਤਾ ਲੱਗ ਜਾਣ ਦੇ ਬਾਵਜੂਦ ਲਾਇਬ੍ਰੇਰੀ ਦੇ ਰਾਖੇ ਚੁੱਪ ਰਹੇ।

ਗੁਰੂ ਗ੍ਰੰਥ ਸਾਹਿਬ ਦੀ ਇਕ ਬੇਸ਼ਕੀਮਤੀ ਬੀੜ ਜਿਸ ਨੂੰ ਵਿਦੇਸ਼ ਵਿਚ ਲਿਜਾ ਕੇ 4000 ਪਾਉੂਂਡ ਵਿਚ ਵੇਚਿਆ ਗਿਆ ਉਸ ਬਾਰੇ ਕਈ ਹੋਰ ਨਵੇਂ ਇੰਕਸ਼ਾਫ਼ ਹੋਏ ਹਨ। ਜਾਣਕਾਰੀ ਮੁਤਾਬਕ ਇਹ ਮਾਮਲਾ ਸਾਲ 2001 ਵਿਚ ਪਹਿਲੀ ਵਾਰ ਜਨਤਕ ਹੋਇਆ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਹਰਕਤ ਵਿਚ ਆਈ ਸੀ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਨ। ਬੀੜ ਦਾ ਮਾਮਲਾ ਜਨਤਕ ਹੋਣ ਤੋਂ ਬਾਅਦ ਜਥੇਦਾਰ ਤਲਵੰਡੀ ਦੀ ਅਗਵਾਈ ਵਿਚ ਹੋਈ 
ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਉਸ ਬੀੜ ਨੂੰ ਵਾਪਸ ਮੰਗਵਾਇਆ ਜਾਵੇ।

ਇਹ ਬੇਸ਼ਕੀਮਤੀ ਬੀੜ ਗੋਇੰਦਵਾਲ ਸਾਹਿਬ ਵਿਖੇ ਸਸਕਾਰ ਲਈ ਲਿਆਂਦੀ ਗਈ ਸੀ ਤੇ ਸ਼੍ਰੋਮਣੀ ਕਮੇਟੀ ਵਲੋਂ ਉਨ੍ਹੀ ਦਿਨੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਸਸਕਾਰ ਕਰਨ ਤੋਂ ਪਹਿਲਾਂ ਚੈੱਕ ਕਰਨ ਦੀ ਜ਼ਿੰਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤੱਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਸੀ। ਉਨ੍ਹਾਂ ਇਹ ਬੀੜ ਚੈੱਕ ਕਰ ਕੇ ਅੰਮ੍ਰਿਤਸਰ ਭੇਜੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਸ਼੍ਰੋਮਣੀ ਕਮੇਟੀ ਦਾ ਇਕ ਪ੍ਰਚਾਰਕ ਬਲਬੀਰ ਸਿੰਘ ਚੰਗਿਆੜਾ ਅਤੇ ਸਾਬਕਾ ਮੰਤਰੀ ਪੰਜਾਬ ਸੋਹਨ ਸਿੰਘ ਠੰਡਲ ਵੀ ਵਿਦੇਸ਼ ਫੇਰੀ 'ਤੇ ਸੀ।

ਇਸ ਫੇਰੀ ਨੂੰ ਧਾਰਮਕ ਰੰਗਤ ਦੇਣ ਲਈ ਹੁਸ਼ਿਆਰਪੁਰ ਦੇ ਇਕ ਬਜ਼ਾਰ ਵਿਚੋਂ ਪੁਰਾਣੇ ਕਬਾੜ ਵਿਚ ਆਈਆਂ ਕੁੱਝ ਕ੍ਰਿਪਾਨਾਂ ਅਤੇ ਹੋਰ ਅਜਿਹਾ ਹੀ ਸਮਾਨ ਖ਼ਰੀਦ ਕੇ ਵਿਦੇਸ਼ ਲਿਜਾਇਆ ਗਿਆ ਜਿਸ ਵਿਚ ਇਹ ਬੀੜ ਵੀ ਸੀ। 2001 ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਰਹੇ ਹਰਬੰਸ ਸਿੰਘ ਮੰਝਪੁਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਗਿਆਨੀ ਵੇਦਾਂਤੀ ਦਾ ਇਸ ਸਾਰੇ ਮਾਮਲੇ ਵਿਚ ਰੋਲ ਨਹੀਂ ਸੀ। ਮੁੱਖ ਤੌਰ 'ਤੇ ਜ਼ਿੰਮੇਵਾਰ ਬਲਬੀਰ ਸਿੰਘ ਚਗਿੰਆੜਾ ਅਤੇ ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਸੀ।