ਦਿੱਲੀ ਜਿੱਤਣ ਬਾਅਦ ਕੇਜਰੀਵਾਲ ਹੁਣ ਪੰਜਾਬ ਵੱਲ ਮੋੜਨਗੇ 'ਮੁਹਾਰਾ' : ਬਠਿੰਡਾ 'ਚ ਰੋਡ ਸ਼ੋਅ ਛੇਤੀ!
Wed 12 Feb, 2020 0ਬਠਿੰਡਾ : ਦਿੱਲੀ ਜਿੱਤਣ ਤੋਂ ਬਾਅਦ ਕੇਜਰੀਵਾਲ ਹੁਣ ਅਪਣੇ ਪੁਰਾਣੇ ਨਿਸ਼ਾਨੇ 'ਪੰਜਾਬ' ਵੱਲ ਧਿਆਨ ਕੇਂਦਰਿਤ ਕਰਨ ਦੀ ਤਿਆਰੀ ਖਿੱਚ ਚੁੱਕੇ ਹਨ। ਇਸੇ ਤਹਿਤ ਉਨ੍ਹਾਂ ਵਲੋਂ ਫ਼ਰਵਰੀ ਦੇ ਅਖ਼ੀਰ ਵਿਚ ਬਠਿੰਡਾ ਫੇਰਾ ਪਾਉਣ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਹਨ। ਇਸ ਦੀ ਪੁਸ਼ਟੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਕਰ ਚੁੱਕੇ ਹਨ।
ਭਗਵੰਤ ਮਾਨ ਮੁਤਾਬਕ ਅਰਵਿੰਦ ਕੇਜਰੀਵਾਲ ਫ਼ਰਵਰੀ ਦੇ ਅਖ਼ੀਰ ਵਿਚ ਬਠਿੰਡਾ ਵਿਖੇ ਰੋਡ ਸ਼ੋਅ ਕਰਨ ਜਾ ਰਹੇ ਹਨ। ਭਗਵੰਤ ਮਾਨ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦਾ ਅਗਲਾ ਨਿਸ਼ਾਨਾ ਹੁਣ ਪੰਜਾਬ ਫ਼ਤਹਿ ਕਰਨ ਦਾ ਹੈ। ਇਸੇ ਤਹਿਤ ਉਹ ਫ਼ਰਵਰੀ ਮਹੀਨੇ ਦੇ ਅਖ਼ੀਰ ਵਿਚ ਬਠਿੰਡਾ ਵਿਖੇ ਫੇਰੀ ਪਾਉਣ ਆਉਣਗੇ।
ਭਗਵੰਤ ਮਾਨ ਅਨੁਸਾਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਅੰਦਰ ਸੰਗਰੂਰ ਅਤੇ ਬਠਿੰਡਾ ਹਲਕੇ ਅੰਦਰ ਰੋਡ ਸ਼ੋਅ ਕਰ ਕੇ ਪਾਰਟੀ ਵਰਕਰਾਂ ਨੂੰ ਅਪਣੇ ਟੀਚੇ ਦੀ ਸਫ਼ਲਤਾ ਲਈ ਲਾਮਬੰਦ ਕਰਨਗੇ।
ਦਿੱਲੀ ਚੋਣਾਂ 'ਚ ਮਿਲੀ ਜ਼ਬਰਦਸਤ ਸਫ਼ਲਤਾ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ 'ਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਧਰ 'ਆਪ' ਹਾਈ ਕਮਾਡ ਵੀ ਦਿੱਲੀ ਵਿਚ ਮਿਲੀ ਜਿੱਤ ਦੇ ਪ੍ਰਭਾਵ ਨੂੰ ਪੰਜਾਬ ਅੰਦਰ ਤੁਰਤ ਵਰਤਣ ਦੇ ਰੌਂਅ ਵਿਚ ਹੈ। 'ਆਪ' ਲੀਡਰਸ਼ਿਪ ਗਰਮ ਲੋਹੇ 'ਤੇ ਹਥੌੜਾ ਮਾਰਨ ਦੀ ਫਿਰਾਕ ਵਿਚ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਪਾਰਟੀ ਦੇ ਅਧਾਰ ਨੂੰ ਵੱਡਾ ਖੋਰਾ ਲੱਗਾ ਸੀ, ਜਿਸ ਦੀ ਭਰਪਾਈ ਲਈ ਹਾਈ ਕਮਾਡ ਨੂੰ ਇਹ ਢੁਕਵਾਂ ਸਮਾਂ ਲੱਗਦਾ ਹੈ।
ਭਗਵੰਤ ਮਾਨ ਅਨੁਸਾਰ ਕੇਜਰੀਵਾਲ ਦੇ ਬਠਿੰਡਾ ਵਿਖੇ ਹੋਣ ਵਾਲੇ ਰੋਡ ਸ਼ੋਅ ਵਿਚ ਵੱਡਾ ਇਕੱਠ ਹੋਵੇਗਾ। ਉਨ੍ਹਾਂ ਕਿਹਾ ਕਿ ਬਠਿੰਡਾ ਵਾਸੀਆਂ ਨੇ 'ਆਪ' ਨੂੰ ਪਹਿਲਾਂ ਵੀ ਵੱਡਾ ਮਾਣ ਦਿਤਾ ਹੈ। ਬਠਿਡਾ ਤੋਂ ਸ਼ੁਰੂ ਹੋਇਆ ਇਹ ਰੋਡ ਸ਼ੋਅ ਸੰਗਰੂਰ ਵਿਖੇ ਸਮਾਗਮ ਹੋਵੇਗਾ ਜਿਸ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ 'ਆਪ' ਨੇ ਦਿੱਲੀ ਚੋਣਾਂ ਕੀਤੇ ਕੰਮਾਂ ਬਦਲੇ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਇਤਿਹਾਸਕ ਜਿੱਤ ਦਾ ਅਸਰ ਪੰਜਾਬ ਵਿਚ ਵੀ ਪਵੇਗਾ ਅਤੇ ਲੋਕਾਂ ਅੰਦਰ ਆਮ ਆਦਮੀ ਪਾਰਟੀ ਪ੍ਰਤੀ ਵਿਸ਼ਵਾਸ ਹੋਰ ਪੱਕਾ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿਚਲੀ ਲਗਾਤਾਰ ਤੀਸਰੀ ਜਿੱਤ ਨੇ ਸਾਬਤ ਕਰ ਦਿਤਾ ਹੈ ਕਿ 'ਆਪ' ਨੂੰ ਸਰਕਾਰ ਚਲਾਉਣਾ ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਾ ਆਉਂਦਾ ਹੈ।
Comments (0)
Facebook Comments (0)