ਇਕ ਕਹਾਣੀ,ਜਿਸ ਨੂੰ ਪੜ੍ਹ ਕੇ ਮੈਂ ਸੁੰਨ ਹੋ ਗਿਆ :

ਇਕ ਕਹਾਣੀ,ਜਿਸ ਨੂੰ ਪੜ੍ਹ ਕੇ ਮੈਂ ਸੁੰਨ ਹੋ ਗਿਆ :

ਅੱਜ ਵੀ ਉਹ ਉਸੇ ਥਾਂ ਬੈਠੀ ਸੀ ।ਬਿਜਲਈ ਮੋਮਬੱਤੀਆਂ ਦੀ ਮੱਧਮ ਰੌਸ਼ਨੀ ਅਤੇ ਹਨੇਰੇ ਦੀ ਲੁਕਣਮੀਟੀ ਵਿਚ ਡੁੱਬੇ ਇਸ ਸ਼ਰਾਬਖਾਨੇ ਦੇ ਇਕੱਲਵਾਂਜੇ ਖੂੰਜੇ ਵਿਚ ।ਉਸ ਦੇ ਸਾਹਮਣੇ ਰਾਖਦਾਨੀ ਵਿਚ ਅੱਧ -ਜਗੀਆਂ ਤੇ ਅੱਧ -ਬੁਝੀਆਂ ਸਿਗਰਟਾਂ ਦਾ ਢੇਰ ਜਿਹਾ ਉਸਰ ਆਇਆ ਸੀ ।ਅਗਲੀ ਸਿਗਰਟ ਜਲਾਉਣ ਲਈ ਮਾਚਿਸ ਦੀ ਤੀਲੀ ਬਦਲਦੀ, ਤਾਂ ਉਸ ਦੇ ਚਿਹਰੇ ਉਤੇ ਛਿਣ ਦੀ ਛਿਣ ਗੰਭੀਰਤਾ ਫੈਲਦੀ ਹੋਈ ਵਿਖਾਈ ਦਿੰਦੀ ।
ਮੱਥੇ ਉਤੇ ਸੁਰਖ ਬਿੰਦੀ, ਕੰਨਾਂ ਵਿਚ ਪਲਾਸਟਿਕ ਦੇ ਸੁਰਖ ਬੁੰਦੇ ,ਬੁੱਲ੍ਹਾਂ ਉਤੇ ਸੁਰਖ ਲਿਪਸਟਿਕ, ਸੁਰਖ ਹਾਫ਼ ਕੋਟ, ਹੇਠਾਂ ਸਫੈਦ ਕਮੀਜ਼ ਤੇ ਸੁਰਖ ਸਕਰਟ, ਗਲ ਵਿਚ ਸੁਰਖ ਸਕਾਰਫ਼ ਅਤੇ ਪੈਰਾਂ ਵਿਚ ਸੁਰਖ ਗੁਰਗਾਬੀ ਪਾਈ ਬੈਠੀ, ਉਹ ਆਪਣੇ ਮਧਰੇ ਤੋਂ ਕੁਝ ਸਿਰਕੱਢਵੇਂ ਕੱਦ ਵਿਚ ਬੜੀ ਆਕਰਸ਼ਕ ਤੇ ਸੁੰਦਰ ਲੱਗ ਰਹੀ ਸੀ ।ਭਰਵੀਆਂ ਛਾਤੀਆਂ ਤੇ ਗੁੰਦੇ ਹੋਏ ਜਿਸਮ ਵਾਲੀ ਏਸ ਔਰਤ ਨੂੰ ਵਾਲ ਬਣਾਉਣ ਅਤੇ ਮਿਲਵੇਂ ਰੰਗਾਂ ਵਾਲੀਆਂ ਨਿੱਤ ਨਵੀਆਂ ਪੋਸ਼ਾਕਾਂ ਪਹਿਨਣ, ਸਾਜ -ਸੱਜਾ ਅਤੇ ਸ਼ਿੰਗਾਰ ਦਾ ਬੜਾ ਸੁਹਜਮਈ ਸਲੀਕਾ ਸੀ ।
ਬੀਅਰ ਦਾ ਗਿਲਾਸ ਚੁੱਕਦਿਆਂ ਉਸਨੇ ਇਕ ਨਜ਼ਰ ਮੇਰੇ, ਜਾਂ ਮੇਰੇ ਮੇਜ਼ ਵਲਾਂ ਅਤੇ ਜਾਂ ਸਾਡੇ ਦੋਹਾਂ ਤੋਂ ਪਾਰ ਵੇਖਿਆ ।ਮੈਂ ਕੋਲ ਹੀ ਉਸਦੇ ਨਾਲ ਦੀ ਮੇਜ਼ ਉੱਤੇ ਬੈਠਾ ਸਾਂ ।ਉਸ ਦੀਆਂ ਹਲਕੀਆਂ ਨੀਲੀਆਂ ਅੱਖਾਂ ਕਿਸੇ ਵੀ ਕਿਸਮ ਦੇ ਪ੍ਰਭਾਵ ਤੋਂ ਮੁਕਤ ਸਨ ।
" ਖਿਮਾ ਕਰਨਾ, ਕੀ ਮੈਂ ਤੁਹਾਡੀ ਸੰਗਤ ਵਿਚ ਸ਼ਾਮਿਲ ਹੋ ਸਕਦਾ ਹਾਂ ?" ਆਖ ਕੇ ਮੈਂ ਉਸ ਦੇ ਸਾਹਮਣੀ ਕੁਰਸੀ ਉੱਤੇ ਬੈਠ ਗਿਆ ।
" ਜੋ ਤੂੰ ਢੂੰਡ ਰਿਹਾ ਹੈਂ, ਉਹ ਸ਼ਾਇਦ ਤੈਨੂੰ ਮੈਂ ਨਾ ਦੇ ਸਕਾਂ ।"ਉਸ ਨੇ ਹਲਕੇ, ਪਰ ਸੰਗੀਤਮਈ ਸੁਰਾਂ ਵਿਚ ਕਿਹਾ ।
" ਮੈਂ ਤਾਂ ਸਿਰਫ ਦੋ ਮੇਜ਼ਾਂ ਉਤੇ ਫੈਲੀਆਂ ਦੋ ਇਕੱਲਾਂ ਨੂੰ ਇਕ ਮੇਜ਼ ਉਤੇ ਇਕੱਠਿਆਂ ਕਰਨ ਬਾਰੇ ਹੀ ਸੋਚਿਆ ਸੀ ।"
" ਮੇਜ਼ ਬਦਲਿਆਂ ਇਕੱਲ ਦੇ ਮਿਜਾਜ਼ ਵਿਚ ਕੋਈ ਫ਼ਰਕ ਨਹੀਂ ਪੈਣਾ । ਜੋ ਇਕੱਲ ਧੁਰ ਅੰਦਰ, ਵਜੂਦ ਦਾ ਇਕ ਹਿੱਸਾ ਬਣਕੇ ਖ਼ਲਾਅ ਵਾਂਗ ਪਸਰ ਜਾਏ, ਉਸ ਦੇ ਚੱਕਰਵਿਊ ਤੋਂ ਮੁਕਤੀ ਸੰਭਵ ਨਹੀਂ । ਕੀ ਤੂੰ ਕਦੇ ਦੋ ਇਕੱਲਾਂ ਦੀ ਸੰਗਤ ਬਾਰੇ ਵੀ ਸੋਚਿਆ ਹੈ ? ਇਕੱਲ ਹੁੰਦਿਆਂ ਵੀ ਕੋਲ ਬੈਠੀ ਦੂਸਰੀ ਇਕੱਲ ਦੇ ਸੰਗ ਸਾਥ ਦਾ ਮੱਠਾ ਮੱਠਾ ਅਹਿਸਾਸ ਕੀ ਇਕੱਲ ਨੂੰ ਮਾਰ ਨਹੀਂ ਸਕਦਾ ?"
ਗੱਲਾਂ ਤੁਰ ਪੈਂਦੀਆਂ ਹਨ ਬੇਸਿਰ ਪੈਰ ਦੀਆਂ ।ਸ਼ੋਰ ਉਠ ਖੜ੍ਹਾ ਹੁੰਦਾ ਹੈ ਮੇਰੇ ਅੰਦਰ ।ਗੱਲਾਂ ਦੇ ਸਿਰੇ ਗੁੰਮ ਗੁਆਚ ਜਾਂਦੇ ਨੇ ।
"ਇਸ ਸ਼ੋਰ ਤੋਂ ਛਿਣ ਛਿਣ ਸੰਘਣੇ ਹੋ ਰਹੇ ਅਨ੍ਹੇਰੇ ਵਿਚ ਤੇ ਮੈਂ ਹੋਰ ਵੀ ਵਧੇਰੇ ਇਕੱਲੀ ਤੇ ਸੱਖਣੀ ਹੋ ਜਾਂਦੀ ਹਾਂ "
" ਆਪਣਾ ਆਪਣਾ ਏਕਾ ਕੀਕੂੰ ਚੁੱਕੀ ਫਿਰਦੇ ਲੋਕ !"
"ਕੀ ਕਿਹਾ ਤੂੰ ?"
" ਕੁਝ ਨਹੀਂ, ਐਵੇਂ ਇਕ ਕਵਿਤਾ ਦੇ ਬੋਲ ਯਾਦ ਆ ਗਏ ।"
"ਤੂੰ ਕਵਿਤਾ ਵੀ - - "
" ਲਿਖਦਾ ਹਾਂ । ਆਪਣੇ ਆਪ ਨਾਲ ਸੰਵਾਦ ਰਚਾਉਣਾ, ਆਪਣੇ ਆਪ ਨੂੰ, ਵਸਤੂ ਪੱਧਰ ਉਤੇ, ਇਕ ਦੂਰੀ ਤੋਂ ਵੇਖਣਾ ਸਮਝਣਾ - - ਕਵਿਤਾ ਹੀ ਤਾਂ ਹੈ - - ਆਪਣੀ ਇਕੱਲ ਦਾ ਸ਼ਬਦਾਂ, ਭਾਵਾਂ ਤੇ ਅਰਥਾਂ ਵਿਚ ਕਾਇਆ ਕਲਪ ਹੋ ਜਾਣਾ । ਆਪਣੇ ਪੱਤੇ ਆਪਣੀ ਖੇਡ - -ਸੌਲੀਟੇਅਰ - -ਇਕੱਲ ਖੇਡ ।"
" ਹਾਂ ਸੌਲੀਟੇਅਰ । ਆਪੇ ਤਾਸ਼ ਆਪ ਖਿਡਾਰੀ । ਆਪੇ ਖੇਡ, ਆਪੇ ਜਿੱਤ ਤੇ ਆਪੇ ਹਾਰ - -ਆਪੇ ਸ਼ੂਨਯ, ਅੱਧ ਵਿਚਕਾਰ ।"
" ਤੂੰ ਤਾਂ ਭਾਸ਼ਾ ਸਿਰਜ ਰਹੀ, ਫ਼ਲਸਫ਼ਾ ਜੀ ਰਹੀ ਤੇ ਕਵਿਤਾ ਬਣ ਰਹੀ ਹੈਂ ।"
" ਇਕਲਾਪਾ ਜਦੋਂ ਮਜਬੂਰੀ ਵੱਸ ਜੀਵਨ-ਸ਼ੈਲੀ ਬਣ ਜਾਏ, ਤਾਂ ਚੁੱਪ ਹੀ ਨਹੀਂ, ਬੋਲ ਵੀ ਬੜੇ ਤਿੱਖੇ ਹੋ ਜਾਂਦੇ ਹਨ । ਤਿੱਖੇ ਅਨੁਭਵ, ਤਿੱਖੇ ਸ਼ਬਦ, ਤਿੱਖੇ ਅਰਥ ਅਤੇ ਘੋੜੇ ਵਾਂਗ ਇਕ ਲੰਮੇ ਸਮੇ ਤੋਂ ਆਪਣੇ ਅੰਦਰ, ਲਗਾਤਾਰ ਸੀਖ ਭਾਰ ਖੜ੍ਹੀ ਥਿਰ ਹੋਈ ਜ਼ਿੰਦਗੀ - -ਠੰਢਾ, ਸਾਹ -ਹੀਣ, ਸਖਤ ਪੱਥਰ ਦਾ ਬੁੱਤ - -ਬੇਜਾਨ - -ਬੇਹਿਸ - -।"
" ਪੱਥਰ ਹੀ ਤਾਂ ਬਣ ਗਏ ਹਾਂ ਅਸੀਂ ਸਭ । ਮੀਂਹ ਵਸਦਾ ਹੈ ।ਆਬਸ਼ਾਰਾਂ ਦਾ ਰਸੀਲਾ ਸੰਗੀਤ ਸਾਡੇ ਉੱਤੋਂ ਦੀ ਲੰਘਦਾ ਹੈ ।ਫੁੱਲ ਉਗਦੇ ਹਨ ।ਸੁਗੰਧਾਂ ਫੈਲਦੀਆਂ ਹਨ ।ਫਲ ਫਲਦੇ ਹਨ ।ਵਣ ਮੌਲਦੇ ਹਨ ।ਫ਼ਸਲਾਂ ਜੰਮਦੀਆਂ, ਵਧਦੀਆਂ, ਪੱਕਦੀਆਂ ਹਨ ।ਕੁਝ ਵੀ ਤਾਂ ਨਹੀਂ ਬਦਲਦਾ - -ਆਦਿ ਕਾਲ ਤੋਂ ਪ੍ਰਕਿਰਤੀ ਦਾ ਰਚਨਾ ਸੰਸਾਰ, ਪੀੜ੍ਹੀ ਦਰ ਪੀੜ੍ਹੀ, ਜ਼ਿੰਦਗੀ ਦਾ ਗੀਤ ਗਾਈ ਜਾ ਰਿਹਾ ਹੈ - -ਤੇ ਅਸੀਂ ਤਾਂ ਪੱਥਰ ਬਣੇ ਬੈਠੇ ਹਾਂ - -ਅੱਖਾਂ, ਕੰਨ ਤੇ ਮੂੰਹ ਉਤੇ ਹੱਥ ਰੱਖੀ ਆਪਣੇ ਅੰਦਰ ਲਗਾਤਾਰ ਵਿਅਰਥ ਹੋ ਰਹੇ ਹਾਂ ।"
" ਹਾਂ, ਲਗਾਤਾਰ ਵਿਅਰਥ ਹੋ ਰਹੇ ਹਾਂ ।"
ਆਖ ਕੇ ਉਹ ਦੂਰ ਖ਼ਲਾਅ ਨੂੰ ਘੂਰਦੀ ਹੋਈ ਇਕ ਲੰਮੀ ਚੁੱਪ ਵਿਚ ਡੁੱਬ ਗਈ । ਹੌਲੀ ਹੌਲੀ ਜਲ ਕੇ ਉਂਗਲਾਂ ਤਕ ਪਹੁੰਚੀ ਸਿਗਰਟ ਦਾ ਸੇਕ ਮਹਿਸੂਸ ਹੋਇਆ, ਤਾਂ ਉਹ ਚੌਂਕੀ ।
" ਪੱਥਰ ਵਿਚ ਅਜੇ ਅਹਿਸਾਸ ਬਾਕੀ ਹੈ ।" ਮੈਂ ਕਿਹਾ ।
" ਹਾਂ, ਅਹਿਸਾਸ ਹੀ ਤਾਂ ਹੈ ਜੁ ਹੁਣ ਤਕ ਜਿਉਂਦੀ ਹਾਂ ।ਅੱਛਾ, ਖਿਮਾ ਕਰਨਾ, ਬੱਚਿਆਂ ਨੂੰ ਬੇਬੀ -ਸਿਟਰ ਦਿਓਂ ਚੁੱਕਣ ਦਾ ਸਮਾ ਹੋ ਗਿਆ ਹੈ ।" ਆਖ ਕੇ ਉਹ ਚਲੀ ਗਈ ਤੇ ਮੈਂ ਆਪਣੀ ਇਕੱਲ ਵਿਚ ਡੁੱਬਾ ਉਸ ਦੀ ਇਕੱਲ ਬਾਰੇ ਸੋਚਣ ਲੱਗ ਪਿਆ । ਉਸ ਦਾ ਨਾਂ ਜੀਨ ਜਾਨਸਟਨ ਸੀ । ਇਕ ਦੋ ਹੋਰ ਮੁਲਾਕਾਤਾਂ ਤੋਂ ਬਾਅਦ ਉਹ ਮੈਨੂੰ ਗੁਰਿੰਦਰ ਤੋਂ ਗੈਰੀ ਤੇ ਮੈਂ ਉਸ ਨੂੰ ਜੀਨ ਕਹਿਣ ਲੱਗ ਪਿਆ ਸਾਂ ।
ਜੀਨ ਦੇ ਬਾਪ ਨੇ ਉਸ ਨੂੰ ਇਕ ਖੂਬਸੂਰਤ ਘਰ, ਕਾਰ ਅਤੇ ਜ਼ਰੂਰਤ ਦਾ ਹੋਰ ਸਭ ਸਾਮਾਨ ਲੈ ਕੇ ਦਿੱਤਾ ਹੋਇਆ ਸੀ । ਖਰਚ ਲਈ ਢੇਰ ਸਾਰੇ ਪੈਸੇ ਉਹ ਉਸ ਨੂੰ ਹਰ ਮਹੀਨੇ ਦਿੰਦਾ ਸੀ ।ਉਸ ਦੇ ਬੈਂਕ ਅਕਾਊਂਟ ਵਿਚ ਵੀ ਉਸ ਨੇ ਚੋਖੀ ਰਕਮ ਜਮ੍ਹਾ ਕਰਵਾ ਰੱਖੀ ਸੀ । ਉਸ ਦੀਆਂ ਧੀਆਂ ਦੇ ਨਾਂ ਤੇ ਵੀ ਜੁਦੇ ਜੁਦੇ ਖਾਤੇ ਖੋਲ੍ਹ ਰੱਖੇ ਸਨ, ਉਸ ਦੇ ਬਾਪ ਨੇ ।ਪਹਿਲਾਂ ਉਸ ਦਾ ਬਾਪ ਉਨ੍ਹਾ ਦੇ ਨਾਲ ਹੀ ਰਹਿੰਦਾ ਸੀ । ਪਰ ਕੁਝ ਸਮੇ ਤੋਂ ਜੀਨ ਉਸ ਨਾਲ ਲਗਾਤਾਰ ਝਗੜਾ ਕਰਨ ਲੱਗ ਪਈ ਸੀ ।ਨੌਬਤ ਮਾਰ ਕੁਟਾਈ, ਗਾਲੀ ਗਲੋਚ ਤੇ ਪੁਲਿਸ ਤਕ ਵੀ ਪਹੁੰਚ ਚੁੱਕੀ ਸੀ ।ਇਸ ਲਈ ਉਸ ਦਾ ਬਾਪ ਕੁਝ ਸਮੇ ਤੋਂ ਕਿਰਾਏ ਦੇ ਮਕਾਨ ਵਿਚ ਇਕੱਲਾ ਹੀ ਰਹਿੰਦਾ ਸੀ ।ਘਰ ਦੇ ਖਰਚ ਦੇ ਪੈਸੇ ਉਹ ਹਰ ਮਹੀਨੇ ਲਗਾਤਾਰ ਜੀਨ ਦੇ ਬੈਂਕ ਖਾਤੇ ਵਿਚ ਜਮ੍ਹਾ ਕਰਵਾ ਦਿੰਦਾ ।ਆਨੀ ਬਹਾਨੀ ਜੀਨ ਦੀਆਂ ਬੱਚੀਆਂ ਨੂੰ ਮਿਲਣ ਆ ਜਾਂਦਾ ।ਜਦੋਂ ਜੀਨ ਘਰ ਨਾ ਹੁੰਦੀ ਤਾਂ ਉਨ੍ਹਾ ਨਾਲ ਖੇਡਣ ਲੱਗ ਪੈਂਦਾ । ਉਨ੍ਹਾ ਨੂੰ ਇਸ਼ਨਾਨ ਕਰਵਾਉਂਦਾ । ਉਨ੍ਹਾ ਦਾ ਗੂੰਹ ਮੂਤ ਚੁਕਦਾ ।ਘਰ ਦੀ ਸਫਾਈ ਕਰਦਾ ।ਲਾਨ ਦਾ ਘਾਹ ਕੱਟਦਾ ।ਫੁੱਲਾਂ ਦੇ ਬੂਟੇ ਲਾਉਂਦਾ ।ਦੋਹਾਂ ਬੱਚੀਆਂ ਨੂੰ ਪਿਆਰ ਕਰਦਾ ।ਉਨ੍ਹਾ ਦੇ ਮੂੰਹ ਚੁੰਮਦਾ ।ਉਨ੍ਹਾ ਦੇ ਅੰਗ ਸਹਿਲਾਉਂਦਾ ।ਅੰਗ - ਅੰਗ ਨਾਲ ਗੱਲਾਂ ਕਰਦਾ ।
ਅਜਿਹਾ ਹੀ ਸਮਾ ਸੀ, ਜਦੋਂ ਜੀਨ ਘਰ ਪਰਤੀ ਸੀ । ਆਪਣੇ ਪਿਤਾ ਨੂੰ ਆਪਣੀਆਂ ਧੀਆਂ ਨਾਲ ਇਹ ਕੁਝ ਕਰਦਿਆਂ ਵੇਖ ਕੇ ਉਸ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਸੀ ।ਉਹ ਭੜਕ ਉੱਠੀ ਸੀ । ਜੋ ਮੂੰਹ ਆਇਆ ਬੋਲਦੀ ਜਾ ਰਹੀ ਸੀ ।
" ਇਹ ਕੁਝ ਹੀ ਛੋਟੇ ਹੁੰਦਿਆਂ ਤੂੰ ਮੇਰੇ ਨਾਲ ਕਰਦਾ ਰਿਹਾ ਹੈਂ । ਜਾਨਵਰਾ ! ਤੈਨੂੰ ਸ਼ਰਮ ਨਹੀਂ ਆਉਂਦੀ । ਤੂੰ ਡੁੱਬ ਕਿਉਂ ਨਹੀਂ ਮਰਦਾ ? ਮੇਰੀ ਮਾਂ ਸੱਚ ਹੀ ਕਹਿੰਦੀ ਸੀ ਕਿ ਤੈਨੂੰ ਤੇ ਮੈਨੂੰ ਤਾਂ ਏਸ ਕੰਜਰ ਨੇ ਉਜਾੜ ਦਿੱਤਾ ਹੈ । ਵੇਖੀਂ ਕਿਤੇ ਤੇਰੀਆਂ ਧੀਆਂ ਵੀ ਏਸ ਜੰਗਲੀ ਜਾਨਵਰ ਦਾ ਸ਼ਿਕਾਰ ਨਾ ਬਣ ਜਾਣ ।ਇਨ੍ਹਾ ਨੂੰ ਬਚਾਵੀਂ ।ਇਨ੍ਹਾ ਦੀ ਰੱਖਿਆ ਕਰੀਂ । ਇਹ ਹੀ ਤੇਰਾ ਧਰਮ ਹੈ ।ਤੇ ਫਿਰ ਇਹ ਸਭ ਕੁਝ ਕਰਨ ਦਾ ਮੇਰੇ ਕੋਲੋਂ ਵਚਨ ਲੈ ਕੇ, ਉਹ ਕਮਲੀ ਹੋਈ ਪਤਾ ਨਹੀਂ ਕਿੱਧਰ ਨਿੱਕਲ ਗਈ ।ਗੁੰਮ ਗੁਆਚ ਗਈ, ਜਾਂ ਮਰ ਖਪ ਗਈ ।"
ਸਾਹ ਲੈਣ ਲਈ ਜੀਨ ਰੁਕੀ ਤੇ ਫਿਰ ਆਪਣੇ ਆਪ ਵੱਲ ਇਸ਼ਾਰਾ ਕਰਦੀ ਹੋਈ ਬੋਲੀ :
"ਤੇ ਏਸ ਜੰਗਲੀ ਜਾਨਵਰ ਨੂੰ ਮੇਰੇ ਤੇ ਮੇਰੀਆਂ ਧੀਆਂ ਦੇ ਉਜਾੜੇ ਲਈ ਪਿੱਛੇ ਛੱਡ ਗਈ । ਮੇਰੇ ਨਾਲ ਤਾਂ ਜੋ ਹੋਣਾ ਸੀ ਹੋ ਚੁੱਕਾ ਹੈ । ਪਰ ਮੈਂ ਆਪਣੀਆਂ ਧੀਆਂ ਨਾਲ ਇਹ ਕੁਝ ਨਹੀਂ ਹੋਣ ਦੇਣਾ । ਤੂੰ ਪਾਪੀ, ਕਾਮੀ, ਹਿਰਸੀ ਜਾਨਵਰ ਹੈਂ । ਮੈਂ ਤੈਨੂੰ ਨਫ਼ਰਤ ਕਰਦੀ ਹਾਂ ।ਨਿਕਲ ਜਾ ਏਥੋਂ ।"
ਜੀਨ ਦੇ ਜੋ ਕੁਝ ਹੱਥ ਆਇਆ, ਉਸ ਨੇ ਆਪਣੇ ਬਾਪ ਦੇ ਮਾਰਨਾ ਸ਼ੁਰੂ ਕਰ ਦਿੱਤਾ ।ਘਰ ਵਿਚ ਚੀਕ ਚਿਹਾੜਾ ਮੱਚ ਗਿਆ ।ਘਬਰਾਹਟ ਵਿਚ ਉਸ ਦਾ ਪਿਤਾ ਉਥੋਂ ਚਲਾ ਗਿਆ ।
ਜੀਨ ਦਾ ਵਿਚਾਰ ਸੀ ਕਿ ਉਸ ਦੇ ਬਾਪ ਨੇ ਘਰ, ਕਾਰ ਤੇ ਹੋਰ ਆਰਥਿਕ ਸਹਾਇਤਾ ਆਪਣੇ ਅੰਦਰਲੀ ਅਪਰਾਧ ਭਾਵ ਤੋਂ ਮੁਕਤੀ ਪਾਉਣ ਲਈ ਹੀ ਉਸ ਨੂੰ ਦਿੱਤੀ ਸੀ । ਉਹ ਘਾਤੀ ਸੀ ।ਸ਼ਿਕਾਰ ਫੜਨ ਲਈ ਉਸ ਨੂੰ ਚਾਰਾ ਪਾਉਣਾ ਆਉਂਦਾ ਸੀ । ਉਸ ਨੂੰ ਕਿਸੇ ਨਾਲ ਕੋਈ ਪਿਆਰ ਨਹੀਂ ਸੀ ।
ਇਕ ਦਿਨ ਮੈਂ ਉਸ ਨੂੰ ਪੁੱਛ ਹੀ ਲਿਆ, " ਕਿਸ ਕਿਸ ਤੋਂ ਭੱਜੇਂਗੀ ? ਬੱਚਿਆਂ ਤੋ ? ਬਾਪ ਤੋਂ ? ਜਾਂ ਆਪਣੇ ਆਪ ਤੋਂ ? ਬੰਦਾ ਹਰ ਕਿਸੇ ਕੋਲੋਂ ਭੱਜ ਸਕਦਾ ਹੈ, ਪਰ ਆਪਣੇ ਆਪ ਤੋਂ ਨਹੀਂ ।"
ਜੀਨ ਡੂੰਘੀ ਸੋਚ ਵਿਚ ਡੁੱਬ ਗਈ ਤੇ ਜਿਵੇਂ ਫਿਰ ਕੋਈ ਮਨਬਚਨੀ ਵਿਚ ਪੈ ਜਾਂਦਾ ਹੈ । ਉੱਚੀ ਉੱਚੀ ਬੋਲ ਬੋਲ ਸੋਚਣ ਲੱਗ ਪੈਂਦਾ ਹੈ - - ਜੀਨ ਆਪ ਮੁਹਾਰਾ ਇਕ ਸਵੈ ਸੰਵਾਦ ਵਿਚ ਵਹਿ ਤੁਰੀ ।
" ਚੇਤਨਾ ਜਦ ਸੂਰਜ ਵਾਂਗ ਚੜ੍ਹਦੀ ਹੈ ਨੌਂ ਨੇਜ਼ੇ ਦੀ ਵਿੱਥ ਤੇ - - ਤਾਂ ਰੋਮ ਰੋਮ ਸੂਲਾਂ ਵਿਚ ਵਿੱਝ ਜਾਂਦਾ ਹੈ, ਸੂਈਆਂ ਚੁਭਦੀਆਂ ਹਨ -- ਦਿਲ, ਦਿਮਾਗ ਅਤੇ ਸਗਲੇ ਵਜੂਦ ਵਿਚ । ਵਿੱਥ ਤੇ ਖਲੋ ਕੇ ਵੇਖਦੀ ਹਾਂ ਆਪਣੇ ਆਪ ਨੂੰ - -ਆਪਣੀ ਦੇਹ ,ਆਤਮਾ ਉਤੇ ਲਿੰਗ -ਭੁੱਖ ਬਣ ਝੁਕੇ ਆਪਣੇ ਹੀ ਬਾਪ ਨੂੰ । ਉਸ ਨੇ ਮੇਰੇ ਨਾਲ ਆਪਣੀ ਵਾਸਨਾ ਦੀ ਤ੍ਰਿਪਤੀ ਦਾ ਇਹ ਸਿਲਸਿਲਾ ਕਦੋਂ ਸ਼ੁਰੂ ਕੀਤਾ ਸੀ ? ਮੇਰੇ ਜਨਮ ਸਮੇ ਤੋਂ ਹੀ ਸ਼ਾਇਦ ।ਮੇਰੀ ਮਾਂ ਦਸਦੀ ਹੁੰਦੀ ਸੀ ਕਿ ਮੇਰੇ ਜਨਮ ਸਮੇ ਮੇਰਾ ਪਿਤਾ ਹਸਪਤਾਲ ਵਿਚ ਹਾਜ਼ਰ ਸੀ ।ਮੇਰੀ ਜੰਮਣ ਘੜੀ ਦਾ ਹਰ ਛਿਣ ਉਸ ਨੇ ਅੱਖੀਂ ਵੇਖਿਆ ਸੀ ।ਮੇਰੇ ਜਨਮ ਸਮੇ ਤੋਂ ਹੀ ਸ਼ੁਰੂ ਕਰ ਲਈ ਹੋਵੇਗੀ, ਉਸ ਨੇ ਆਪਣੀ ਇਹ ਕਾਮ ਖੇਡ ।ਨੇਤਰ -ਭੋਗ ਕਰਦਾ ਹੋਵੇਗਾ , ਉਹ ਮੇਰੀ ਨਗਨ ਬਾਲੜੀ - ਦੇਹ ਨਾਲ । ਟਟੋਲਦਾ, ਫਰੋਲਦਾ ਹੋਵੇਗਾ ਉਹ ਮੇਰਾ ਅੰਦਰ ਬਾਹਰ, ਆਪਣੀਆਂ ਹਿਰਸੀ ਨਜ਼ਰਾਂ ਨਾਲ । ਪਾਲਿਆ ਹੋਵੇਗਾ ਉਸ ਨੇ ਮੈਨੂੰ ਮੁੱਠ -ਮੁੱਠ, ਗਿੱਠ ਗਿੱਠ ਕਰਕੇ ਫ਼ਸਲ ਵਾਂਗ ।ਖੂਨ ਦੇ ਰਿਸ਼ਤੇ ਵਿਚੋਂ ਸਾਰਾ ਖੂਨ ਵਗ ਤੁਰਿਆ ਹੋਵੇਗਾ ਉਸ ਦਿਨ, ਜਿਸ ਦਿਨ ਉਸ ਨੇ ਆਪਣੀਆ ਭੁੱਖ ਦੀ ਤ੍ਰਿਪਤੀ ਲਈ, ਮੈਨੂੰ ਫ਼ਸਲ ਵਾਂਗ ਪਰਵਾਨ ਚੜ੍ਹੀ ਵੇਖ ਕੇ, ਝਾੜ ਲਿਆ ਹੋਵੇਗਾ, ਕੇਵਲ ਆਪਣੇ ਆਪ ਲਈ । ਬਚਪਨ ਤੋਂ ਹੀ ਮੈਨੂੰ ਸਭ ਡੈਡੀ ਦੀ ਬੇਟੀ ਕਹਿੰਦੇ ਸਨ ।ਡੈਡੀ ਨਾਲ ਬਹਿਣਾ, ਡੈਡੀ ਨਾਲ ਉਠਣਾ । ਡੈਡੀ ਨਾਲ ਨਹਾਉਣਾ, ਡੈਡੀ ਨਾਲ ਸੌਣਾ । ਡੈਡੀ ਨਾਲ ਖਾਣਾ, ਡੈਡੀ ਨਾਲ ਪੀਣਾ - -ਸੈਰ ਕਰਨੀ, ਖੇਡਣਾ - -ਡੈਡੀ ਹੀ ਡੈਡੀ ਸੀ ਮੇਰੇ ਚਾਰ ਚੁਫੇਰੇ, ਅੰਦਰ ਬਾਹਰ ! ਅੱਖਾਂ ਖੁੱਲ੍ਹੀਆਂ ਤਾਂ ਪਤਾ ਲੱਗਾ ਕਿ ਇਹ ਉਸ ਦੀ ਹਿਰਸ ਤੇ ਕਾਮ ਤ੍ਰਿਪਤੀ ਦੇ ਵੱਖ ਵੱਖ ਪੜਾਅ ਸਨ, ਢੰਗ ਸਨ । ਪਹਿਲਾਂ ਅਣਜਾਣਪੁਣੇ ਵਿਚ ਉਸ ਨਾਲ ਹਮ ਬਿਸਤਰੀ ਕੀਤੀ ਹੋਵੇਗੀ । ਫਿਰ ਇਸ ਭੁੱਖ ਦੀ ਤ੍ਰਿਪਤੀ ਇਕ ਲੋੜ ਬਣੀ ਹੋਵੇਗੀ । ਘਰ ਦੀ ਸੌਖ ਵਿਚ ਇਸ ਲੋੜ ਦੀ ਪੂਰਤੀ ਹੌਲੀ ਹੌਲੀ ਆਦਤ ਬਣ ਗਈ ਹੋਵੇਗੀ । ਇਸ ਨੀਂਦ ਜਿਹੀ ਵਿਚ ਪਤਾ ਨਹੀਂ ਕਿੰਨੇ ਸਾਲ ਬੀਤ ਗਏ । ਜਦੋਂ ਜਾਗ ਆਈ ਤਾਂ ਬਹੁਤ ਦੇਰ ਹੋ ਚੁੱਕੀ ਸੀ । ਮੈਂ ਮਾਂ ਬਣਨ ਵਾਲੀ ਸਾਂ । ਇਕ ਤੋਂ ਬਾਅਦ ਇਕ, ਦੋ ਬੱਚੀਆਂ ਦੀ ਮਾਂ ਬਣ ਗਈ ।ਹੁਣ ਜਿਵੇਂ ਜਿਵੇਂ ਇਹ ਬੱਚੀਆਂ ਵੱਡੀਆਂ ਹੁੰਦੀਆਂ ਜਾ ਰਹੀਆਂ ਹਨ, ਤਿਵੇਂ ਤਿਵੇਂ ਮੇਰੀ ਚਿੰਤਾ ਵਧ ਰਹੀ ਹੈ ।ਮਾਂ ਨੂੰ ਦਿੱਤਾ ਵਚਨ ਯਾਦ ਆ ਰਿਹਾ ਹੈ । ਬਾਪ ਦਾ ਕਤਲ ਕਰਾਂ ਕਿ ਆਪਣੀਆਂ ਧੀਆਂ ਦਾ ਜਾਂ ਆਪ ਆਤਮ ਹੱਤਿਆ ਕਰਨ ਤੋਂ ਪਹਿਲਾਂ ਇਹਨਾ ਸਭ ਦਾ ਫਾਹਾ ਵੱਢ ਦਿਆਂ । ਮੇਰੇ ਅੰਦਰ ਇਕ ਕਮਲੀ ਆ ਵਸਦੀ ਹੈ । ਉਹ ਸਭ ਕੁਝ ਕਰਨਾ ਲੋਚਦੀ ਹੈ ਤਾਂ ਕਿ ਉਹ ਆਪਣੇ ਆਪ ਅਤੇ ਆਪਣੇ ਬਾਪ ਤੋਂ ਬਦਲਾ ਲੈ ਸਕੇ - - ਇਸ ਨਿੱਤ ਨਿੱਘਰ ਰਹੇ ਪੱਛਮੀ ਜੰਗਲ ਲਈ ਇਕ ਚਿਤਾਵਨੀ ਬਣ ਸਕੇ - -।"
ਮੈਂ ਉਸ ਦਾ ਹੱਥ ਪੋਲੇ ਜਿਹੇ ਪਲੋਸਿਆ ।ਉਸ ਦੇ ਚਿਹਰੇ ਨੂੰ ਭੁਆ ਕੇ ਆਪਣੇ ਵੱਲ ਕੀਤਾ । ਸਿਗਰਟ ਬਾਲ ਕੇ ਉਸ ਦੀਆਂ ਉਂਗਲਾਂ ਵਿਚ ਦਿੱਤੀ
ਸਿਗਰਟ ਨਾਲ ਤੇ ਆਪਣੇ ਨਾਲ ਉਸ ਦੀ ਸੁਰਤੀ ਨੂੰ ਜੋੜਿਆ ।
" ਚਿਤਾਵਨੀ ਮਰ ਕੇ ਤੇ ਮਾਰ ਕੇ ਨਹੀਂ, ਜਿਉਂ ਕੇ ਬਣ ।"
" ਕਹਿਣਾ ਸੌਖਾ ਗੈਰੀ, ਪਰ ਕਰਨਾ ਔਖਾ । ਹਾਂ, ਹੁਣ ਤੂੰ ਜੋ ਮਿਲ ਗਿਆ ਹੈਂ, ਤਾਂ ਕੋਸ਼ਿਸ਼ ਜ਼ਰੂਰ ਕਰਾਂਗੀ ।"
"ਵਾਅਦਾ, ਜੀਨ ।"
" ਹਾਂ ਗੈਰੀ, ਵਾਅਦਾ ।"
ਉਸ ਕੋਲੋਂ ਵਾਅਦਾ ਲੈ ਕੇ ਮੈਂ ਕੁਝ ਨਿਸ਼ਚਿੰਤ ਹੋ ਗਿਆ ਸਾਂ ।ਜੀਨ ਦੇ ਜਿਉਣ ਦਾ ਵਾਅਦਾ ਉਸ ਦੇ ਆਪਣੇ ਆਪ ਤੇ ਆਪਣੀ ਮਾਂ ਨਾਲ ਕੀਤੇ ਮਰਨ ਮਾਰਨ ਦੇ ਵਾਅਦੇ ਉਤੇ ਹਾਵੀ ਹੋ ਕੇ ਜ਼ਿੰਦਗੀ ਦਾ ਗੀਤ ਬਣੇ, ਇਕ ਨਵਾਂ ਮੋੜ ਲਵੇ, ਇਹ ਮੇਰੀ ਇੱਛਾ ਸੀ ।ਇਨ੍ਹਾ ਦਿਨਾਂ ਚ ਹੀ ਜੀਨ ਨੇ ਆਪਣਾ ਤੇ ਬੱਚਿਆਂ ਦਾ ਮਨ ਹੋਰ ਪਾਸੇ ਪਾਉਣ ਲਈ ਕਾਰ ਰਾਹੀਂ ਹਫ਼ਤੇ ਦਸ ਦਿਨ ਲਈ ਅਮਰੀਕਾ ਦੀ ਸੈਰ ਕਰਨ ਦਾ ਪ੍ਰੋਗਰਾਮ ਬਣਾ ਲਿਆ ਅਤੇ ਮੈਂ ਆਪਣੇ ਕੰਮ ਕਾਰ ਵਿਚ ਰੁੱਝ ਗਿਆ ।ਕਾਫੀ ਦੇਰ ਮੁਲਾਕਾਤ ਨਾ ਹੋ ਸਕੀ ।
- - - ਤੇ ਅੱਜ ਉਸ ਦਾ ਸੁਨੇਹਾ ਆਇਆ ਸੀ ਤੇ ਉਹ ਵੀ ਕਿਸੇ ਹੋਰ ਦੇ ਮੂੰਹੋਂ ਟੈਲੀਫੋਨ ਉਤੇ ਕਿ ਜੀਨ ਹਸਪਤਾਲ ਵਿਚ ਹੈ । ਉਸ ਦੀ ਹਾਲਤ ਬਹੁਤ ਗੰਭੀਰ ਹੈ ।
ਰਸਤੇ ਵਿਚ ਮੈਂ ਸੋਚਦਾ ਜਾ ਰਿਹਾ ਸਾਂ ਕਿ ਕੋਈ ਮਾਂ ਵੀ ਏਸ ਤਰਾਂ ਕਰ ਜਾਂ ਕਰਨ ਉਤੇ ਮਜਬੂਰ ਹੋ ਸਕਦੀ ਹੈ ?ਜੀਨ ਨੇ ਆਪਣੀਆਂ ਬੱਚੀਆਂ ਦੇ ਹੱਥ ਪੈਰ ਬੰਨ੍ਹ ਕੇ ਉਨ੍ਹਾ ਨੂੰ ਚਾਕੂ ਨਾਲ ਕਤਲ ਕਰ ਦਿੱਤਾ ਸੀ । ਘਰ ਨੂੰ ਅੱਗ ਲਾ ਕੇ ਉਹ ਆਪ ਆਪਣੀਆਂ ਬੱਚੀਆਂ ਦੀਆਂ ਲਾਸ਼ਾਂ ਦੇ ਨਾਲ ਲੰਮੀ ਪੈ ਗਈ ਸੀ । ਜੇ ਗੁਆਂਢੀ ਤੇ ਫਾਇਰ ਬ੍ਰਿਗੇਡ ਵਾਲੇ ਸਮੇ ਸਿਰ ਨਾ ਪਹੁੰਚਦੇ ਤਾਂ ਉਸ ਨੇ ਵੀ ਸੜ ਮਰਨਾ ਸੀ । ਉਸ ਦੀ ਦੇਹ ਬੁਰੀ ਤਰ੍ਹਾਂ ਝੁਲਸੀ ਗਈ ਸੀ , ਤੇ ਮੈਨੂੰ ਵੇਖ ਕੇ ਜਿਵੇਂ ਉਸ ਨੂੰ ਸੁਖ ਦਾ ਸਾਹ ਆਇਆ । ਉਹ ਬੋਲੀ, " ਵੇਖ, ਤੂੰ ਮੈਨੂੰ ਗਲਤ ਨਾ ਸਮਝੀਂ । ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਸੀ ।ਇਹ ਨਾ ਕਹੀਂ ਕਿ ਤੇਰੇ ਨਾਲ ਮੋਹ ਨਹੀਂ ਹੈ । ਬਹੁਤ ਮੋਹ ਹੈ ।ਤਾਂ ਹੀ ਤਾਂ ਬਚ ਗਈ ਹਾਂ ।ਮੌਤ ਤੋਂ ਮੋਹਲਤ ਲੈਣੀ ਪਈ ਹੈ ਮੈਨੂੰ, ਤੈਨੂੰ ਅੰਤਮ ਵਿਦਾ ਕਹਿਣ ਲਈ । ਆਪਣੇ ਹੀ ਬਾਪ ਦੇ ਹੱਥੋਂ ਉਜੜੀ ਇਸ ਦੇਹ ਤੇ ਆਤਮਾ ਦੀ ਜੂਠ ਨੂੰ ਤੇਰੇ ਅਰਪਣ ਕਿਵੇਂ ਕਰਦੀ ? ਕਿਵੇਂ ਰੋਕਦੀ ਮੈਂ ਆਪਣੇ ਬਾਪ ਨੂੰ ਆਪਣੀਆਂ ਹੀ ਬੱਚੀਆਂ ਦਾ ਬਾਪ ਬਣਨ ਤੋਂ ? ਜਿਉਂਦੀ ਵੀ ਤਾਂ ਇਕ ਨਿਰੰਤਰ ਭੈ ਜਿਹੇ ਵਿਚ ਜਿਉਣਾ ਸੀ ਮੈਂ ।ਨਾ ਤੇਰੀ ਹੋ ਸਕਣਾ ਸੀ, ਨਾ ਬੱਚਿਆਂ ਦੀ ਤੇ ਨਾ ਹੀ ਆਪਣੇ ਆਪ ਦੀ । ਆਪਣੇ ਬਾਪ ਨੂੰ ਸਜ਼ਾ ਵੀ, ਉਸ ਨੂੰ ਮਾਰ ਕੇ ਨਹੀਂ, ਸਗੋਂ ਉਸ ਨੂੰ ਜਿਉਂਦਿਆਂ ਰੱਖ ਕੇ ਹੀ ਦਿੱਤੀ ਜਾ ਸਕਦੀ ਸੀ - - ਛਿਣ ਛਿਣ ਪਸ਼ਚਾਤਾਪ ਦੀ ਅੱਗ ਵਿਚ ਸੜਦਾ, ਉਹ ਜਿਉਂਦੀ ਮੌਤ ਬਣ ਜਾਵੇਗਾ ।ਪਤਨੀ, ਧੀ ਤੇ ਦੋਹਤਰੀਆਂ ਦੀ ਤਿੱਖੀ ਚੇਤਨਾ ਦਾ ਚੱਕਰਵਿਊ, ਉਸ ਦੀ ਕਾਮ ਵਾਸਨਾ ਵਿਚ ਤੇਜ਼ਾਬ ਵਿਚ ਭਿੱਜ ਭਿੱਜ, ਵਾਰ ਵਾਰ ਪੁੜਦੀਆਂ ਸੂਈਆਂ ਦਾ ਰੂਪ ਧਾਰ ਲਵੇਗਾ - - ਇਹ ਹੀ ਮੇਰਾ ਵਰ ਸੀ, ਇਹ ਹੀ ਉਸ ਨੂੰ ਸਰਾਪ ਹੈ - - ।"
ਉਸ ਦੇ ਡੁੱਬ ਰਹੇ ਬੋਲਾਂ ਵਿਚ ਇਕ ਐਸੀ ਅਮਰ ਨਾਇਕਾ ਦੀ ਅਦਾ ਸੀ ਜਿਸ ਲਈ ਆਪਣੀ ਤੇ ਆਪਣੇ ਬੱਚਿਆਂ ਦੀ ਮੌਤ, ਸ਼ਹੀਦੀ ਦੀ ਸਮਅਰਥਕ ਬਣ ਗਈ ਹੋਵੇ ।
-------------
--- ਰਵਿੰਦਰ ਰਵੀ
(ਕਹਾਣੀ ਸੰਗ੍ਰਹਿ 'ਗੋਰੀਆਂ ਸ਼ਹੀਦੀਆਂ' -2010 ਵਿਚੋਂ )