ਸੀ. ਪੀ. ਆਈ. ਵਲੋਂ ਚੋਹਲਾ ਸਾਹਿਬ ਵਿਖੇ ਮੋਦੀ ਅਤੇ ਕੇਜਰੀਵਾਲ ਦਾ ਪੁਤਲਾ ਫੂਕਿਆ

ਸੀ. ਪੀ. ਆਈ. ਵਲੋਂ ਚੋਹਲਾ ਸਾਹਿਬ ਵਿਖੇ ਮੋਦੀ ਅਤੇ ਕੇਜਰੀਵਾਲ ਦਾ ਪੁਤਲਾ ਫੂਕਿਆ

ਚੋਹਲਾਸਾਹਿਬ 12 ਮਾਰਚ 2020 

             ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਸਟੂਡੈਂਟ ਯੂਨੀਅਨ ਦੇ ਸਾਬਕਾ ਪ੍ਰਧਾਨ ਡਾਕਟਰ ਕਨ੍ਹਈਆ ਕੁਮਾਰ ਤੇ ਦਿੱਲੀ ਦੀ ਆਪ ਪਾਰਟੀ ਦੀ ਸਰਕਾਰ ਵੱਲੋਂ ਦੇਸ਼ ਧਰੋਹ ਦਾ ਕੇਸ ਦਰਜ ਕਰਨ ਦੀ ਪ੍ਰਵਾਨਗੀ ਦੇਣ ਦਾ ਮਤਲਬ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮੋਦੀ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਹਨ। ਇਸ ਦੇ ਵਿਰੋਧ ਵਿੱਚ ਅੱਜ ਸੀਪੀਆਈ ਦੇ ਕਾਰਕੁਨਾਂ ਨੇ ਕਸਬਾ ਚੋਹਲਾਸਾਹਿਬ ਵਿਖੇ ਮੋਦੀ ਤੇ ਕੇਜਰੀਵਾਲ ਦੀ ਫ਼ਿਰਕੂ ਸੋਚ ਦਾ ਜਨਾਜਾ ਕੱਢਣ ਤੋਂ ਬਾਅਦ ਮੋਦੀ ਤੇ ਕੇਜਰੀਵਾਲ ਦਾ ਪੁਤਲਾ ਫੂਕਿਆ। ਇਸ ਮੌਕੇ ਤੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੀਪੀਆਈ  ਦੇ ਤਰਨਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਅਤੇ ਸੀਪੀਆਈ ਬਲਾਕ ਚੋਹਲਾਸਾਹਿਬ ਦੇ ਸਕੱਤਰ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਕਿਹਾ ਕਿ 2016 ਵਿੱਚ ਜਦੋਂ ਕਨ੍ਹੱਈਆ ਕੁਮਾਰ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਰੈਲੀ ਨੂੰ ਸੰਬੋਧਨ ਕਰ ਰਿਹਾ ਸੀ ਤੇ ਆਰ. ਐਸ. ਐਸ. ਦੇ ਵਿਦਿਆਰਥੀਆਂ ਨੇ ਉਸ ਦੀ ਸਪੀਚ ਵਾਲੀ ਟੇਪ ਨੂੰ ਵਿਗਾੜ ਕੇ ਇਹ ਪੇਸ਼ ਕਰ ਦਿੱਤਾ ਕਿ ਉਸ ਨੇ ਦੇਸ਼ ਵਿਰੋਧੀ ਨਾਅਰੇ ਲਾਏ ਹਨ। ਇਸ ਟੇਪ ਦੇ ਸਹਾਰੇ ਮੋਦੀ ਸਰਕਾਰ ਨੇ ਕਨ੍ਹਈਆ ਤੇ ਦੇਸ਼ ਧ੍ਰੋਹ ਦਾ ਕੇਸ ਦਰਜ ਕਰਨ ਦਾ ਦਿੱਲੀ ਪੁਲੀਸ ਨੂੰ ਹੁਕਮ ਦਿੱਤਾ ਜਦੋਂ ਦਿੱਲੀ ਪੁਲੀਸ ਨੇ ਕਨ੍ਹਈਆ ਵਿਰੁੱਧ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ ਤਾਂ ਅਦਾਲਤ ਨੇ ਕਿਹਾ ਕਿ ਉਨ੍ਹਾਂ ਚਿਰ ਤੱਕ ਕੇਸ ਦਰਜ ਨਹੀਂ ਹੋ ਸਕਦਾ ਜਿੰਨਾ ਚਿਰ ਤੱਕ ਦਿੱਲੀ ਰਾਜ ਸਰਕਾਰ ਕੇਸ ਦਰਜ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਉਸ ਵਕਤ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਅਤੇ ਕਨ੍ਹਈਆ ਦੇ ਹੱਕ ਵਿੱਚ ਬਿਆਨ ਦਿੱਤਾ ਤੇ ਕਨ੍ਹਈਆ ਤੇ ਕੇਸ ਦਰਜ ਕਰਨ ਦੀ ਇਜਾਜ਼ਤ ਨਾ ਦਿੱਤੀ ।ਜਦੋਂ ਦਿੱਲੀ ਸੜ ਰਹੀ ਸੀ  ਅਤੇ ਆਰ. ਐਸ. ਐਸ. ਦੇ ਗੁੰਡੇ ਚੁਣ ਚੁਣ ਕੇ ਮੁਸਲਮਾਨਾਂ ਦਾ ਕਤਲੇਆਮ ਕਰ ਰਹੇ ਸਨ ਅਤੇ ਉਨ੍ਹਾਂ ਦੀਆਂ  ਕਰੋੜਾਂ ਦੀਆਂ ਜਾਇਦਾਦਾਂ ਸਾੜ ਦਿੱਤੀ ਗਈ ।ਉਸ ਵਕਤ ਮੋਦੀ, ਸ਼ਾਹ ਤੇ ਕੇਜਰੀਵਾਲ ਨੇ ਕਤਲੇਆਮ ਹੁੰਦੇ ਸਮੇਂ ਜਬਾਨ ਨੂੰ ਤਾਲਾ ਲਾ ਰੱਖਿਆ ।ਗੁੰਡਿਆਂ ਨੇ ਯੋਜਨਾਬੰਦ ਢੰਗ ਨਾਲ ਲੋਕਾਂ ਨੂੰ ਲੱਭ ਲੱਭ ਕੇ ਮਾਰਿਆ । ਦਿੱਲੀ ਪੁਲਸ ਨੇ ਸ਼ਰੇਆਮ ਗੁੰਡਿਆਂ ਦਾ ਸਾਥ ਦਿੱਤਾ।  ਰਿਪੋਰਟਾਂ ਇੱਥੋਂ ਤੱਕ ਹਨ ਕਿ ਪੁਲੀਸ ਨਿਸ਼ਾਨਦੇਹੀ ਕਰਕੇ ਗੁੰਡੇ ਅਨਸਰਾਂ ਨੂੰ ਪ੍ਰੇਰਦੀ ਰਹੀ ਕਿ ਇੱਥੋਂ ਕੰਮ ਫਤਿਹ ਹੋ ਚੁੱਕਾ ਹੈ ਤੁਸੀਂ ਹੁਣ ਫਲਾਣੇ ਥਾਂ ਜਾਓ ।ਪੁਲੀਸ ਗੁੰਡਿਆਂ ਦੀ ਰਾਖੀ ਕਰਦੀ ਰਹੀ। ਉਨ੍ਹਾਂ ਹਾਲਤਾਂ ਵਿੱਚ ਦੂਜੇ ਬੰਨੇ ਕੇਜਰੀਵਾਲ ਨੇ ਮੋਦੀ ਸਰਕਾਰ ਨਾਲ ਮਿਲ ਕੇ ਕਨੱਈਆ ਤੇ ਦੇਸ਼ ਧ੍ਰੋਹ ਦਾ ਕੇਸ ਦਰਜ ਕਰਨ ਦੀ ਇਜਾਜ਼ਤ ਦੇ ਦਿੱਤੀ ਜੋ ਸ਼ਰੇਆਮ ਜਮਹੂਰੀਅਤ ਦਾ ਕਤਲ ਹੈ। ਅਸਲੀਅਤ ਇਹ ਹੈ ਕਿ ਮੋਦੀ, ਸ਼ਾਹ ਤੇ ਕੇਜਰੀਵਾਲ ਕੋਲੋ ਕਨੱਈਆ ਦੀ ਹਰਮਨ ਪਿਆਰਤਾ ਸਹਾਰੀ ਨਹੀਂ ਗਈ। ਕਨ੍ਹੱਈਆ ਨੇ ਬਿਹਾਰ ਵਿੱਚ ਸਰਬ ਸਾਂਝਾ ਪਲੇਟਫਾਰਮ ਤਿਆਰ ਕਰਕੇ ਐਨਆਰਸੀ ,ਐੱਨਪੀਆਰ ਤੇ ਕੌਮੀ ਨਾਗਰਿਕਤਾ ਕਾਨੂੰਨ ਦੇ ਵਿਰੁੱਧ ਅਤੇ ਸੰਵਿਧਾਨ ਬਚਾਉਣ ਵਾਸਤੇ ਜਨ, ਗਨ, ਮਨ ਯਾਤਰਾ ਕੱਢੀ ਹੈ ਅਤੇ 30 ਦੇ ਕਰੀਬ ਰੈਲੀਆਂ ਕੀਤੀਆਂ ਹਨ। ਜਿੰਨ੍ਹਾਂ ਰੈਲੀਆਂ ਵਿੱਚ ਲੱਖਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਆਖਰੀ ਰੈਲੀ ਜੋ ਪਟਨੇ ਵਿਖੇ ਹੋਈ ਉਸ ਵਿੱਚ ਤਾਂ ਲਾਮਿਸਾਲ ਇਕੱਠ ਹੋਇਆ। ਇਨ੍ਹਾਂ ਰੈਲੀਆਂ ਨੂੰ ਵੇਖ ਕੇ ਬੁਖਲਾਹਟ ਵਿੱਚ ਆ ਕੇ ਮੋਦੀ, ਸ਼ਾਹ ਤੇ ਕੇਜਰੀਵਾਲ ਨੇ ਰਲ ਕੇ ਕਨ੍ਹੱਈਏ ਤੇ ਦੇਸ਼ਧ੍ਰੋਹ ਦਾ ਕੇਸ ਚਲਾਉਣ ਦਾ ਫੈਸਲਾ ਲ਼ਿਆ ਹੈ। ਸੀਪੀਆਈ ਦੀ ਪੁਰਜ਼ੋਰ ਮੰਗ ਹੈ ਕਿ ਕਨ੍ਹਈਆ ਤੇ ਦਰਜ ਦੇਸ਼ ਧ੍ਰੋਹ ਦਾ ਕੇਸ ਤੁਰੰਤ ਵਾਪਸ ਲਿਆ ਜਾਵੇ। 

               ਇਸ ਮੌਕੇ  ਵਿੱਚ ਸੀਪੀਆਈ ਦੇ ਜ਼ਿਲ੍ਹਾ ਕੌਂਸਲਮੈਂਬਰ ਪਰਮਜੀਤ ਸਿੰਘ ਚੋਹਲਾ ਸਾਲ ਅਮਰੀਕ ਸਿੰਘ ਚੋਹਲਾ ਸਾਹਿਬ ਗੁਰਪਾਲ ਸਿੰਘ ਚੋਹਲਾ ਸਾਹਿਬ ਹਰਨਾਮ ਸਿੰਘ ਚੋਹਲਾ ਸਾਹਿਬ ਹਾਜਰ ਸਨ