ਪੰਜਵੇਂ ਪਾਤਸ਼ਾਹ ਜੀ ਦੇ ਚੋਹਲਾ ਸਾਹਿਬ ਆਉਣ ਦੀ ਖੁਸ਼ੀ ਵਿੱਚ ਸਲਾਨਾ ਨਗਰ ਕੀਰਤਨ ਸਜਾਇਆ

ਪੰਜਵੇਂ ਪਾਤਸ਼ਾਹ ਜੀ ਦੇ ਚੋਹਲਾ ਸਾਹਿਬ ਆਉਣ ਦੀ ਖੁਸ਼ੀ ਵਿੱਚ ਸਲਾਨਾ ਨਗਰ ਕੀਰਤਨ ਸਜਾਇਆ

ਚੋਹਲਾ ਸਾਹਿਬ 17 ਜੂਨ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ) 

ਹਰ ਸਾਲ 4 ਹਾੜ ਨੂੰ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਗਰ ਸ੍ਰੀ ਚੋਹਲਾ ਸਾਹਿਬ ਵਿਖੇ ਆਉਣ ਦੀ ਖੁਸ਼ੀ ਵਿੱਚ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਵੱਲੋਂ ਹਰ ਸਾਲ ਮਹਾਨ ਨਗਰ ਕੀਰਤਨ ਸਜਾਇਆ ਜਾਂਦਾ ਹੈ। ਚੋਹਲਾ ਸਾਹਿਬ ਤਰਨ ਤਾਰਨ ਸਾਹਿਬ ਜਿਲ੍ਹੇ ਦਾ ਇੱਕ ਇਤਿਹਾਸਿਕ ਕਸਬਾ ਹੈ। ਦਿਨੋ ਦਿਨ ਇਹ ਕਸਬਾ ਸ਼ਹਿਰ ਬਣਦਾ ਜਾ ਰਿਹਾ ਹੈ। ਚੋਹਲਾ ਸਾਹਿਬ ਦਾ ਪਹਿਲਾ ਨਾਂ ਭੈਣੀ ਸਾਹਿਬ ਸੀ। ਇਸ ਕਸਬੇ ਦੀ ਧਰਤੀ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਜੀ ਦਾ ਮਹਾਨ ਸਿੱਖ ਭਾਈ ਅਦਲੀ ਜੀ ਵੀ ਇਸੇ ਨਗਰ ਦੇ ਵਸਨੀਕ ਸਨ , ਜਿਨ੍ਹਾਂ ਦੀ ਸੰਗਤ ਕਰਨ ਨਾਲ ਬਾਬਾ ਬਿਧੀ ਚੰਦ ਜੀ ਨੇ ਗੁਰਸਿੱਖੀ ਧਾਰਨ ਕੀਤੀ ਸੀ। ਪ੍ਰਚੱਲਤ ਇਤਿਹਾਸ ਮੁਤਾਬਕ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਸਰਹਾਲੀ ਤੋਂ ਇਥੇ ਪਹੁੰਚੇ ਤਾਂ ਸੰਗਤਾਂ ਨੇ ਉਹਨਾਂ ਦੀ ਬੜੀ ਸ਼ਰਧਾ ਨਾਲ ਸੇਵਾ ਕੀਤੀ। ਇੱਕ ਮਾਈ ਨੇ ਬੜੇ ਪ੍ਰੇਮ ਨਾਲ ਗੁਰੂ ਜੀ ਨੂੰ ਚੂਰੀ ਛਕਣ ਲਈ ਭੇਂਟ ਕੀਤੀ ਸੀ, ਉਦੋਂ ਹੀ ਗੁਰੂ ਜੀ ਨੇ ਪ੍ਰਸੰਨ ਹੋ ਕੇ ਪਿੰਡ ਦਾ ਨਾਂ ‘ਚੋਲ੍ਹਾ’ ਰੱਖ ਦਿੱਤਾ ਸੀ। ਏਸੇ ਯਾਦ ਨੂੰ ਤਾਜ਼ਾ ਕਰਦਿਆਂ ਏਥੇ ਹਰ ਸਾਲ ਸੰਗਤ ਲਈ ਚੂਰੀ ਦਾ ਲੰਗਰ ਲਗਾਇਆ ਜਾਂਦਾ ਹੈ। ਏਥੇ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਦਾ ਗੁਰਦੁਆਰਾ ਵੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਏਥੇ ਲੰਬਾ ਸਮਾਂ ਪਰਿਵਾਰ  ਸਮੇਤ ਰਹੇ। ਇਸ ਇਤਿਹਾਸ ਨੂੰ ਯਾਦ ਕਰਦਿਆਂ ਚੋਹਲਾ ਸਾਹਿਬ ਵਿਖੇ ਸਾਲਾਨਾ ਜੋੜ  ਮੇਲਾ ਲੱਗਦਾ ਹੈ। ਅੱਜ ਇਹ ਨਗਰ ਕੀਰਤਨ ਸਵੇਰੇ 10 ਵਜੇ ਗੁਰਦੁਆਰਾ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਸਰਹਾਲੀ ਸਾਹਿਬ ਤੋਂ ਆਰੰਭ ਹੋਇਆ ਅਤੇ ਗੁਰਦੁਆਰਾ ਚੁਬੱਚਾ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ ਦੇ ਰਸਤੇ ਸ਼ਾਮ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਸ੍ਰੀ ਦਰਬਾਰ ਸਾਹਿਬ ਪਾ। ੫ ਚੋਹਲਾ ਸਾਹਿਬ ਵਿਖੇ ਸੰਪੂਰਨ ਹੋਇਆ। ਨਗਰ ਕੀਰਤਨ ਵਿਚ ਵਹੀਕਲਾਂ ਦਾ ਲਗਭਗ 2 ਕਿ।ਮੀ। ਲੰਬਾ ਕਾਫਲਾ ਸੀ। ਸੰਤ ਬਾਬਾ ਹਾਕਮ ਸਿੰਘ ਜੀ ਦੇ ਨਾਲ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਵੀ ਕਾਫਲੇ ਦਾ ਹਿੱਸਾ ਬਣੇ। ਜ਼ਿਕਰਯੋਗ ਹੈ ਕਿ ਸਿਖਰ ਦੀ ਗਰਮੀ ਦੇ ਹੁੰਦਿਆਂ ਵੀ ਸੰਗਤਾਂ ਵਿਚ ਅੱਤ ਦਾ ਉਤਸ਼ਾਹ, ਪ੍ਰੇਮ ਤੇ ਜੋਸ਼ ਵੇਖਣ ਨੂੰ ਮਿਿਲਆ।ਠੰਡੀਆਂ ਮਿੱਠੀਆਂ ਛਬੀਲਾਂ, ਸ਼ਰਬਤ, ਸ਼ਰਦਾਈਆਂ ਦੇ ਨਾਲ ਨਾਲ ਖੁੱਲੇ ਲੰਗਰਾਂ ਦਾ ਪ੍ਰਬੰਧ ਸੀ। ਇਸ ਮੌਕੇ ਜਥੇਦਾਰ ਬੀਰਾ ਸਿੰਘ, ਜਥੇਦਾਰ ਹਿੰਮਤ ਸਿੰਘ, ਜਥੇਦਾਰ ਥੱਲਬੀਰ ਸਿੰਘ, ਜਥੇਦਾਰ ਪ੍ਰਿਤਪਾਲ ਸਿੰਘ ਭਾਈ, ਜਥੇਦਾਰ ਹਰੀ ਸਿੰਘ, ਜਥੇਦਾਰ ਤਰਸੇਮ ਸਿੰਘ, ਜਥੇਦਾਰ ਮਿਲਖਾ ਸਿੰਘ, ਜਥੇਦਾਰ ਸ਼ਬਦਲ ਸਿੰਘ, ਭਲਵਾਨ ਸਿੰਘ ਵਾਂ, ਸਤਵਿੰਦਰ ਸਿੰਘ ਠੱਠਾ, ਅਤੇ ਹੋਰ ਬੇਅੰਤ ਗੁਰਸਿੱਖਾਂ ਨੇ ਨਗਰ ਕੀਰਤਨ ਵਿਚ ਹਾਜ਼ਰੀ ਭਰੀ।