
ਕਿੱਥੋਂ ਆਉਂਦੇ ਹਨ ਬਲਾਤਕਾਰੀ -ਇੱਕ ਵਿਦਿਆਰਥਣ ਦਾ ਨਜ਼ਰੀਆ
Wed 18 Dec, 2019 0
ਕਿਸੇ ਸਮਾਜ ਦੀ ਲਿੰਗਕ ਬਣਤਰ ਦੀ ਪਛਾਣ ਉਸ ਸਮਾਜ ਵਿੱਚ ਔਰਤਾਂ ਅਤੇ ਗੈਰ-ਮਰਦ ਮਨੁੱਖਾਂ (ਟ੍ਰਾਂਸਜੈੰਡਰਾਂ) ਦੇ ਦਰਜੇ ਤੋਂ ਤੈਅ ਕੀਤੀ ਜਾ ਸਕਦੀ ਹੈ। ਭਾਰਤੀ ਸਮਾਜ ਦਾ ਮਰਦ ਪ੍ਰਧਾਨ ਢਾਂਚਾ ਬਹੁਤ ਉਲਝਿਆ ਹੋਇਆ ਹੈ।
ਹਰ ਰੋਜ਼ 90 ਔਰਤਾਂ ਦਾ ਹੁੰਦਾ ਹੈ ਬਲਾਤਕਾਰ
ਇੱਥੇ ਇਕ ਪਾਸੇ ਤਾਂ ਰੋਜ਼ਾਨਾ 90 ਔਰਤਾਂ ਦਾ ਬਲਾਤਕਾਰ ਹੁੰਦਾ ਹੈ, ਜੋ ਸਮਾਜ ਦੀ ਮਰਦ ਪ੍ਰਧਾਨਤਾ ਦਾ ਪ੍ਰਤੀਕ ਹੈ। ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੜਕਾਂ ਉੱਤੇ ਬਲਾਤਕਾਰੀਆਂ ਦੇ ਕਤਲ ਦੀ ਮੰਗ ਕਰਦੇ ਹਨ, ਜਿਨ੍ਹਾਂ ਦਾ ਹੋਣਾ ਸਮਾਜ ਨੂੰ ਔਰਤ-ਪੱਖੀ ਐਲਾਨਣਾ ਚਾਹੁੰਦਾ ਹੈ।
ਕੀ ਭਾਰਤੀ ਸਮਾਜ ਅਤੇ ਭਾਰਤੀ ਲੋਕਾਂ ਦੇ ਗੁੱਸੇ ਦਾ ਅਰਥ ਇਹ ਹੈ ਕਿ ਸਮੁੱਚਾ ਸਮਾਜ ਔਰਤ ਦੀ ਇੱਜ਼ਤ ਕਰਦਾ ਹੈ, ਪਰ ਕੁਝ ਲੋਕ ਜੋ ਮਾਨਸਿਕ ਰੂਪ ਵਿੱਚ ਬਿਮਾਰ ਹਨ, ਬਲਾਤਕਾਰ ਵਰਗੇ ਘਿਨਾਉਣੇ ਜੁਰਮ ਕਰਦੇ ਹਨ?
ਦਰਅਸਲ, ਅੱਜ ਜੋ ਗੁੱਸਾ ਅਤੇ ਰੋਸ ਸੜਕਾਂ ਉੱਤੇ ਕਤਲ ਦੀ ਮੰਗ ਕਰਦਾ ਦਿਖ ਰਿਹਾ ਹੈ, ਬੜਾ ਚੋਣਵਾਂ ਹੈ। ਇਹ ਗੁੱਸਾ ਕੁਝ ਚੋਣਵੇਂ ਬਲਾਤਕਾਰਾਂ ਉੱਤੇ ਹੀ ਜ਼ਾਹਿਰ ਹੁੰਦਾ ਹੈ।
ਇਹ ਮਰਦ-ਪ੍ਰਧਾਨ ਵਿਚਾਰਾਂ ਦੇ ਮੁਜ਼ਾਹਰੇ, ਬਲਾਤਕਾਰ ਵੇਲੇ ਹੀ ਨਜ਼ਰ ਆਉਂਦੇ ਹਨ। ਇਹ ਗੁੱਸਾ ਸੰਪੂਰਨ ਸਮਾਜ ਦੀ ਪਿਤਾ-ਪੁਰਖੀ ਬਣਤਰ ਨੂੰ ਅੱਖੋਂ ਪਰੋਖੇ ਕਰਨ ਦਾ ਕੰਮ ਕਰਦਾ ਹੈ। ਇਹ ਕੁਝ ਮਨੁੱਖਾਂ ਉੱਤੇ ਬਲਾਤਕਾਰ ਦਾ ਇਲਜ਼ਾਮ ਲਾ ਕੇ ਆਪ ਸੰਤੁਸ਼ਟ ਹੋਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ:
ਉਦਾਹਰਨ ਵਜੋਂ, 2012 ਵਿੱਚ ਦਿੱਲੀ ਬਲਾਤਕਾਰ ਸਮੇਂ ਲੋਕਾਂ ਦੇ ਗੁੱਸੇ ਨੇ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਤਾਂ ਦਵਾ ਦਿੱਤੀ, ਪਰ ਉਸ ਗੁੱਸੇ ਦਾ ਸ਼ਿਕਾਰ ਹੋਈ ਲਹਿਰ ਉਸ ਤੋਂ ਬਾਅਦ ਵਾਪਰੇ ਹਜ਼ਾਰਾਂ ਬਲਾਤਕਾਰਾਂ ਨੂੰ ਰੋਕਣ ਵਿੱਚ ਨਾ-ਕਾਮਯਾਬ ਰਹੀ।
2012 ਵਿੱਚ ਸਰਕਾਰੀ ਅੰਕੜਿਆਂ ਅਨੁਸਾਰ ਮੁਲਕ ਵਿੱਚ ਰੋਜ਼ 65-70 ਔਰਤਾਂ ਨਾਲ ਬਲਾਤਕਾਰ ਹੁੰਦਾ ਸੀ ਅਤੇ ਹੁਣ 2019 ਵਿੱਚ, ਰੋਜ਼ਾਨਾ 90 ਔਰਤਾਂ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਇਆ ਜਾਂਦਾ ਹੈ।
Getty Images ਸੰਕੇਤਕ ਤਸਵੀਰਾਂ
ਸੜਕਾਂ 'ਤੇ ਉਤਰਿਆ ਇਹ ਗੁੱਸਾ ਕੀ ਕਰ ਰਿਹਾ ਹੈ?
ਦਰਅਸਲ, ਇਸ ਗੁੱਸੇ ਦੀ ਪਿਆਸ ਬਹੁਤ ਛੇਤੀ ਬੁਝ ਜਾਂਦੀ ਹੈ, ਕਿਉਂਕਿ ਇਹ ਬਲਾਤਕਾਰ ਨੂੰ ਸਮਾਜਕ ਢਾਂਚੇ ਨਾਲ ਜੋੜ ਕੇ ਵੇਖਣ ਵਿੱਚ ਅਸਮਰਥ ਹੈ ਅਤੇ ਜਲਦੀ ਇਸਦਾ ਨਿਪਟਾਰਾ ਕਰਨ ਵਿੱਚ ਸੰਤੁਸ਼ਟੀ ਭਾਲਦਾ ਹੈ।
ਇਹ ਗੁੱਸਾ ਇਕ ਇਹੋ ਜਿਹੀ ਦਵਾਈ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਜੋ ਬਿਮਾਰੀ ਨੂੰ ਦਿਖਣੋਂ ਹਟਾ ਦਵੇ, ਕੋਈ ਅਜਿਹੀ ਕ੍ਰੀਮ ਜੋ ਜ਼ਖ਼ਮ ਨੂੰ ਲੁਕੋ ਲਵੇ - ਅਦਿੱਖ ਕਰ ਦਵੇ, ਪਰ ਬਿਮਾਰੀ ਦਾ ਇਲਾਜ ਨਾ ਕਰੇ।
ਕਿਉਂਕਿ ਇਲਾਜ ਲੰਬਾ ਵੀ ਚਲ ਸਕਦਾ ਹੈ, ਇਲਾਜ ਨੂੰ ਕਈ ਦਹਾਕੇ ਵੀ ਲੱਗ ਸਕਦੇ ਹਨ, ਇਲਾਜ ਸਿਰਫ ਚੌਰਾਹੇ 'ਤੇ ਫਾਂਸੀ ਦੇ ਕੇ ਹੀ ਨਹੀਂ, ਬਲਕਿ ਘਰਾਂ ਵਿੱਚ ਵੀ ਕਰਨਾ ਪੈ ਸਕਦਾ ਹੈ। ਇਸਲਈ ਇਹ ਗੁੱਸਾ ਕੋਈ ਸੌਖੀ ਦਵਾਈ ਲਭਦਾ ਹੈ, ਇਲਾਜ ਨਹੀਂ ਕਰਦਾ।
Getty Images ਸੰਕੇਤਕ ਤਸਵੀਰਾਂ
ਕਿਵੇਂ ਹੋਵੇਗਾ ਇਸ ਮਰਜ਼ ਦਾ ਇਲਾਜ?
ਇਲਾਜ ਕਰਨ ਲਈ ਸਭ ਗੁੱਸਾਏ ਹੋਏ ਲੋਕਾਂ ਨੂੰ ਅਤੇ ਸਮਾਜ ਨੂੰ ਆਪਣੀ ਪਿਤਾ-ਪੁਰਖੀ ਬਣਤਰ ਵੱਲ ਰੁਖ਼ ਕਰਨਾ ਪਏਗਾ। ਇਸਦੀ ਸ਼ੁਰੂਆਤ ਘਰਾਂ, ਸਕੂਲਾਂ, ਕੰਮ ਦੇ ਸਥਾਨਾਂ ਤੋਂ ਹੋਵੇਗੀ।
ਇਹ ਸੋਚਣਾ ਪਵੇਗਾ ਕਿ ਸਮਾਜ ਵਿੱਚ ਪੈਦਾ ਹੋਏ, ਪਲੇ, ਵਿਚਰੇ ਮਨੁੱਖ ਇਹ ਕਿਵੇਂ ਤੈਅ ਕਰ ਲੈਂਦੇ ਹਨ ਕਿ ਸਾਨੂੰ ਕਿਸੇ ਔਰਤ ਜਾਂ ਕਿਸੇ ਦੂਜੇ ਮਨੁੱਖ ਦੇ ਜਿਸਮ ਨਾਲ ਖੇਡਣ ਦਾ ਹੱਕ ਹੈ? ਉਹਨਾਂ ਨੂੰ ਕਿਸੇ ਔਰਤ ਦੇ ਜਿਸਮ ਨੂੰ ਸਾੜਨ ਦਾ ਅਧਿਕਾਰ ਹੈ?
ਮਨੋਵਿਗਿਆਨ ਅਤੇ ਸਮਾਜ ਵਿਚਲੀ ਸਪੇਸ ਵਿੱਚ ਖੜੇ ਹੋ ਕੇ ਵੇਖਣਾ ਹੋਵੇਗਾ ਅਸੀਂ ਆਪਣੇ ਮੁੰਡਿਆਂ ਜਾਂ ਮਰਦਾਂ ਨੂੰ ਅਜਿਹਾ ਕੀ ਸਿੱਖਾਂ ਰਹੇ ਹਾਂ ਕਿ ਉਹ ਔਰਤ ਦੀ ਹੋਂਦ ਨੂੰ ਹੀ ਕਬੂਲਣ ਤੋਂ ਮੁਨਕਰ ਹਨ?
ਆਪਣੇ ਗੁੱਸੇ ਨੂੰ ਕਾਬੂ 'ਚ ਰੱਖ ਕੇ ਆਪਣੇ ਘਰਾਂ ਵਿੱਚ, ਆਪਣੇ ਪਰਿਵਾਰਾਂ ਵਿੱਚ, ਝਾਕਣਾ ਹੋਵੇਗਾ ਅਤੇ ਪੁੱਛਣਾ ਹੋਵੇਗਾ ਕਿ ਸਾਡੀਆਂ ਕਦਰਾਂ-ਕੀਮਤਾਂ, ਸਾਡੇ ਸਮਾਜਿਕ ਢਾਂਚੇ, ਮਰਦ ਨੂੰ ਔਰਤ ਦਾ ਮੋਹਰੀ ਸਥਾਪਿਤ ਕਰਨ ਦੇ ਇਲਾਵਾ ਕੀ ਕੁਝ ਕਰਦੇ ਨੇ?
ਸਾਨੂੰ ਹਰ ਉਸ ਕਦਮ 'ਤੇ ਜਦੋਂ ਮਰਦ ਨੂੰ ਔਰਤ ਦੇ ਅੱਗੇ ਖੜਾ ਕੀਤਾ ਜਾਂਦਾ ਹੈ, ਹਰ ਉਸ ਪਲ 'ਤੇ ਜਦੋਂ ਔਰਤ ਦੀ ਹੋਂਦ ਨੂੰ ਮਿਟਾਉਣਾ ਸਭਿਆਚਾਰ ਕਿਹਾ ਜਾਂਦਾ ਹੈ, 'ਤੇ ਗੁੱਸਾ ਹੋਣਾ ਪਵੇਗਾ।
ਇਹ ਗੁੱਸਾ ਉਸ ਵੇਲੇ ਕਿਉਂ ਨਹੀਂ ਆਇਆ?
ਸਾਨੂੰ ਇਹ ਗੁੱਸਾ ਉਦੋਂ ਆਉਣਾ ਚਾਹੀਦਾ ਸੀ, ਜਦੋਂ ਘਰ ਵਿੱਚ ਮਾਵਾਂ ਨੂੰ ਪਿਓ ਥੱਪੜ ਮਾਰਦੇ ਹਨ, ਜਦੋਂ ਭਰਾ ਆਪਣੀ ਭੈਣ ਨੂੰ ਸਕੂਲੋਂ ਹਟਾਉਣ ਦੀ ਮੰਗ ਕਰਦੇ ਹਨ, ਜਦੋਂ 24 ਸਾਲ ਦੀ ਹੋਈ ਕੁੜੀ ਨੂੰ ਸਾਰਾ ਸਮਾਜ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਤੇਰਾ ਪਤੀ ਤੇਰਾ ਪਰਮੇਸ਼ਵਰ ਹੈ।
Getty Images ਸੰਕੇਤਕ ਤਸਵੀਰਾਂ
ਸਾਨੂੰ ਗੁੱਸਾ ਉਦੋਂ ਕਰਨਾ ਚਾਹੀਦਾ ਹੈ ਜਦੋਂ ਔਰਤਾਂ ਨੂੰ ਵਿਦਿਅਕ ਸੰਸਥਾਨਾਂ ਵਿੱਚ ਕੈਦੀ ਬਣਾਇਆ ਜਾਂਦਾ ਹੈ, ਜਦੋਂ ਔਰਤਾਂ ਨੂੰ ਪਿੰਡੋ ਖੇਤ ਜਾਣ ਦੇ ਰਸਤੇ ਵਿੱਚ ਪੈਰ-ਪੈਰ 'ਤੇ ਜ਼ਲੀਲ ਹੋਣਾ ਪੈਂਦਾ ਹੈ।
ਇਹ ਉਹ ਪੱਲ ਹਨ, ਜੋ ਮਰਦ ਨੂੰ, ਮਨੁੱਖ ਤੋਂ ਰੱਬ ਅਤੇ ਰੱਬ ਤੋਂ ਹੈਵਾਨ ਬਣਾਉਣ ਦੀ ਕਾਬਲੀਅਤ ਰੱਖਦੇ ਹਨ। ਇਹ ਅਹਿਸਾਸ ਦਵਾਉਂਦੇ ਹਨ ਕਿ ਸਾਰੀ ਦੁਨੀਆ ਉੱਤੇ ਮਰਦਾਂ ਦਾ ਹੱਕ ਹੈ ਅਤੇ ਸਭ ਤੋਂ ਪਹਿਲਾਂ ਇਹ ਹੱਕ ਔਰਤ ਉੱਤੇ ਹੈ।
ਕਿਵੇਂ ਰੁਕਣਗੇ ਬਲਾਤਕਾਰ?
ਗੁੱਸਾ ਕਰੋ, ਕ੍ਰੋਧਿਤ ਹੋਵੋ, ਕਹਿਰ ਢਾਹਵੋ, ਪਰ ਇਨ੍ਹਾਂ ਪਲਾਂ ਉੱਤੇ ਵੀ, ਜੋ ਮਰਦ ਨੂੰ ਮਨੁੱਖਤਾ ਤੋਂ ਵਾਂਝੇ ਕਰਦੇ ਹਨ। ਇਨ੍ਹਾਂ ਪਲਾਂ ਦੀ ਚਰਮ ਸੀਮਾ - ਬਲਾਤਕਾਰ ਅਤੇ ਕਤਲ - ਸਿਰਫ ਉਹਦੇ 'ਤੇ ਗੁੱਸਾ ਹੋ ਕੇ ਬਲਾਤਕਾਰ ਨਹੀਂ ਰੁਕਣ ਵਾਲੇ।
ਆਪਣੇ ਆਸ-ਪਾਸ ਵੇਖੋ ਅਤੇ ਸੋਚੋ, ਕੀ ਹੈ ਜੋ ਇਕ ਸੱਚੇ-ਸੁੱਚੇ ਮਨ ਨਾਲ ਪੈਦਾ ਹੋਏ ਬੱਚੇ ਨੂੰ, ਇਕ ਮਾਸੂਮ ਬੱਚੇ ਤੋਂ ਇਕ ਮਰਦ ਅਤੇ ਮਰਦ ਤੋਂ ਇਕ ਬਲਾਤਕਾਰੀ ਬਣਾ ਦਿੰਦਾ ਹੈ।
ਇਸ ਪ੍ਰਕਿਰਿਆ ਜਾਂ ਇਨ੍ਹਾਂ ਪ੍ਰਵਚਨਾਂ ਦੀ ਕੜੀ ਨੂੰ ਤੋੜੋ ਤਾਂਕਿ ਇਹ ਗੁੱਸਾ ਕੋਈ ਸਹੀ ਦਿਸ਼ਾ ਫੜ ਸਕੇ।
(ਲੇਖਿਕਾ ਯੂਨੀਵਰਸਿਟੀ ਆਫ ਆਕਸਫੋਰਡ ਵਿੱਚ ਵੁਮਨ ਸਟਡੀਜ਼ ਅਤੇ ਹਿਸਟਰੀ ਆਫ ਸਾਈਂਸ, ਮੈਡੀਸਿਨ ਐਂਡ ਟੈਕਨੋਲੋਜੀ ਦੀ ਐਮ ਫਿਲ ਕਰ ਰਹੀ ਹੈ।)
Comments (0)
Facebook Comments (0)