“ਮਨੁੱਖਤਾ ਦੀ ਸੇਵਾ ਸੰਸਥਾ ਹਸਨਪੁਰ” ਵੱਲੋਂ ਕੀਤੀ ਜਾਂਦੀ ਸੇਵਾ ਨੂੰ ਬਿਆਨਦੀ ਹੈ ਕਿਤਾਬ “ ਇਹ ਰਾਹ ਜਾਂਦੇ ਕਿਹੜੇ ਪਾਸੇ”

“ਮਨੁੱਖਤਾ ਦੀ ਸੇਵਾ ਸੰਸਥਾ ਹਸਨਪੁਰ” ਵੱਲੋਂ ਕੀਤੀ ਜਾਂਦੀ ਸੇਵਾ ਨੂੰ ਬਿਆਨਦੀ ਹੈ ਕਿਤਾਬ “ ਇਹ ਰਾਹ ਜਾਂਦੇ ਕਿਹੜੇ ਪਾਸੇ”

ਚੋਹਲਾ ਸਾਹਿਬ 19 ਅਪ੍ਰੈਲ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਡਾਕਟਰ ਮਨਦੀਪ ਕੌਰ ਜੋ ਕਿੱਤੇ ਵਜੋਂ ਹੋਮਿਓਪੈਥਿਕ ਪ੍ਰਣਾਲੀ ਦੇ ਮਾਹਿਰ ਡਾਕਟਰ ਹਨ ਨੂੰ ਇੱਕ ਦਿਨ ਸਾਥੀਆਂ ਸਮੇਤ ਉਨ੍ਹਾਂ ਦੇ ਕਲੀਨਿਕ *ਤੇ ਮਿਲਣ ਦਾ ਸਬੱਬ ਬਣਿਆ।ਇਸ ਸੰਖੇਪ ਜਿਹੀ ਮਿਲਣੀ ਵਿੱਚ ਉਨ੍ਹਾਂ ਨੇ ਆਮ ਗੱਲਾਂ ਬਾਤਾਂ ਤੋਂ ਹੱਟਕੇ ਸਾਨੂੰ ਇੱਕ ਅਜਿਹੀ ਸੰਸਥਾ ਦੇ ਰੂਬਰੂ ਕਰਵਾਇਆ ਜਿਸਨੂੰ ਸੁਣਕੇ ਸੇਵਾ ਦੇ ਪੁੰਜ , ਬੇਸਹਾਰਿਆਂ ਦੇ ਸਹਾਰਾ ਮਰਹੂਮ ਭਗਤ ਪੂਰਨ ਸਿੰਘ ਦੀ ਯਾਦ ਤਾਜਾ ਕਰਵਾ ਦਿੱਤੀ।ਭਗਤ ਪੂਰਨ ਸਿੰਘ ਦੇ ਨਕਸ਼^ਏ^ਕਦਮ *ਤੇ ਚੱਲਦੀ ਇੱਕ ਸਮਾਜਸੇਵੀ ਸੰਸਥਾ, ਸੁਪਨਿਆਂ ਦੇ ਘਰ, ਦੀ ਕਾਰਗੁਜਾਰੀ ਅਤੇ ਉਸ ਵੱਲੋਂ ਨਿਭਾਏ ਜਾ ਰਹੇ ਮਹਾਨ ਕਾਰਜਾਂ ਦੀ ਜੋ ਗਾਥਾ ਡਾਕਟਰ ਸਾਹਿਬਾ ਨੇ ਸਾਡੇ ਨਾਲ ਸਾਂਝੀ ਕੀਤੀ ਉਸਨੂੰ ਸੁਣਕੇ ਸਾਡੇ ਸਭ ਦੇ ਮਨ ਇਸ ਸੰਸਥਾ ਦੇ ਬਾਨੀ ਅਤੇ ਸੰਚਾਲਕ ਗੁਰਪ੍ਰੀਤ ਸਿੰਘ ਮਿੰਟੂ ਵਾਸਤੇ ਸ਼ਰਧਾ ਨਾਲ ਭਰ ਗਏ।ਇਸ ਸੰਸਥਾ ਵਿੱਚ ਵਿਚਰਦੇ ਮਾਨਸਿਕ ਰੋਗੀਆਂ,ਲੂਲੇ^ਲੰਗੜਿਆਂ,ਬੇ^ਸਹਾਰਾ ਬੱਚਿਆਂ, ਔਰਤਾਂ, ਮਾਤਾਵਾਂ,ਬੁੱਢੇ ਬਾਪੂਆਂ ਦੀ ਜਿੰਦਗੀ ਦੀ ਜੋ ਝਾਤ ਸਾਨੂੰ ਡਾਕਟਰ ਸਾਹਿਬਾ ਨੇ ਦਿਖਾਈ ਉਸ ਸਾਰੇ ਵਿਸਥਾਰ ਵਿੱਚੋਂ ਹੀ ਜਨਮ ਲੈਂਦੀ ਹੈ ਉਨ੍ਹਾਂ ਦੀ ਪਲੇਠੀ ਵਾਰਥਿਕ ਪੁਸਤਕ, “ਇਹ ਰਾਹ ਜਾਂਦੇ ਕਿਹੜੇ ਪਾਸੇ” ।ਸਾਹਿਤ ਸਿਰਜਨਾ ਮਹਿਜ਼ ਇੱਕ ਕਲਮ ਘਸਾਈ ਹੀ ਨਹੀਂ ਹੁੰਦੀ ਸਗੋਂ ਲੋਕ ਪੱਖੀ ਸਾਹਿਤ ਉਹ ਹੁੰਦਾ ਹੈ ਜਿਹੜਾ ਸਾਨੂੰ ਸਮਕਾਲੀ ਸਮਾਜ ਦੇ ਹਕੀਕੀ ਦਰਸ਼ਨ ਕਰਵਾਵੇ।ਉਸਦੇ ਪਾਤਰ ਸਮਾਜ ਦੇ ਜਿਉਂਦੇ ਜਾਗਦੇ ਬਿੰਬ ਹੁੰਦੇ ਹਨ, ਜੋ ਸਾਡੇ ਆਲੇ ਦੁਆਲੇ ਵਿਚਰਦੇ ਹੋਏ ਦਿਖਾਈ ਦਿੰਦੇ ਹਨ।ਡਾਕਟਰ ਮਨਦੀਪ ਕੌਰ ਕਿਉਂਕਿ ਹੋਮਿਓਪੈਥਿਕ ਚਕਿਤਸਿਕ ਹੋਣ ਕਰਕੇ ਬਿਮਾਰੀ ਨੂੰ ਨਹੀਂ ਸਗੋਂ ਬਿਮਾਰੀ ਦੇ ਪਿੱਛੇ ਕੰਮ ਕਰਦੇ ਮਾਨਸਿਕ ਕਾਰਨਾਂ ਨੂੰ ਬੁੱਝਕੇ ਇਲਾਜ ਕਰਦੇ ਹਨ ਇਸ ਲਈ ਇਸ ਪਲੇਠੀ ਸਾਹਿਤ ਸਿਰਜਨਾ ਵਿੱਚ ਵੀ ਉਨ੍ਹਾਂ ਨੇ ਆਪਣੇ ਪਾਤਰਾਂ ਨੂੰ ਸਿਰਜਣ ਲੱਗਿਆਂ ਉਨ੍ਹਾਂ ਦੇ ਮਨ ਅੰਦਰ ਦੱਬੇ ਹੋਏ ਵਲਵਲੇ,ਅਧੂਰੀਆਂ ਖਵਾਹਿਸ਼ਾਂ,ਪੈਸਾ ਪ੍ਰਧਾਨ ਸਮਾਜ ਵਿੱਚ ਤਾਰ^ਤਾਰ ਹੁੰਦੇ ਰਿਸ਼ਤੇ,ਮਨੁੱਖੀ ਮੋਹ ਤੋਂ ਸੱਖਣੇ ਅਤੇ ਸਮਾਜ ਤੋਂ ਦਰਕਾਰੇ ਹੋਏ ਉਹ ਜਿਉਂਦੇ ਜਾਗਦੇ ਪਾਤਰ ਸਾਡੇ ਰੂਬਰੂ ਕੀਤੇ ਹਨ ਜਿੰਨ੍ਹਾਂ ਬਾਰੇ ਇਹ ਕਿਤਾਬ ਪੜ੍ਹਕੇ ਇੰਜ ਮਹਿਸੂਸ ਹੁੰਦਾ ਹੈ ਕਿ ਅਸੀਂ ਵੀ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਅੰਗ^ਸੰਗ ਵਿਚਰਦੇ ਹੋਈਏ।ਇਹ ਹਕੀਕਤ ਬਿਆਨੀ ਹੀ  ਡਾਕਟਰ ਮਨਦੀਪ ਕੌਰ ਰਾਏ ਦੀ ਅਸਲੀ ਪ੍ਰਾਪਤੀ ਵੀ ਹੈ ਅਤੇ ਇਸ ਪਲੇਠੀ ਸਿਰਜਣਾ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਸਮਰੱਥ ਗਲਪਕਾਰ ਹੋਣ ਦਾ ਝੰਡਾ ਗੱਡ ਦਿੱਤਾ ਹੈ।ਇਸ ਕਿਤਾਬ ਦਾ ਰੌਚਕ ਪੱਖ ਇਹ ਹੈ ਕਿ ਛੋਟੇ ਛੋਟੇ ਨਿਬੰਧਾਂ ਰਾਹੀਂ ਲੇਖਕਾ ਨੇ ਆਪਣੀ ਲਿਖਤ ਨੂੰ ਇੰਨਾ ਰੌਚਕ ਅਤੇ ਰਸ^ਭਰਪੂਰ ਬਣਾਇਆ ਹੈ ਕਿ ਜੇਕਰ ਪਾਠਕ ਇਸਨੂੰ ਇੱਕ ਵਾਰ ਸ਼ੁਰੂ ਕਰ ਲਵੇ ਤਾਂ ਆਖਿਰ ਤੱਕ ਪਹੁੰਚਣ ਤੋਂ ਪਹਿਲਾਂ ਉਹ ਇਸ ਕਿਤਾਬ ਨੂੰ ਛੱਡ ਹੀ ਨਹੀਂ ਸਕਦਾ ਇਹੀ ਪੈਮਾਨਾ ਇਸ ਕਿਤਾਬ ਦੇ ਮਿਆਰੀ ਅਤੇ ਲੋਕ ਬੋਲੀ ਦੀ ਝਾਤ ਪਾਉਣ ਲਈ ਕਾਫੀ ਹੈ।ਇਸ ਪਲੇਠੀ ਰਚਨਾ ਨੂੰ ਖੁਸ਼ਆਮਦੀਦ ਕਹਿੰਦਾ ਹੋਇਆ ਮੈਂ ਆਸ ਕਰਦਾ ਹਾਂ ਕਿ ਇਹ ਕਿਤਾਬ ਜਰੂਰ ਹੀ ਹਰ ਉਸ ਵਿਅਕਤੀ ਦੇ ਦਰ *ਤੇ ਦਸਤਕ ਦੇਵੇਗੀ ਜਿਸਦੇ ਦਿਲ ਵਿੱਚ ਲੋਕ ਪੱਖੀ ਅੱਗ ਦੀ ਜਵਾਲਾ ਮਘ ਰਹੀ ਹੈ।