
ਮਹਾਨ ਗੁਰਮਤਿ ਸਮਾਗਮ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ
Tue 12 Dec, 2023 0
ਸੰਤ ਬਣਨ ਲਈ ਸੋਚ ਸੰਤ ਬਾਬਾ ਸੁੱਖਾ ਸਿੰਘ ਜੀ ਵਰਗੀ ਹੋਣੀ ਚਾਹੀਦੀ ਗਿਆਨੀ ਗੁਰਪ੍ਰੀਤ ਸਿੰਘ ਕਥਾਵਾਚਕ
ਚੋਹਲਾ ਸਾਹਿਬ 12 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਿਤ ਕਰਨ ਲਈ ਸੁਲਤਾਨਪੁਰ ਲੋਧੀ ਏਰੀਆ ਦੀ ਸੰਗਤ ਵੱਲੋਂ ਮਿਤੀ 11 ਦਸੰਬਰ ਨੂੰ ਸ਼ਾਮ 3 ਵਜੇ ਤੋਂ ਲੈ ਕੇ ਰਾਤ 10 ਵਜੇ ਤਕ ਮੰਡੀ ਕਬੀਰਪੁਰ ਵਿਖੇ ਗੁਰਮਤਿ ਸਮਾਗਮ ਹੋਇਆ, ਜਿਸ ਵਿੱਚ ਭਾਈ ਸਰੂਪ ਸਿੰਘ ਜੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ), ਭਾਈ ਸਰਬਜੀਤ ਸਿੰਘ ਜੀ (ਪਟਨਾ ਸਾਹਿਬ ਵਾਲੇ), ਭਾਈ ਗੁਰਪ੍ਰੀਤ ਸਿੰਘ ਜੀ (ਹਜੂਰੀ ਕਥਾਵਾਚਕ, ਗੁਰਦੁਆਰਾ ਸ਼ਹੀਦ ਗੰਜ ਸ੍ਰੀ ਅੰਮ੍ਰਿਤਸਰ) ਅਤੇ ਕਵੀਸ਼ਰੀ ਜਥਾ ਭਾਈ ਗੁਰਿੰਦਰਪਾਲ ਸਿੰਘ ਬੈਂਕਾ ਅਤੇ ਭਾਈ ਭਗਵੰਤ ਭਗਵਾਨ ਸਿੰਘ ਜੀ ਸੂਰਵਿੰਡ ਪਹੁੰਚੇ। ਭਾਈ ਗੁਰਪ੍ਰੀਤ ਸਿੰਘ ਜੀ (ਹਜੂਰੀ ਕਥਾਵਾਚਕ, ਗੁਰਦੁਆਰਾ ਸ਼ਹੀਦ ਗੰਜ ਸ੍ਰੀ ਅੰਮ੍ਰਿਤਸਰ) ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਆਖਿਆ, “ ਦਾਸ ਖੁਦ ਇਸ ਇਲਾਕੇ ਦਾ ਜੰਮਪਲ ਹੈ। ਸਾਡੇ ਵੱਡਿਆਂ ਨੂੰ ਸੰਤ ਬਾਬਾ ਤਾਰਾ ਸਿੰਘ ਜੀ ਨੇ ਪ੍ਰੇਰਨਾ ਦੇ ਕੇ ਨਸ਼ਿਆਂ ਤੋਂ ਮੁਕਤ ਕੀਤਾ ਅਤੇ ਸੇਵਾ- ਸਿਮਰਨ ਨਾਲ ਜੋੜਿਆ। ਸੈਂਕੜੇ ਪਰਿਵਾਰਾਂ ਵਿਚ ਗੁਰਸਿੱਖੀ ਦੀ ਫੁਲਵਾੜੀ ਲਾਉਣ ਵਾਲੇ ਹਨ ਸੰਤ ਬਾਬਾ ਤਾਰਾ ਸਿੰਘ ਜੀ।ਉਹਨਾਂ ਆਖਿਆ ਕਿ ਉਸ ਵਕਤ ਸਾਡੇ ਇਲਾਕੇ ਦੇ ਬਹੁਤੇ ਲੋਕਾਂ ਨੂੰ ਆਪਣੇ ਇਤਿਹਾਸਕ ਗੁਰਧਾਮਾਂ ਦੀ ਮਹਾਨਤਾ ਵੀ ਨਹੀਂ ਸੀ ਪਤਾ। ਸੰਤ ਬਾਬਾ ਤਾਰਾ ਸਿੰਘ ਜੀ ਨੇ ਇਤਿਹਾਸਕ ਪਾਵਨ ਪਵਿੱਤਰ ਅਸਥਾਨਾਂ ਦੀ ਸੇਵਾ ਕਰਵਾਈ ਅਤੇ ਸਾਡੇ ਪਰਿਵਾਰਾਂ ਨੂੰ ਗੁਰਧਾਮਾਂ ਦੀ ਮਹਾਨਤਾ ਤੋਂ ਜਾਣੂੰ ਕਰਵਾਇਆ। ਉਹਨਾਂ ਦੇ ਜਾਨਸ਼ੀਨ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਤੀਸਰੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਹੜਾਂ ਦੀ ਬਿਪਤਾ ਵੇਲੇ ਇਸ ਇਲਾਕੇ ਵਿੱਚ ਮਹਾਨ ਸੇਵਾ ਨਿਭਾਈ ਹੈ।ਜਿੱਥੇ ਸੰਤ ਬਾਬਾ ਤਾਰਾ ਸਿੰਘ ਜੀ ਬੈਠਦੇ ਸਨ ਉੱਥੇ ਮਾਇਆ ਦੇ ਢੇਰ ਲੱਗ ਜਾਂਦੇ ਸਨ ਤੇ ਅੱਜ ਉਹੋ ਹੀ ਬਰਕਤਾਂ ਸੰਤ ਬਾਬਾ ਸੁੱਖਾ ਸਿੰਘ ਜੀ ਦੇ ਚਰਨਾਂ ਵਿੱਚ ਵਰਤ ਰਹੀਆਂ ਹਨ। ਸੰਤ ਕਹਾਉਣ ਵਾਲੀਆਂ ਸਮੂਹ ਸ਼ਖਸ਼ੀਅਤਾਂ ਦੀ ਸੋਚ ਸੰਤ ਬਾਬਾ ਸੁੱਖਾ ਸਿੰਘ ਜੀ ਵਰਗੀ ਹੋਣੀ ਚਾਹੀਦੀ ਹੈ, ਜਿਨਾਂ ਨੇ ਕੜਕਦੀ ਧੁੱਪ ਅੰਦਰ ਕੜਕਦੀ ਗਰਮੀ ਵਿੱਚ ਕਈ ਕਈ ਘੰਟੇ ਕਹੀ ਚਲਾਈ ਅਤੇ ਰੇਤ ਦੇ ਬੋਰੇ ਢੋਏ। ਆਪ ਜੀ ਦੀ ਘਾਲਣਾ ਸਾਹਮਣੇ ਠਾਠਾਂ ਮਾਰਦੇ ਦਰਿਆ ਵੀ ਗੋਡੇ ਟੇਕ ਗਏ। ਸੰਤ ਬਣਨ ਲਈ ਸਾਡੀ ਸੋਚ ਸੰਤ ਬਾਬਾ ਸੁੱਖਾ ਸਿੰਘ ਜੀ ਵਰਗੀ ਹੋਣੀ ਚਾਹੀਦੀ ਹੈ। ਨੌਜਵਾਨਾਂ ਲਈ ਮਾਰਗ ਦਰਸ਼ਕ ਬਣਨਾ ਅਤੇ ਪ੍ਰੇਰਨਾ ਸਰੋਤ ਬਣਨਾ ਕਿਸੇ ਨਾਇਕ ਦਾ ਕੰਮ ਹੁੰਦਾ ਹੈ। ਨੌਜਵਾਨ ਸਦਾ ਨਾਇਕ ਦੀ ਰੀਸ ਕਰਿਆ ਕਰਦੇ ਹਨ। ਸੰਤ ਬਾਬਾ ਸੁੱਖਾ ਸਿੰਘ ਜੀ ਨੇ ਨੌਜਵਾਨ ਲਈ ਨਾਇਕ ਦਾ ਰੋਲ ਨਿਭਾਇਆ ਹੈ।ਆਪ ਜੀ ਨੇ ਹੜ ਪੀੜਤਾਂ ਨੂੰ ਰਾਸ਼ਨ ਵੰਡਣ, ਪਸ਼ੂਆਂ ਲਈ ਚਾਰਾ ਵੰਡਣ ਅਤੇ ਪਾਣੀ ਵਿੱਚ ਘਿਰੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਬਾਹਰ ਕੱਢਣ ਦੀ ਸੇਵਾ ਦੇ ਨਾਲ ਨਾਲ ਆਪ ਜੀ ਨੇ ਪਿੰਡ ਦਾਰੇਵਾਲ, ਬਾਊਪੁਰ ਜਦੀਦ, ਪਿੰਡ ਆਹਲੀ ਕਲਾਂ, ਰਾਜੇਵਾਲ ਅਤੇ ਚੱਕ ਪੱਤੀ ਬਾਲੂ ਬਹਾਦਰ ਵਿਖੇ ਟੁੱਟੇ ਬੰਨਾਂ ਦੀ ਸੇਵਾ ਵੀ ਕਰਵਾਈ, ਜਿਸ ਨਾਲ ਇਸ ਇਲਾਕੇ ਨੂੰ ਭਾਰੀ ਰਾਹਤ ਮਿਲੀ।” ਇਸ ਮੌਕੇ ਕਵੀਸ਼ਰ ਗੁਰਿੰਦਰਪਾਲ ਸਿੰਘ ਬੈਂਕਾ ਨੇ ਵੀ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਸੇਵਾ ਨੂੰ ਸੀਸ ਝੁਕਾਉਂਦੇ ਹੋਏ ਆਖਿਆ ਕਿ ਅਗਰ ਕੁਦਰਤ ਕੋਈ ਕਹਿਰ ਵਰਤਾਉਂਦੀ ਹੈ ਤਾਂ ਸਾਡੇ ਸਾਰਿਆਂ ਜੀਵਾਂ ਤੇ ਮਿਹਰ ਕਰਨ ਲਈ ਪਰਮਾਤਮਾ ਖੁਦ ਸੰਤ ਬਾਬਾ ਸੁੱਖਾ ਸਿੰਘ ਜੀ ਵਰਗੀਆਂ ਸ਼ਖਸੀਅਤਾਂ ਨੂੰ ਪਰਉਪਕਾਰ ਕਰਨ ਲਈ ਭੇਜ ਦਿੰਦਾ ਹੈ ਅਤੇ ਸਾਡੀਆਂ ਬਿਪਤਾ ਨੂੰ ਮਹਾਂਪੁਰਖ ਆਪਣੇ ਸਿਰ ਲੈ ਲੈਂਦੇ ਹਨ। ਅਸੀਂ ਆਪਣੇ ਬਜ਼ੁਰਗਾਂ ਕੋਲੋਂ ਸੰਤ ਬਾਬਾ ਤਾਰਾ ਸਿੰਘ ਜੀ ਦੀਆਂ ਜਿਹੜੀਆਂ ਜਿਹੜੀਆਂ ਵਡਿਆਈਆਂ ਸੁਣੀਆਂ ਸਨ ਅਤੇ ਅੱਜ ਉਹਨਾਂ ਵਡਿਆਈਆਂ ਦੇ ਸੰਤ ਬਾਬਾ ਸੁੱਖਾ ਸਿੰਘ ਜੀ ਦੇ ਵਿੱਚ ਪ੍ਰਤੱਖ ਦਰਸ਼ਨ ਕਰ ਰਹੇ ਹਾਂ। ਅੱਜ ਸੈਂਕੜੇ ਨੌਜਵਾਨ ਉਨਾਂ ਦੀ ਪ੍ਰੇਰਨਾ ਤੇ ਘਾਲਣਾ ਦੇ ਸਦਕਾ ਗੁਰਸਿੱਖੀ ਜੀਵਨ ਵੱਲ ਪ੍ਰੇਰਿਤ ਹੋ ਚੁੱਕੇ ਹਨ ਅਤੇ ਅੰਮ੍ਰਿਤ ਛੱਕ ਕੇ ਸਿੰਘ ਸੱਜ ਰਹੇ ਹਨ।” ਇਸ ਮੌਕੇ ਸ। ਮਹਿੰਦਰ ਸਿੰਘ ਆਹਲੀ ਜੀ ਨੇ ਆਖਿਆ ਕਿ ਅਸੀਂ ਖੁਦ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਦਿਨ ਰਾਤ ਦਰਿਆਵਾਂ ਦੇ ਕੰਢੇ ਤੇ ਸੇਵਾ ਕਰਦਿਆਂ ਅੱਖੀਂ ਵੇਖਿਆ ਹੈ। ਆਪ ਜੀ ਨੂੰ ਸੇਵਾ ਕਰਦਿਆਂ ਵੇਖ ਨੌਜਵਾਨਾਂ ਵਿੱਚ ਜੋਸ਼ ਭਰ ਜਾਂਦਾ ਸੀ ਅਤੇ ਉਨਾਂ ਦੀ ਘਾਲਣਾ ਸਾਹਮਣੇ ਦਰਿਆਵਾਂ ਦੇ ਵਹਿਣ ਠੱਲ੍ਹਦੇ ਵੇਖੇ ਹਨ। ਜ਼ਿਕਰਯੋਗ ਹੈ ਕਿ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਦੇ ਅਸ਼ੀਰਵਾਦ ਨਾਲ ਜਥੇਦਾਰ ਨਿਸ਼ਾਨ ਸਿੰਘ ਹਜਾਰਾ (ਕਨੇਡਾ) ਦੀ ਪ੍ਰੇਰਨਾ ਅਤੇ ਸੰਗਤ ਦੇ ਸਹਿਯੋਗ ਨਾਲ ਮੰਡ ਇਲਾਕੇ ਵਿੱਚ ਪਹਿਲਾ 6 ਵੱਡੇ ਧਾਰਮਿਕ ਸਮਾਗਮ ਹੋ ਚੁੱਕੇ ਸਨ ਅਤੇ ਇਹ ਸਤਵਾਂ ਸਮਾਗਮ ਸੀ। ਇਸ ਸਮਾਗਮ ਵਿੱਚ ਵੱਖ ਵੱਖ ਅਮਰੀਕਾ, ਕਨੇਡਾ, ਇੰਗਲੈਂਡ ਅਤੇ ਇਟਲੀ ਦੀਆਂ ਸੰਗਤਾਂ ਦਾ ਭਰਪੂਰ ਸਹਿਯੋਗ ਰਿਹਾ ਹੈ। ਸਰਪੰਚ ਨਿਸ਼ਾਨ ਸਿੰਘ ਹਜ਼ਾਰਾ ਨੇ ਲੰਗਰ ਦੀ ਸੇਵਾ ਵਿਚ ਵਧ ਚੜ੍ਹ ਕੇ ਯੋਗਦਾਨ ਦਿੱਤਾ ਅਤੇ ਸੰਗਤਾਂ ਦੇ ਛਕਣ ਲਈ ਕਈ ਕਿਸਮ ਦੇ ਪਦਾਰਥ ਗੁਰੂ ਕੇ ਲੰਗਰ ਵਿਚ ਅਤੁੱਟ ਵਰਤੇ। ਇਸ ਗੁਰਮਤਿ ਸਮਾਗਮ ਵਿੱਚ ਵੱਡੇ ਪੱਧਰ ਤੇ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਇਲਾਕੇ ਦੀਆਂ ਮਹਾਨ ਸ਼ਖਸ਼ੀਅਤਾਂ ਸ਼ਾਮਿਲ ਹੋਈਆਂ। ਇਸ ਮੌਕੇ ਮਹਾਂਰਪੁਰਖਾਂ ਦਾ ਸਨਮਾਨ ਕਰਨ ਲਈ ਇਲਾਕੇ ਦੇ ਐਮ।ਐਲ।ਏ। ਰਾਣਾ ਇੰਦਰ ਪ੍ਰਤਾਪ ਸਿੰਘ ਵੀ ਪਹੁੰਚੇ ਸੰਗਤਾਂ ਵਲੋਂ ਐਮ।ਐਲ।ਏ। ਜੀ ਨੂੰ ਵੀ ਸਨਮਾਨ ਚਿੰਨ ਭੇਂਟ ਕੀਤਾ ਗਿਆ।
Comments (0)
Facebook Comments (0)