
PRTC ਦੀ ਬੱਸ ਨੇ ਓਵਰਟੇਕ ਦੇ ਚੱਕਰ ‘ਚ ਤੇਜ਼ਾਬ ਨਾਲ ਭਰੇ ਟੈਂਕਰ ਨੂੰ ਮਾਰੀ ਟੱਕਰ
Fri 24 May, 2019 0
ਲੁਧਿਆਣਾ :
ਸੂਬੇ ਵਿੱਚ ਤੇਜ਼ ਰਫਤਾਰ ਕਾਰਨ ਵਾਪਰਨ ਵਾਲ਼ੇ ਹਾਦਸਿਆਂ ਦਾ ਦੌਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ । ਲੁਧਿਆਣਾ ਵਿੱਚ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਸ਼ੁਕਰਵਾਰ ਸਵੇਰੇ 7 ਵਜੇ ਨੰਗਲ ਤੋਂ ਫੋਕਲ ਪੁਆਇੰਟ ਜਾ ਰਹੇ ਤੇਜ਼ਾਬ ਨਾਲ ਭਰੇ ਟੈਂਕਰ ਨੂੰ ਤੇਜ਼ ਰਫ਼ਤਾਰ ਪੀਆਰਟੀਸੀ ਦੀ ਬੱਸ ਨੇ ਟੱਕਰ ਮਾਰ ਦਿੱਤੀ । ਇਸ ਟੱਕਰ ਕਾਰਨ ਟੈਂਕਰ ਦਾ ਸਾਰਾ ਤੇਜ਼ਾਬ ਰੁੜ੍ਹ ਕੇ ਸੜਕ ‘ਤੇ ਆ ਗਿਆ । ਇਸ ਘਟਨਾ ਸਮੇਂ ਬੱਸ ਵਿੱਚ ਬੀਐੱਸਸੀ ਦੀਆਂ ਵਿਦਿਆਰਥਣਾਂ ਸਵਾਰ ਸਨ ਤੇ ਉਨ੍ਹਾਂ ਨੇ ਦੱਸਿਆ ਕਿ ਬੱਸ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਸਵਾਰੀਆਂ ਵੱਲੋਂ ਬੱਸ ਦੇ ਡਰਾਈਵਰ ਨੂੰ ਵਾਰ-ਵਾਰ ਬੱਸ ਹੌਲੀ ਚਲਾਉਣ ਨੂੰ ਕਿਹਾ ਗਿਆ, ਪਰ ਉਹ ਨਹੀਂ ਮੰਨਿਆ । ਜਿਸ ਕਾਰਨ ਜਮਾਲਪੁਰ ਚੌਕ ਦੇ ਨੇੜੇ ਬੱਸ ਨੇ ਟੈਂਕਰ ਨੂੰ ਓਵਰਟੇਕ ਕਰਨ ਦੇ ਚੱਕਰ ਵਿੱਚ ਟੱਕਰ ਮਾਰ ਦਿੱਤੀ । ਇਸ ਟੱਕਰ ਵਿੱਚ ਕਈ ਸਵਾਰੀਆਂ ਦੇ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ।
ਇਸ ਟੱਕਰ ਦੇ ਬਾਅਦ ਜਦੋਂ ਟੈਂਕਰ ਦਾ ਡਰਾਈਵਰ ਡੁੱਲ੍ਹ ਰਹੇ ਤੇਜ਼ਾਬ ਨੂੰ ਬੰਦ ਕਰ ਰਿਹਾ ਸੀ ਤਾਂ ਅਚਾਨਕ ਉਸਦੇ ਮੂੰਹ ‘ਚ ਤੇਜ਼ਾਬ ਪੈ ਗਿਆ । ਜਿਸ ਕਾਰਨ ਉਹ ਬੇਹੋਸ਼ ਹੋ ਗਿਆ । ਜ਼ਿਕਰਯੋਗ ਹੈ ਕਿ ਅਜਿਹਾ ਹੀ ਇੱਕ ਹਾਦਸਾ ਸਮਾਣਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਪਾਤੜਾਂ ਵਿੱਚ ਹਰਿਆਣਾ ਰੋਡਵੇਜ਼ ਤੇ ਇੱਕ ਨਿੱਜੀ ਬੱਸ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ । ਇਹ ਟੱਕਰ ਇਨੀ ਜਿਆਦਾ ਭਿਆਨਕ ਸੀ ਕਿ ਇਸ ਵਿੱਚ ਨਿੱਜੀ ਬੱਸ ਚਾਲਕ ਦੀ ਮੌਤ ਹੋ ਗਈ, ਜਦਕਿ ਦੋਹਾਂ ਬੱਸਾਂ ਵਿੱਚ ਸਵਾਰ 15 ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ ।
ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਸ ਚਾਲਕ ਦੀ ਪਹਿਚਾਣ ਕੁਲਵਿੰਦਰ ਸਿੰਘ ਵਾਸੀ ਸੰਗਰੂਰ ਦੇ ਰੂਪ ਵਿੱਚ ਹੋਈ ਹੈ।
ਮਿਲੀ ਜਾਣਕਰੀ ਵਿੱਚ ਪਤਾ ਲੱਗਿਆ ਹੈ ਕਿ ਸਵੇਰੇ ਹਰਿਆਣਾ ਰੋਡਵੇਜ਼ ਦੀ ਬੱਸ ਪਾਤੜਾਂ ਤੋਂ ਸਮਾਣਾ ਵੱਲ ਆ ਰਹੀ ਸੀ, ਜਿਸਦੀ ਅੱਗੇ ਜਾ ਰਹੇ ਟਰੱਕ ਨੂੰ ਕਰਾਸ ਕਰਨ ਸਮੇਂ ਇੱਕ ਨਿੱਜੀ ਬੱਸ ਨਾਲ ਟੱਕਰ ਹੋ ਗਈ । ਜਿਸ ਕਾਰਨ ਇਸ ਹਾਦਸੇ ਵਿੱਚ ਨਿੱਜੀ ਬੱਸ ਦੇ ਚਾਲਕ ਕੁਲਵਿੰਦਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਤੇ ਹਰਿਆਣਾ ਰੋਡਵੇਜ਼ ਬੱਸ ਚਾਲਕ ਮਦਨ ਲਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ।
Comments (0)
Facebook Comments (0)