ਭਲਕੇ ਰਿਲੀਜ਼ ਹੋ ਰਹੀ ਹੈ ਤਾਪਸੀ ਪਨੂੰ ਦੀ ਫਿਲਮ 'ਥੱਪੜ'
Thu 27 Feb, 2020 0ਬਾਲੀਵੁੱਡ ਦੀ ਤਾਪਸੀ ਆਪਣੀ ਅਪਕਮਿੰਗ ਫਿਲਮ 'ਥੱਪੜ' ਨੂੰ ਲੈ ਕੇ ਕਾਫੀ ਚਰਚਾ ਵਿਚ ਹੈ। 'ਮੁਲਕ' ਅਤੇ 'ਅਰਟੀਕਲ 15' ਜਿਹੀਆਂ ਫਿਲਮਾਂ ਬਣਾਉਣ ਵਾਲੇ ਅਨੁਭਵ ਸਿਨ੍ਹਾ ਫਿਰ ਕ੍ਰਾਂਤੀ ਦੇ ਮੂਡ 'ਚ ਹਨ ਅਤੇ ਤਾਪਸੀ ਆਪਣੀ ਅਦਾਕਾਰੀ ਦੀ ਤਾਕਤ ਇਸ ਫਿਲਮ ਵਿਚ ਦਿਖਾਉਂਦੀ ਨਜ਼ਰ ਆ ਰਹੀ ਹੈ। ਫਿਲਮ ਦੀ ਕਹਾਣੀ ਇਕ ਗੈਰਤਮੰਦ ਔਰਤ ਅੰਮ੍ਰਿਤਾ ਦੀ ਹੈ, ਜੋ ਵਿਆਹੁਤਾ ਜ਼ਿੰਦਗੀ 'ਚ ਬਹੁਤ ਖੁਸ਼ ਹੈ ਪਰ ਇਕ ਪਾਰਟੀ ਵਿਚ ਪਤੀ ਵਿਕਰਮ ਵੱਲੋਂ ਮਾਰਿਆ ਗਿਆ ਇਕ ਕਰਾਰਾ ਥੱਪੜ ਉਸ ਦੀ ਜ਼ਿੰਦਗੀ ਬਦਲ ਦਿੰਦਾ ਹੈ। ਵਿਕਰਮ ਦਾ ਕਿਰਦਾਰ ਪਾਵੇਲ ਗੁਲਾਟੀ ਨਿਭਾ ਰਹੇ ਹਨ। ਉਨ੍ਹਾਂ ਨਾਲ ਰਤਨਾ ਪਾਠਕ ਸ਼ਾਹ, ਤਨਵੀ ਆਜ਼ਮੀ, ਦੀਆ ਮਿਰਜ਼ਾ, ਰਾਮ ਕਪੂਰ ਅਤੇ ਕੁਮੁਦ ਮਿਸ਼ਰਾ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। ਘਰੇਲੂ ਹਿੰਸਾ ਵਿਰੁੱਧ ਸੰਦੇਸ਼ ਦਿੰਦੀ ਇਹ ਫਿਲਮ 28 ਫਰਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਤਾਪਸੀ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਸ/ਹਿੰਦ ਸਮਾਚਾਰ ਨਾਲ ਗੱਲਬਾਤ ਕੀਤੀ। ਪੇਸ਼ ਹਨ ਉਸ ਦੇ ਪ੍ਰਮੁੱਖ ਅੰਸ਼-
ਸਾਰਿਆਂ ਨੂੰ ਆਪਣੀ ਗਲਤੀ ਸੁਧਾਰਨੀ ਹੋਵੇਗੀ
ਇਸ ਫਿਲਮ 'ਚ ਇਕ ਸੀਨ ਹੈ, ਜਿਥੇ ਲੜਕੀ ਆਪਣੇ ਵਕੀਲ ਨਾਲ ਗੱਲ ਕਰ ਰਹੀ ਹੈ ਅਤੇ ਕਹਿ ਰਹੀ ਹੈ ਕਿ ਕਿਸ-ਕਿਸ ਦੀ ਗਲਤੀ ਹੈ। ਗਲਤੀ ਤਾਂ ਉਸ ਦੀ ਹੈ, ਜੋ ਉਸ ਨੇ ਮੈਨੂੰ ਮਾਰਨ ਦਾ ਹੱਕ ਸਮਝਿਆ ਅਤੇ ਮੇਰੀ ਵੀ, ਜੋ ਮੈਂ ਖੁਦ ਨੂੰ ਅਜਿਹਾ ਬਣਾ ਦਿੱਤਾ ਕਿ ਉਹ ਮੈਨੂੰ ਥੱਪੜ ਮਾਰ ਸਕਦਾ ਹੈ। ਗਲਤੀ ਸ਼ਾਇਦ ਉਸ ਦੀ ਮਾਂ ਦੀ ਵੀ ਹੈ ਕਿ ਉਸ ਨੇ ਉਸ ਨੂੰ ਨਹੀਂ ਸਿਖਾਇਆ ਕਿ ਕਿਵੇਂ ਆਪਣੀ ਪਤਨੀ ਨੂੰ ਰੱਖਣਾ ਹੈ। ਸ਼ਾਇਦ ਗਲਤੀ ਮੇਰੀ ਮਾਂ ਦੀ ਵੀ ਹੈ, ਜਿਸ ਨੇ ਮੈਨੂੰ ਸਿਖਾਇਆ ਕਿ ਔਰਤਾਂ ਨੂੰ ਸਹਿਣਸ਼ੀਲ ਹੋਣਾ ਚਾਹੀਦਾ ਹੈ। ਬਰਦਾਸ਼ਤ ਕਰਨਾ ਆਉਣਾ ਚਾਹੀਦਾ ਹੈ। ਕੁਲ ਮਿਲਾ ਕੇ ਗਲਤੀ ਸਾਡੀ ਸਾਰਿਆਂ ਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੀ ਗਲਤੀ ਸੁਧਾਰਨੀ ਹੋਵੇਗੀ।
ਜਿਹੜੀਆਂ ਚੀਜ਼ਾਂ ਲੁਕਾਈਆਂ ਜਾਂਦੀਆਂ ਹਨ, ਅਸੀਂ ਉਨ੍ਹਾਂ ਨੂੰ ਸਾਹਮਣੇ ਲੈ ਕੇ ਆਈਏ
ਦੇਖੋ 'ਥੱਪੜ' ਫਿਲਮ ਰਾਹੀਂ ਅਸੀਂ ਸਮਾਜ ਦੀਆਂ ਉਨ੍ਹਾਂ ਧਾਰਨਾਵਾਂ ਨੂੰ ਸਾਹਮਣੇ ਲਿਆ ਕੇ ਰੱਖਿਆ ਹੈ, ਜਿਸ ਨੂੰ ਲੋਕ ਲੁਕਾਉਣਾ ਚਾਹੁੰਦੇ ਹਨ। ਲੋਕ ਕਹਿੰਦੇ ਹਨ ਕਿ ਇਹ ਇਕ ਕਪਲ ਦਾ ਆਪਸੀ ਮਾਮਲਾ ਹੈ ਪਰ ਅਜਿਹਾ ਨਹੀਂ ਹੈ। ਹੁਣ ਅਸੀਂ ਇਸ ਨੂੰ ਬਾਹਰ ਲੈ ਕੇ ਆਈਏ। ਤੁਸੀਂ ਇਸ ਦੇ ਦੋਵੇਂ ਪੱਖਾਂ ਨੂੰ ਦੇਖ ਕੇ ਖੁਦ ਤੈਅ ਕਰੀਏ ਕਿ ਕੀ ਸਹੀ ਹੈ ਅਤੇ ਕੀ ਗਲਤ।
ਇਕ ਥੱਪੜ ਲਈ ਇੰਨਾ ਕੁਝ ਕਰਨਾ ਕਿਥੋਂ ਤੱਕ ਸਹੀ
ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਇਕ ਥੱਪੜ ਲਈ ਕੀ ਫਿਲਮ ਬਣਾਉਣੀ ਸਹੀ ਸੀ? ਉਨ੍ਹਾਂ ਲਈ ਮੈਂ ਇੰਨਾ ਹੀ ਕਹਾਂਗੀ ਕਿ ਜਦੋਂ ਤੁਸੀਂ ਫਿਲਮ ਖਤਮ ਕਰੋਗੇ ਤਾਂ ਤੁਹਾਨੂੰ ਅਜਿਹਾ ਬਿਲਕੁਲ ਨਹੀਂ ਲੱਗੇਗਾ। ਹਾਂ, ਮਤਭੇਦ ਹੋਣ ਨੂੰ ਤਾਂ ਡਾਇਰੈਕਟਰ ਦੇ ਦਫਤਰ 'ਚ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਕ ਥੱਪੜ ਲਈ ਤਲਾਕ ਲੈਣਾ ਸਹੀ ਨਹੀਂ ਹੈ ਤਾਂ ਅਜਿਹੇ ਲੋਕਾਂ ਨੂੰ ਕਹਾਂਗੀ ਕਿ ਤੁਸੀਂ ਸਮਾਜ ਵਿਚ ਤਬਦੀਲੀ ਨਹੀਂ ਚਾਹੁੰਦੇ।
ਇਕ ਥੱਪੜ ਲਈ ਲੈਣੇ ਪਏ 7 ਟੇਕ
ਹਾਂ, ਮੈਂ ਇਸ ਦੇ ਲਈ 7 ਟੇਕ ਲਏ ਹਨ ਅਤੇ ਇਹ ਮੇਰਾ ਪਿਛਲੇ ਕੁਝ ਸਾਲਾਂ ਵਿਚ ਸਭ ਤੋਂ ਜ਼ਿਆਦਾ ਮੁਸ਼ਕਲ ਟੇਕ ਸੀ। ਮੇਰੇ ਤੋਂ ਜ਼ਿਆਦਾ ਥੱਪੜ ਮਾਰਨ ਵਾਲਾ ਸੀਨ ਕਰਨਾ ਪਾਵੇਲ ਗੁਲਾਟੀ (ਅਭਿਨੇਤਾ) ਲਈ ਮੁਸ਼ਕਲ ਸੀ ਕਿਉਂਕਿ ਉਸ ਨੇ ਮੈਨੂੰ ਥੱਪੜ ਮਾਰਨਾ ਸੀ। ਉਹ ਮੇਰੇ ਮੁਕਾਬਲੇ ਫਿਲਮ ਨਗਰੀ 'ਚ ਨਵਾਂ ਹੈ, ਇਸ ਲਈ ਸੀਨ ਨਿਭਾਉਣ ਲਈ ਉਸ ਨੂੰ ਬਹੁਤ ਮੁਸ਼ਕਲ ਆਈ। ਉਹ ਮੈਨੂੰ ਥੱਪੜ ਮਾਰਨ 'ਚ ਖੁਦ ਨੂੰ ਅਸਹਿਜ ਮਹਿਸੂਸ ਕਰ ਰਿਹਾ ਸੀ।
ਮੈਂ ਕਿਸੇ ਫਿਲਮ ਨੂੰ ਮਨ੍ਹਾ ਨਹੀਂ ਕਰ ਸਕਦੀ
ਤਾਪਸੀ ਕਹਿੰਦੀ ਹੈ ਕਿ ਮੈਂ ਬਹੁਤ ਜ਼ਿਆਦਾ ਸਟ੍ਰਗਲ ਦੇਖਿਆ ਹੈ, ਇਸ ਲਈ ਕੋਈ ਫਿਲਮ ਨਹੀਂ ਛੱਡਣਾ ਚਾਹੁੰਦੀ। ਉਹ ਕਹਿੰਦੀ ਹੈ ਕਿ ਜਦੋਂ ਤੁਹਾਨੂੰ ਇਸ ਲਈ ਰਿਜੈਕਸ਼ਨ ਮਿਲਿਆ ਹੋਵੇ ਕਿ ਤੁਸੀਂ ਕਿਸੇ ਹੀਰੋ ਦੇ ਮਨਪਸੰਦ ਨਹੀਂ ਹੋ ਜਾਂ ਫਿਰ ਡਾਇਰੈਕਟਰ ਤੁਹਾਡੇ ਕੋਲੋਂ ਖੁਸ਼ ਨਹੀਂ ਹੈ ਅਤੇ ਇਸੇ ਕਾਰਣ ਤੁਹਾਡੇ ਤੋਂ ਫਿਲਮ ਖੋਹ ਲਈ ਗਈ ਹੋਵੇ ਤਾਂ ਤੁਸੀਂ ਕੋਈ ਫਿਲਮ ਨਹੀਂ ਛੱਡਣਾ ਚਾਹੁੰਦੇ, ਮੈਂ ਵੀ ਓਹੀ ਕਰ ਰਹੀ ਹਾਂ।
ਪਾਪੀ ਤੋਂ ਨਹੀਂ, ਪਾਪ ਤੋਂ ਕਰੋ ਨਫਰਤ
ਮੈਂ ਮੰਨਦੀ ਹਾਂ ਕਿ ਲੋਕਾਂ ਨੂੰ ਪਾਪੀ ਨੂੰ ਨਹੀਂ ਸਗੋਂ ਪਾਪ ਨੂੰ ਨਫਰਤ ਕਰਨੀ ਚਾਹੀਦੀ ਹੈ, ਇਸ ਲਈ ਮੇਰੇ ਨਜ਼ਰੀਏ ਦੀ ਵਜ੍ਹਾ ਨਾਲ ਮੈਨੂੰ ਕਦੇ ਕੋਈ ਪ੍ਰੇਸ਼ਾਨੀ ਨਹੀਂ ਹੋਈ। ਜਦੋਂ ਤੁਸੀਂ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਆਪਣੀ ਗੱਲ ਰੱਖਦੇ ਹੋ ਤਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਹੁੰਦੀ। ਉਂਝ ਮੇਰਾ ਇਰਾਦਾ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਹੈ ਸਗੋਂ ਗਲਤ ਨੂੰ ਗਲਤ ਕਹਿਣਾ ਚਾਹੀਦਾ ਹੈ।
Comments (0)
Facebook Comments (0)