
ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਹਿੰਦੂ ਮੰਤਰੀ ਨੇ ਸੰਭਾਲੀ ਕੁਰਸੀ
Thu 21 Nov, 2019 0
ਅਨੀਤਾ ਆਨੰਦ ਦਾ ਪੰਜਾਬ ਨਾਲ ਵੀ ਹੈ ਰਿਸ਼ਤਾ
ਔਟਵਾ, 21 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਹਿੰਦੂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ ਜਿਸ ਦਾ ਰਿਸ਼ਤਾ ਪੰਜਾਬ ਨਾਲ ਵੀ ਹੈ। ਜਸਟਿਨ ਟਰੂਡੋ ਨੇ ਉਨਟਾਰੀਓ ਦੀ ਓਕਵਿਲ ਰਾਈਡਿੰਗ ਤੋਂ ਪਹਿਲੀ ਵਾਰ ਐਮ.ਪੀ. ਚੁਣੀ ਗਈ ਅਨੀਤਾ ਆਨੰਦ ਨੂੰ ਆਪਣੀ ਕੈਬਨਿਟ ਵਿਚ ਜਗਾ ਦਿੰਦਿਆਂ ਜਨਤਕ ਸੇਵਾਵਾਂ ਅਤੇ ਖ਼ਰੀਦ ਮੰਤਰਾਲਾ ਸੌਂਪ ਦਿਤਾ। ਯੂਨੀਵਰਸਿਟੀ ਆਫ਼ ਟੋਰਾਟੋ ਵਿਚ ਕਾਨੂੰਨ ਦੀ ਪ੍ਰੋਫ਼ੈਸਰ, ਅਨੀਤਾ ਆਨੰਦ ਦਾ ਜਨਮ ਨੋਵਾ ਸਕੋਸ਼ੀਆ ਸੂਬੇ ਦੇ ਕੈਂਟਵਿਲ ਕਸਬੇ ਵਿਚ ਹੋਇਆ। ਉਨਾਂ ਦੀ ਮਾਤਾ ਸਰੋਜ ਰਾਮ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਨਾਲ ਸਬੰਧਤ ਸਨ ਜੋ ਹੁਣ ਇਸ ਦੁਨੀਆਂ ਵਿਚ ਨਹੀਂ ਜਦਕਿ ਪਿਤਾ ਐਸ.ਵੀ. ਆਨੰਦ ਤਾਮਿਲੀਅਨ ਹਨ। ਚਾਰ ਬੱਚਿਆਂ ਦੀ ਮਾਂ ਅਨੀਤਾ ਆਨੰਦ ਦਾ ਓਕਵਿਲ ਦੀ ਇੰਡੋ-ਕੈਨੇਡੀਅਨ ਕਮਿਊਨਿਟੀ ਵਿਚ ਚੰਗਾ ਅਸਰ-ਰਸੂਖ ਹੈ। ਉਹ ਕੈਨੇਡੀਅਨ ਮਿਊਜ਼ੀਅਮ ਆਫ਼ ਹਿੰਦੂ ਸਿਵਲਾਈਜ਼ੇਸ਼ਨ ਦੇ ਚੇਅਰਪਰਸਨ ਵੀ ਰਹਿ ਚੁੱਕੇ ਹਨ। 2015 ਦੀ ਤਰਜ਼ 'ਤੇ ਇਸ ਵਾਰ ਵੀ ਜਸਟਿਨ ਟਰੂਡੋ ਨੇ ਮਹਿਲਾਵਾਂ ਅਤੇ ਪੁਰਸ਼ਾਂ ਨੂੰ ਬਰਾਬਰ ਗਿਣਤੀ ਵਿਚ ਮੰਤਰੀ ਬਣਾਇਆ ਅਤੇ ਅਨੀਤਾ ਆਨੰਦ, ਕੈਬਨਿਟ ਵਿਚ ਸ਼ਾਮਲ 7 ਨਵੇਂ ਚਿਹਰਿਆਂ ਵਿਚੋਂ ਇਕ ਹਨ। ਨਵੀਂ ਕੈਬਨਿਟ ਦੇ ਸਹੁੰ ਚੁੱਕਣ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, ''ਅੱਜ, ਮੈਂ ਇਕ ਅਜਿਹੀ ਟੀਮ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿਚ ਨਾ ਸਿਰਫ਼ ਤਜਰਬੇਕਾਰਾਂ ਦੀ ਭਰਮਾਰ ਹੈ ਸਗੋਂ ਸਭਿਆਚਰਕ ਵੰਨ-ਸੁਵੰਨਤਾ ਪੱਖੋਂ ਵੀ ਇਹ ਬੇਹੱਦ ਮਜ਼ਬੂਤ ਟੀਮ ਹੈ। ਇਹ ਟੀਮ ਕੈਨੇਡਾ ਹਰ ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ ਮਸਲੇ ਨੂੰ ਸੁਲਝਾਉਣ ਲਈ ਤਾਲਮੇਲ ਤਹਿਤ ਕੰਮ ਕਰੇਗੀ।''
Comments (0)
Facebook Comments (0)