ਕਾਰ ਦੇ ਟਾਇਰ 'ਚੋਂ ਬਰਾਮਦ ਹੋਏ 2.40 ਕਰੋੜ ਰੁਪਏ

ਕਾਰ ਦੇ ਟਾਇਰ 'ਚੋਂ ਬਰਾਮਦ ਹੋਏ 2.40 ਕਰੋੜ ਰੁਪਏ

ਬੰਗਲੁਰੂ:

ਕਰਨਾਟਕ ਦੇ ਸ਼ਿਮੋਗਾ ਜ਼ਿਲ੍ਹੇ ਵਿਚ ਚੋਣਾਂ ਦੇ ਚਲਦਿਆਂ ਵੱਡੀ ਮਾਤਰਾ ਵਿਚ ਨਕਦੀ ਬਰਾਮਦ ਹੋਈ ਹੈ। ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਵਿਚ ਕਰਨਾਟਕ ਅਤੇ ਗੋਆ ਦੀਆਂ ਵੱਖ-ਵੱਖ ਥਾਵਾਂ ਤੋਂ 4 ਕਰੋੜ ਰੁਪਏ ਸੀਜ਼ ਕੀਤੇ ਹਨ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਬੰਗਲੁਰੂ ਤੋਂ ਸ਼ਿਮੋਗਾ ਜਾ ਰਹੀ ਇਕ ਕਾਰ ਵਿਚ ਰੱਖੇ ਗਏ ਟਾਇਰ ਵਿਚੋਂ ਲਗਭੱਗ 2.40 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਨਕਮ ਟੈਕਸ ਵਿਭਾਗ ਵਲੋਂ ਕੀਤੀ ਗਈ ਕਾਰਵਾਈ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਟਾਇਰ ਖੋਲ੍ਹਣ ’ਤੇ ਅੰਦਰੋਂ 2-2 ਹਜ਼ਾਰ ਦੇ ਨੋਟ ਬਰਾਮਦ ਕੀਤੇ ਗਏ ਹਨ। ਇਸ ਛਾਪੇਮਾਰੀ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਸੂਤਰਾਂ ਦੇ ਮੁਤਾਬਕ ਸੀਜ਼ ਕੀਤੀ ਗਈ ਨਕਦੀ ਨੂੰ ਬੰਗਲੁਰੂ ਤੋਂ ਸ਼ਿਮੋਗਾ ਅਤੇ ਭਦਰਾਵਤੀ ਟਰਾਂਸਫ਼ਰ ਕੀਤਾ ਜਾ ਰਿਹਾ ਸੀ। ਇੰਟੈਲੀਜੈਂਸ ਵਿਭਾਗ ਨੇ ਇਸ ਉਤੇ ਨਜ਼ਰ ਰੱਖੀ ਹੋਈ ਸੀ, ਜਦੋਂ ਨਕਦੀ ਦੇ ਨਾਲ ਗ੍ਰਿਫ਼ਤਾਰ ਵਿਅਕਤੀ ਬੰਗਲੁਰੂ ਤੋਂ ਭਦਰਾਵਤੀ ਜਾ ਰਿਹਾ ਸੀ, ਉਦੋਂ ਉਸ ਨੂੰ ਰੋਕ ਲਿਆ ਗਿਆ। ਮੁਲਜ਼ਮ ਨਕਦੀ ਨੂੰ ਸਕਾਰਪੀਓ ਕਾਰ ਰਾਹੀਂ ਲਿਜਾ ਰਿਹਾ ਸੀ। ਕਾਰ ਦੀ ਸਟਿੱਪਣੀ ਜਦੋਂ ਪਾੜੀ ਗਈ ਤਾਂ ਉਸ ਵਿਚੋਂ 2-2 ਹਜ਼ਾਰ ਦੇ ਨੋਟ ਨਿਕਲੇ। ਧਿਆਨ ਯੋਗ ਹੈ ਕਿ ਤਾਮਿਲਨਾਡੂ ਅਤੇ ਕਰਨਾਟਕ ਤੋਂ ਹੀ ਚੋਣਾਂ ਦੌਰਾਨ ਭਾਰੀ ਮਾਤਰਾ ਵਿਚ ਨਕਦੀ ਅਤੇ ਹੋਰ ਕਈ ਕਿਸਮ ਦੀ ਜ਼ਾਇਦਾਦ ਬਰਾਮਦ ਕੀਤੀ ਜਾ ਰਹੀ ਹੈ। ਤਾਮਿਲਨਾਡੂ ਦੀ ਵੇਲੋਰ ਸੀਟ ਉਤੇ ਤਾਂ 18 ਅਪ੍ਰੈਲ ਨੂੰ ਹੋਣ ਵਾਲੀ ਵੋਟਿੰਗ ਭ੍ਰਿਸ਼ਟਾਚਾਰ ਦੇ ਚਲਦਿਆਂ ਰੱਦ ਕਰ ਦਿਤੀ ਗਈ ਹੈ।