ਗਲੀ 'ਚ ਖੇਡ ਰਹੇ 4 ਸਾਲਾ ਬੱਚੇ ਨੂੰ ਅਵਾਰਾ ਕੁੱਤੇ ਨੇ ਨੋਚਿਆ
Tue 28 May, 2019 0ਬਰਮਾਲੀਪੁਰ- ਪੰਜਾਬ ਵਿਚ ਅਵਾਰਾ ਕੁੱਤਿਆਂ ਵਲੋਂ ਬੱਚਿਆਂ ਨੂੰ ਸ਼ਿਕਾਰ ਬਣਾਏ ਜਾਣ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਜ਼ਾ ਮਾਮਲਾ ਖੰਨਾ ਦੇ ਪਿੰਡ ਬਰਮਾਲੀਪੁਰ ਵਿਖੇ ਸਾਹਮਣੇ ਆਇਆ ਹੈ। ਜਿੱਥੇ ਇਕ ਅਵਾਰਾ ਕੁੱਤੇ ਨੇ ਗਲੀ ਵਿਚ ਖੇਡ ਰਹੇ ਚਾਰ ਸਾਲਾਂ ਦੇ ਬੱਚੇ ਨੂੰ ਨੋਚ-ਨੋਚ ਦੇ ਜ਼ਖ਼ਮੀ ਕਰ ਦਿੱਤਾ। ਕੁੱਤੇ ਵਲੋਂ ਬੱਚੇ 'ਤੇ ਹਮਲਾ ਕੀਤੇ ਜਾਣ ਦੀ ਵੀਡੀਓ ਸੀਸੀਟੀਵੀ ਵਿਚ ਰਿਕਾਰਡ ਹੋ ਗਈ।
ਦਰਅਸਲ ਮਹਿਤਾਬ ਸਿੰਘ ਪੁੱਤਰ ਸੰਦੀਪ ਸਿੰਘ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਅਚਾਨਕ ਅਵਾਰਾ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਨੇੜੇ ਬੈਠੇ ਇਕ ਬਜ਼ੁਰਗ ਨੇ ਬੱਚੇ ਨੂੰ ਕੁੱਤੇ ਤੋਂ ਬਚਾਇਆ। ਪਰਿਵਾਰਕ ਮੈਂਬਰ ਬੱਚੇ ਨੂੰ ਪਹਿਲਾਂ ਦੋਰਾਹਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਲੈ ਕੇ ਗਏ ਸੀ, ਜਿੱਥੇ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।
ਬੱਚੇ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਹੁਣ ਠੀਕ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਵਾਰਾ ਕੁੱਤਿਆਂ ਨੂੰ ਨੱਥ ਪਾਵੇ ਜੋ ਆਏ ਦਿਨ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਦਸ ਦਈਏ ਕਿ ਅਵਾਰਾ ਕੁੱਤਿਆਂ ਵਲੋਂ ਬੱਚਿਆਂ ਨੂੰ ਸ਼ਿਕਾਰ ਬਣਾਏ ਜਾਣ ਦੇ ਪੰਜਾਬ ਭਰ ਵਿਚ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਕਈ ਥਾਵਾਂ 'ਤੇ ਇਨ੍ਹਾਂ ਹਮਲਿਆਂ ਵਿਚ ਬੱਚਿਆਂ ਦੀ ਜਾਨ ਵੀ ਜਾ ਚੁੱਕੀ ਹੈ।
Comments (0)
Facebook Comments (0)