ਫ਼ਿਲਮੀ ਸਫਰ 2019: ਕਬੀਰ ਸਿੰਘ ਦੀ 'ਬੰਦੀ' ਤੋਂ ਲੈ ਕੇ 'ਸਮਲੈੰਗਿਕ' ਸੋਨਮ ਤੱਕ

ਫ਼ਿਲਮੀ ਸਫਰ 2019: ਕਬੀਰ ਸਿੰਘ ਦੀ 'ਬੰਦੀ' ਤੋਂ ਲੈ ਕੇ 'ਸਮਲੈੰਗਿਕ' ਸੋਨਮ ਤੱਕ

ਬੀਹੜ 'ਚ ਗੋਲੀਆਂ ਦੀ ਬੁਛਾੜ ਦਰਮਿਆਨ ਫ਼ਿਲਮ ‘ਸੋਨ ਚਿੜਿਆ’ ਦਾ ਇਹ ਡਾਇਲਾਗ ਦਿਲ ਦੇ ਆਰ-ਪਾਰ ਹੋ ਜਾਂਦਾ ਹੈ - "ਔਰਤ ਦੀ ਜਾਤ ਅਲਗ ਹੋਤ ਹੈ..."

ਬਲਾਤਕਾਰ ਦਾ ਸ਼ਿਕਾਰ ਹੋਈ ਦਲਿਤ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਚੰਬਲ ਦੇ ਡਾਕੂਆਂ ਅੱਗੇ ਭੱਜ ਰਹੀ ਕਥਿਤ ਉੱਚ ਜਾਤੀ ਦੀ ਇੰਦੂਮਤੀ (ਭੂਮੀ ਪੇਡਨੇਕਰ) ਨਾਲ ਇਹ ਗੱਲ ਮਹਿਲਾ ਫੂਲੀਆ ਉਸ ਵੇਲੇ ਕਰਦੀ ਹੈ, ਜਦੋਂ ਇੰਦੂਮਤੀ ਡਾਕੂਆਂ ਦੇ ਦੋ ਅਜਿਹੇ ਗੁੱਟਾਂ 'ਚ ਫਸ ਜਾਂਦੀ ਹੈ ਜੋ ਵੱਖ ਵੱਖ ਜਾਤ ਦੇ ਹਨ।

ਬੰਦੂਕਾਂ ਨਾਲ ਲੈਸ, ਬੇਵੱਸ ਫੂਲੀਆ ਜਿਵੇਂ ਦੱਸ ਰਹੀ ਹੋਵੇਂ ਕਿ ਉੱਚੀ-ਨੀਵੀਂ ਜਾਤੀਆਂ 'ਚ ਵੰਡੇ ਸਮਾਜ ਵਿੱਚ ਵੀ ਔਰਤ ਸਭ ਤੋਂ ਹੇਠਾਂ ਵਾਲੀ ਪੌੜੀ 'ਤੇ ਹੈ।

ਸਾਲ 2019 ਵਿੱਚ ਅਜਿਹੀਆਂ ਕਈ ਹਿੰਦੀ ਫਿਲਮਾਂ ਆਈਆਂ ਹਨ ਜੋ ਔਰਤ ਦੇ ਵੱਖ ਨਜ਼ਰੀਏ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਵੇਖੀਆਂ ਗਈਆਂ। ਨਾਲ ਹੀ, ਕਈ ਫਿਲਮਾਂ ਨੇ ਬੇਚੈਨ ਕਰਨ ਵਾਲੇ ਸਵਾਲ ਛੱਡੇ।

ਇਹ ਵੀ ਪੜ੍ਹੋ

ਕਬੀਰ ਸਿੰਘ ਦੀ 'ਬੇਜ਼ੁਬਾਨ' ਹੀਰੋਇਨ

ਸਾਲ 2019 ਵਿੱਚ ਆਈ ਫ਼ਿਲਮ ਕਬੀਰ ਸਿੰਘ 'ਡਿਸਰਪਟਰ'ਫ਼ਿਲਮ ਮੰਨੀ ਜਾ ਸਕਦੀ ਹੈ।

ਫ਼ਿਲਮ ਲਈ ਕਾਫ਼ੀ ਤਾੜੀਆਂ ਵੱਜੀਆਂ, ਪਰ ਇਹ ਇਲਜ਼ਾਮ ਵੀ ਲੱਗੇ ਕਿ ਇਹ ਔਰਤਾਂ ਨੂੰ ਨੀਵਾਂ ਵਿਖਾਉਣ ਵਾਲੀ ਫ਼ਿਲਮ ਸੀ।

ਮਸਲਨ, ਫਿਲਮ ਦਾ ਇੱਕ ਸੀਨ ਹੈ, ਜਿੱਥੇ ਪਿਆਰ ਵਿੱਚ ਦੁਖ਼ੀ ਹੀਰੋ ਕਬੀਰ ਸਿੰਘ (ਸ਼ਾਹਿਦ ਕਪੂਰ) ਇੱਕ ਕੁੜੀ ਨੂੰ ਚਾਕੂ ਦੀ ਨੋਕ 'ਤੇ ਕੱਪੜੇ ਉਤਾਰਨ ਲਈ ਕਹਿੰਦਾ ਹੈ। ਕੁੜੀ ਦੀ 'ਨਾਂਹ' ਦਾ ਉਸ ਲਈ ਕੋਈ ਮਤਲਬ ਨਹੀਂ।

ਉਸਦੀ ਪ੍ਰੇਮਿਕਾ ਦਾ ਦੁਪੱਟਾ ਥੋੜ੍ਹਾ ਜਿਹਾ ਖ਼ਿਸਕਦਾ ਹੈ, ਤਾਂ ਉਹ ਉਸ ਨੂੰ ਢੱਕਣ ਦਾ 'ਹੁਕਮ' ਦਿੰਦਾ ਹੈ।

ਆਪਣੀ ਪ੍ਰੇਮਿਕਾ ਨੂੰ ਇਹ ਕਹਿਣ ਵਿੱਚ ਉਸਨੂੰ ਕੋਈ ਝਿਜਕ ਨਹੀਂ ਹੈ ਕਿ "ਕਾਲਜ ਮੇਂ ਲੋਗ ਤੁਮਹੇਂ ਸਿਰਫ਼ ਇਸ ਲਈ ਜਾਨਤੇ ਹੈਂ ਕਿਉਂਕਿ ਤੂੰ ਕਬੀਰ ਸਿੰਘ ਕੀ ਬੰਦੀ ਹੈ।"

ਕਬੀਰ ਸਿੰਘ ਮਰਜ਼ੀ ਪੁੱਛੇ ਬਗੈਰ ਹੀਰੋਇਨ ਨੂੰ ਆਪਣੇ ਨਾਲ ਲੈ ਜਾਂਦਾ ਹੈ, ਛੂਹੰਦਾ ਹੈ, ਚੁੰਮਦਾ ਹੈ, ਮਾਰਦਾ ਹੈ।

ਇਸ ਤੋਂ ਵੀ ਜ਼ਿਆਦਾ ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਲੜਕੀ ਉੱਫ਼ ਤੱਕ ਨਹੀਂ ਕਰਦੀ।

ਫ਼ਿਲਮ ਵਿੱਚ ਜਿਵੇਂ ਉਸ ਲੜਕੀ ਨੂੰ ਕੋਈ ਆਵਾਜ਼ ਜਾਂ ਅਧਿਕਾਰ ਨਹੀਂ ਦਿੱਤਾ ਗਿਆ। ਸਾਰੇ ਜਜ਼ਬਾਤ, ਪਿਆਰ, ਗੁੱਸਾ, ਆਕ੍ਰੋਸ਼ ਫ਼ਿਲਮ ਦੇ ਹੀਰੋ ਦੇ ਹਿੱਸੇ ਹੈ।

ਉਸ ਦੀ 'ਬੰਦੀ' ਇਕ ਬੰਦ, ਬੇਜ਼ੁਬਾਨ ਗੁੱਡੀ ਦੀ ਤਰ੍ਹਾਂ ਹੈ, ਫ਼ਿਲਮ 'ਗਲੀ ਬੁਆਏ' ਦੀ ਹੈਰੋਇਨ ਸਫ਼ੀਨਾ (ਆਲੀਆ) ਤੋਂ ਬਿਲਕੁਲ ਉਲਟ।

'ਗਲੀ ਬੁਆਏ' ਦੀ 'ਬਿੰਦਾਸ' ਆਲੀਆ

'ਗਲੀ ਬੁਆਏ' ਦੀ ਸਫ਼ੀਨਾ (ਆਲੀਆ) ਆਪਣੀ ਗੱਲ ਨੂੰ ਸਾਫ਼-ਸਾਫ਼ ਰੱਖਦੀ ਹੈ, ਹੱਕ ਨਾ ਮਿਲਣ 'ਤੇ ਰੌਲਾ ਪਾਉਂਦੀ ਹੈ, ਕਈ ਵਾਰ ਬੇਕਾਬੂ ਵੀ ਹੋ ਜਾਂਦੀ ਹੈ।

ਪਰ ਸਫ਼ੀਨਾ ਜਾਣਦੀ ਹੈ ਕਿ ਉਹ ਕੀ ਚਾਹੁੰਦੀ ਹੈ ਅਤੇ ਕੀ ਨਹੀਂ।

ਇੱਕ ਸੀਨ ਵਿੱਚ, ਆਲੀਆ ਨੇ ਈਰਖ਼ਾ ਨਾਲ ਰਣਵੀਰ ਦੀ ਦੋਸਤ (ਕਲਕੀ) ਦੇ ਸਿਰ 'ਤੇ ਬੋਤਲ ਮਾਰ ਦਿੱਤੀ।

ਇੱਕ ਪਲ ਲਈ ਹੀ ਸਹੀ, ਉਸ ਵਿੱਚ ਕਬੀਰ ਸਿੰਘ ਵਾਲਾ ਥੋੜਾ ਜਿਹਾ ਪਾਗਲਪਨ ਨਜ਼ਰ ਆਉਂਦਾ ਹੈ। ਪਰ ਉਹ ਇਸ ਲਈ ਸ਼ਰਮਿੰਦਾ ਵੀ ਹੁੰਦੀ ਹੈ।

ਜ਼ੋਇਆ ਅਖ਼ਤਰ ਦੀ ਇਸ ਫ਼ਿਲਮ ਵਿੱਚ ਕਹਾਣੀ ਭਾਵੇਂ ਰਣਵੀਰ ਸਿੰਘ ਦੇ ਦੁਆਲੇ ਘੁੰਮਦੀ ਹੈ, ਪਰ ਫ਼ਿਲਮ ਦੀ ਨਿਰਦੇਸ਼ਕ ਜ਼ੋਇਆ ਅਖ਼ਤਰ ਨੇ ਆਲੀਆ ਨੂੰ ਆਪਣੀ ਵੱਖਰੀ ਪਛਾਣ ਦਿੱਤੀ ਹੈ।

ਅਜਿਹੇ ਸੀਨ ਕਿੰਨ੍ਹੀਆਂ ਹੀ ਫਿਲਮਾਂ ਵਿੱਚ ਵੇਖਣ ਨੂੰ ਮਿਲਦੇ ਹਨ ਜਿੱਥੇ ਫਿਲਮ ਦੀ ਹੈਰੋਇਨ ਹੀਰੋ ਨੂੰ ਇਹ ਭਰੋਸਾ ਦਿੰਦੀ ਹੈ ਕਿ ਤੁਸੀਂ ਆਪਣਾ ਸੁਪਨਾ ਪੂਰਾ ਕਰੋ, ਮੈਂ ਹਾਂ ਨਾ ਪੈਸੇ ਕਮਾਉਣ ਲਈ।

‘ਆਰਟੀਕਲ 15’

ਲਿੰਗ ਦੀ ਗੱਲ ਕਰੀਏ ਤਾਂ ਇਸ ਸਾਲ ਉਨਾਓ ਅਤੇ ਹੈਦਰਾਬਾਦ ਵਿੱਚ ਬਲਾਤਕਾਰ ਦੇ ਦਿਲ ਦਹਿਲਾਉਣ ਵਾਲੇ ਮਾਮਲੇ ਸਾਹਮਣੇ ਆਏ। ਉਸਦੀ ਝਲਕ ਫ਼ਿਲਮ 'ਆਰਟੀਕਲ 15' 'ਚ ਦਿਖਾਈ ਗਈ।

'ਰੇਪ ਸਮਝਤੀ ਹੋ, ਬੱਚੇ?' ਫ਼ਿਲਮ 'ਆਰਟੀਕਲ 15' ਵਿੱਚ ਇੱਕ ਨੌਜਵਾਨ ਪੁਲਿਸ ਅਧਿਕਾਰੀ (ਆਯੂਸ਼ਮਾਨ ਖੁਰਾਣਾ) 15-16 ਸਾਲ ਦੀ ਬੱਚੀ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ਦੇ ਭਰਾ ਨੇ 'ਨੀਵੀਂ ਜਾਤ' ਦੀ ਇੱਕ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਹੁਣ ਉਹ ਖੁਦਕੁਸ਼ੀ ਕਰ ਚੁੱਕਿਆ ਹੈ।

ਫ਼ਿਲਮ 'ਆਰਟੀਕਲ 15' ਭਾਵੇਂ ਹੀਰੋ ਆਯੁਸ਼ਮਾਨ ਖੁਰਾਣਾ ਦੀ ਨਜ਼ਰ ਤੋਂ ਦਿਖਾਈ ਗਈ ਹੈ, ਪਰ ਇਸ ਨੂੰ ਜੈੰਡਰ ਸੰਵੇਦਨਸ਼ੀਲ ਫ਼ਿਲਮ ਕਿਹਾ ਜਾ ਸਕਦਾ ਹੈ।

'ਏਕ ਲੜਕੀ ਕੋ ਦੇਖਾ ਤੋਂ ਏਸਾ ਲਗਾ'

ਸਾਲ ਦੀ ਸਭ ਤੋਂ ਹੈਰਾਨ ਕਰਨ ਵਾਲੀਆਂ ਫਿਲਮਾਂ ਵਿੱਚੋਂ ਇੱਕ ਸੀ ਸ਼ੈੱਲੀ ਚੋਪੜਾ ਧਰ ਦੀ 'ਏਕ ਲੜਕੀ ਕੋ ਦੇਖਾ ਤੋਂ ਏਸਾ ਲਗਾ'

ਸਮਲਿੰਗੀ ਲੋਕਾਂ 'ਤੇ ਕਈ ਫਿਲਮਾਂ ਬਣੀਆਂ ਹਨ, ਪਰ ਭਾਰਤ ਵਿੱਚ ਦੋ ਮੁਟਿਆਰਾਂ ਦੀ ਪ੍ਰੇਮ ਕਹਾਣੀ ਨੂੰ ਮੁੱਖ ਧਾਰਾ ਦੇ ਸਿਨੇਮਾ ਵਿੱਚ ਦਿਖਾਉਣ ਦੀ ਹਿੰਮਤ ਕੁਝ ਹੀ ਫ਼ਿਲਮਕਾਰ ਕਰ ਪਾਏ ਹਨ।

ਫ਼ਿਲਮ ਨੇ ਸ਼ਾਇਦ ਜ਼ਿਆਦਾ ਕਮਾਈ ਨਾ ਕੀਤੀ ਹੋਵੇ ਪਰ ਸੋਨਮ ਕਪੂਰ ਨੇ ਸਮਲਿੰਗੀ ਲੜਕੀ ਦਾ ਕਿਰਦਾਰ ਨਿਭਾਉਂਦਿਆਂ ਨੈਰੇਟਿਵ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ।

ਫਿਲਮ ਦੀ ਲੇਖਿਕਾ ਗ਼ਜ਼ਲ ਧਾਲੀਵਾਲ, ਜਿਸ ਨੇ ਇਕ ਲੜਕੇ ਤੋਂ ਅਸਲ ਜ਼ਿੰਦਗੀ ਵਿੱਚ ਇਕ ਲੜਕੀ ਬਨਣ ਦਾ ਸਫ਼ਰ ਤੈਅ ਕੀਤਾ ਹੈ।

ਦਾਦੀਆਂ 'ਤੇ ਬਣੀ ਫ਼ਿਲਮ

2019 ਵਿੱਚ, ਅਜਿਹੀਆਂ ਕੁਝ ਫਿਲਮਾਂ ਰਹੀਆਂ ਜਿੱਥੇ ਸਾਰਾ ਨੈਰੇਟਿਵ ਮਰਦਾਂ ਦੇ ਦੁਆਲੇ ਨਹੀਂ ਬਲਕਿ ਔਰਤਾਂ ਦੇ ਦੁਆਲੇ ਘੁੰਮਦਾ ਹੈ।

70-80 ਸਾਲ ਦੀ ਦੋ ਨਿਸ਼ਾਨੇਬਾਜ਼ ਦਾਦੀਆਂ ਦੀ ਅਸਲ ਕਹਾਣੀ 'ਤੇ ਨਿਰਦੇਸ਼ਕ ਤੁਸ਼ਾਰ ਹੀਰਾਨੰਦਾਨੀ ਦੀ ਫ਼ਿਲਮ 'ਸਾਂਡ ਕੀ ਆਂਖ' ਅਜਿਹੀ ਹੀ ਇੱਕ ਫ਼ਿਲਮ ਰਹੀ।

ਹਾਲਾਂਕਿ, ਦਾਦੀ ਦੇ ਰੋਲ ਵਿੱਚ ਉਮਰਦਰਾਜ਼ ਅਦਾਕਾਰਾਂ ਦੀ ਜਗ੍ਹਾਂ ਦੋ ਜਵਾਨ ਹੀਰੋਇਨਾਂ (ਤਾਪਸੀ ਅਤੇ ਭੂਮੀ) ਨੂੰ ਲੈਣ ਦੇ ਫੈਸਲੇ ਨੇ ਇੱਕ ਬਹਿਸ ਛੇੜ ਦਿੱਤੀ ਕਿ ਭਾਰਤ ਵਿੱਚ ਉਮਦਾ ਪਰ ਉਮਰਦਰਾਜ਼ ਅਭਿਨੇਤਰੀਆਂ ਲਈ ਬਹੁਤ ਘੱਟ ਮੌਕੇ ਹਨ।

ਅਦਾਕਾਰਾਂ ਦੇ ਨਾਲ ਨਾਲ, ਨਿਰਦੇਸ਼ਕ ਵੀ

ਮਹਿਲਾ ਕਿਰਦਾਰਾਂ 'ਤੇ ਬਣੀ ਇਕ ਮਹੱਤਵਪੂਰਣ ਫ਼ਿਲਮ ਰਹੀ ਕੰਗਨਾ ਰਣੌਤ ਦੀ ਮਣੀਕਰਣਿਕਾ - ਦ ਕਵੀਨ ਆਫ ਝਾਂਸੀ।

ਇਸ ਦਾ ਨਿਰਦੇਸ਼ਨ ਰਾਧਾ ਕ੍ਰਿਸ਼ਨ ਅਤੇ ਕੰਗਨਾ ਨੇ ਮਿਲ ਕੇ ਕੀਤਾ, ਜਿਸ ਕਾਰਨ ਕਾਫ਼ੀ ਵਿਵਾਦ ਵੀ ਹੋਇਆ ਸੀ।

ਪੁਰਸ਼ਾਂ ਦੇ ਮੁਕਾਬਲੇ ਹਿੰਦੀ ਸਿਨੇਮਾ ਵਿੱਚ ਬਹੁਤ ਘੱਟ ਅਭਿਨੇਤਰੀਆਂ ਅਜਿਹੀਆਂ ਹਨ ਜਿਨ੍ਹਾਂ ਨੇ ਅਭਿਨੈ ਅਤੇ ਨਿਰਦੇਸ਼ਨ ਦੋਵੇਂ ਕੀਤੇ ਹਨ।

ਮਸਲਨ, ਸ਼ੋਭਨਾ ਸਮਰਥ ਜਿਨ੍ਹਾਂ ਆਪਣੀ ਦੋਵੇਂ ਧੀਆਂ ਨੂਤਨ ਅਤੇ ਤਨੁਜਾ ਨੂੰ ਲਾਂਚ ਕੀਤਾ। ਨੰਦਿਤਾ ਦਾਸ, ਅਪ੍ਰਨਾ ਸੇਨ, ਕੋਂਕੌਨਾ ਸੇਨ ਵਰਗੇ ਕੁਝ ਹੋਰ ਨਾਮ ਵੀ ਇਸ ਲਿਸਟ 'ਚ ਸ਼ਾਮਲ ਹਨ।

ਔਰਤਾਂ ਨੇ ਕਿੰਨੀਆਂ ਫਿਲਮਾਂ ਬਣਾਈਆਂ?

ਮਹਿਲਾ ਨਿਰਦੇਸ਼ਕਾਂ ਦੀ ਗੱਲ ਕਰੀਏ ਤਾਂ ਸਾਲ 2019 ਵਿੱਚ ਕੁਝ ਫ਼ਿਲਮਾਂ ਬਣੀਆਂ ਜੋ ਔਰਤਾਂ ਦੁਆਰਾ ਬਣਾਈਆਂ ਗਈਆਂ - ਜ਼ੋਇਆ ਅਖ਼ਤਰ (ਗਲੀ ਬੁਆਏ), ਦਿ ਸਕਾਈ ਇਜ਼ ਪਿੰਕ (ਸੋਨਾਲੀ ਬੋਸ), ਏਕ ਲੜਕੀ ਕੋ ਦੇਖਾ ਤੋਂ ਏਸਾ ਲਗਾ (ਸ਼ੈਲੀ ਚੋਪੜਾ ਧਰ), ਖ਼ਾਨਦਾਨੀ ਸ਼ਫ਼ਾਖਾਨਾ (ਸ਼ਿਲਪੀ ਦਾਸਗੁਪਤਾ), ਮੋਤੀਚੂਰ ਚਕਨਾਚੂਰ (ਦੇਬਮਿੱਤਰਾ)।

ਹਾਲਾਂਕਿ, ਜੈੰਡਰ ਨੂੰ ਲੈਕੇ ਜੋ ਲੋੜੀਂਦੀ ਸੰਵੇਦਨਸ਼ੀਲਤਾ ਚਾਹੀਦੀ ਸੀ, ਉਸ ਵਿੱਚ ਹਿੰਦੀ ਫਿਲਮਾਂ ਨੂੰ ਲੰਮਾ ਸਮਾਂ ਤੈਅ ਕਰਨਾ ਹੈ।

ਨਹੀਂ ਤਾਂ, ਅਕਸ਼ੈ ਕੁਮਾਰ ਦੀ ਵੱਡੀ ਵਪਾਰਕ ਫਿਲਮ 'ਹਾਉਸਫੁੱਲ- 4' ਵਿੱਚ ਅਜਿਹੇ ਡਾਇਲੌਗ ਨਾ ਹੁੰਦੇ - ਜਿਸ ਨੇ ਜੈੰਡਰ ਕਾ ਟੈੰਡਰ ਨਹੀਂ ਭਰਾ (ਸਮਲਿੰਗੀਆਂ 'ਤੇ ਵਿਅੰਗ)।

ਜਾਂ 'ਪਤੀ ਪਤਨੀ ਔਰ ਵੌ' ਦੇ ਟ੍ਰੇਲਰ ਵਿੱਚ ਇਹ ਡਾਇਲਾਗ ਨਾ ਹੁੰਦਾ - 'ਬੀਵੀ ਸੇ ਸੈਕਸ ਮਾਂਗ ਲੇ ਤੋਂ ਹਮ ਭਿਖ਼ਾਰੀ, ਬੀਵੀ ਕੋ ਸੈਕਸ ਮਨਾ ਕਰ ਦੇਂ ਤੋਂ ਹਮ ਅੱਤਿਆਚਾਰੀ ਔਰ ਕਿਸੀ ਤਰ੍ਹਾਂ ਜੁਗਾੜ ਲਗਾ ਕੇ ਉਸ ਸੇ ਸੈਕਸ ਹਾਸਿਲ ਕਰ ਲੇਂ ਤੋਂ ਬਲਾਤਕਾਰੀ ਭੀ ਹਮ..'

ਕਿੰਨੀ ਅਸਾਨੀ ਨਾਲ ਡਾਇਲਾਗ ਮੈਰਿਟਲ ਰੇਪ ਦਾ ਮਜ਼ਾਕ ਉਡਾਉਂਦਿਆਂ ਨਿਕਲ ਜਾਂਦਾ ਹੈ। ਉਹੀ ਬਲਾਤਕਾਰ, ਜਿਸ ਨਾਲ ਜੁੜੇ ਕਈ ਪਹਿਲੂਆਂ 'ਤੇ ਗੱਲ ਕਰਨ ਲਈ ਫ਼ਿਲਮ 'ਸੈਕਸ਼ਨ 375' ਬਣੀ।

ਵੈਸੇ ਲੋਕਾਂ ਦੇ ਵਿਰੋਧ ਤੋਂ ਬਾਅਦ ਇਸ ਡਾਇਲਾਗ ਨੂੰ ਹਟਾਉਣਾ ਪਿਆ ਸੀ, ਜੋ ਸ਼ਾਇਦ ਕੁਝ ਸਾਲ ਪਹਿਲਾਂ ਸੰਭਵ ਨਹੀਂ ਹੁੰਦਾ।

ਸਾਲ 2020 ਦੀ ਸ਼ੁਰੂਆਤ, ਏਸਿਡ ਅਟੈਕ ਝੇਲ ਚੁੱਕੀ ਇਕ ਕੁੜੀ 'ਤੇ ਬਣੀ ਫ਼ਿਲਮ 'ਛਪਾਕ' ਨਾਲ ਹੋ ਰਹੀ ਹੈ, ਜੋ ਕੁਝ ਉਮੀਦਾਂ ਬੰਨ੍ਹ ਰਹੀ ਹੈ।

ਪੰਜਾਬੀ ਸਿਨੇਮਾ

ਪੰਜਾਬੀ ਸਿਨੇਮਾ ਵਿੱਚ ਵੀ 2019 ਦੀਆਂ ਫ਼ਿਲਮਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਅਤੇ ਅਸਰ ਛੱਡਿਆ। ਇਨ੍ਹਾਂ 'ਚ ਉਹ ਫ਼ਿਲਮਾਂ ਜੋ ਖ਼ਾਸ ਤੌਰ 'ਤੇ ਔਰਤਾਂ ਦੇ ਆਲੇ-ਦੁਆਲੇ ਵਿਸ਼ੇ ਪੱਖੋਂ ਫੋਕਸ ਵਿੱਚ ਰਹੀਆਂ। ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨੇ ਕੁਝ ਫਿਲਮਾਂ 'ਤੇ ਝਾਤ ਮਾਰੀ।

ਸੁਰਖ਼ੀ ਬਿੰਦੀ

ਇਹ ਫ਼ਿਲਮ ਰਾਣੋ (ਸਰਗੁਨ ਮਹਿਤਾ) ਦੇ ਸੁਪਨਿਆਂ ਬਾਰੇ ਹੈ। ਰਾਣੋ ਇੱਕ ਮੇਕ-ਅੱਪ ਕਲਾਕਾਰ ਹੈ ਅਤੇ 'ਸੋਹਣੇ ਮੁੰਡੇ' ਨਾਲ ਵਿਆਹ ਕਰਵਾ ਕੇ ਕੈਨੇਡਾ ਜਾਣ ਦਾ ਖ਼ਾਹਿਸ਼ ਰੱਖਦੀ ਹੈ ਪਰ ਇਸ 'ਚ ਸਫ਼ਲ ਨਹੀਂ ਹੁੰਦੀ ਅਤੇ ਉਸ ਦਾ ਵਿਆਹ ਸੁੱਖਾ (ਗੁਰਨਾਮ ਭੁੱਲਰ) ਨਾਲ ਹੋ ਜਾਂਦਾ ਹੈ।

ਹਾਲਾਤ ਦੇ ਮਾਰੇ ਰਾਣੋ ਅਤੇ ਸੁੱਖਾ ਇੱਕ ਦਿਨ ਬੇਘਰ ਹੋ ਜਾਂਦੇ ਹਨ ਅਤੇ ਇਸ ਤੋਂ ਬਾਅਦ ਇੱਕ ਕਮਰੇ ਦਾ ਘਰ ਕਿਰਾਏ ਤੇ ਲੈ ਕੇ ਰਹਿੰਦੇ ਹਨ। ਇਸੇ ਕਮਰੇ ਵਿੱਚ ਉਹ ਸੁਰਖ਼ੀ ਬਿੰਦੀ ਨਾ ਦਾ ਬਿਊਟੀ ਪਾਰਲਰ ਖੋਲ੍ਹਦੇ ਹਨ ਅਤੇ ਸੁਪਨਿਆਂ ਨੂੰ ਪੂਰਾ ਕਰਨ ਵੱਲ ਤੁਰਦੇ ਹਨ।

ਇਸ ਤੋਂ ਬਾਅਦ ਦੋਵਾਂ ਦੀ ਜ਼ਿੰਦਗੀ ਬਦਲਣ ਵੱਲ ਤੁਰਦੀ ਹੈ ਤੇ ਰਾਣੋ ਕਨੇਡਾ ਜਾਣ ਦੀ ਯੋਜਨਾ ਬਣਾਉਂਦੀ।

ਦੋਵੇਂ ਆਪੋ-ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹਨ।

ਲੇਖਕ ਤੋਂ ਨਿਰਦੇਸ਼ਕ ਬਣੇ ਜਗਦੀਪ ਸਿੱਧੂ ਦੀ ਇਸ ਫ਼ਿਲਮ ਨੂੰ ਰੁਪਿੰਦਰ ਇੰਦਰਜੀਤ ਨੇ ਲਿਖਿਆ ਹੈ।

ਗੁੱਡੀਆਂ ਪਟੋਲੇ

ਪੰਜਾਬੀ ਸਿਨੇਮਾ ਦੀ 'ਗੁਲਾਬੋ ਮਾਸੀ' ਦੇ ਨਾਂ ਨਾਲ ਜਾਣੀ ਜਾਂਦੀ ਅਦਾਕਾਰਾ ਨਿਰਮਲ ਰਿਸ਼ੀ ਇਸ ਫ਼ਿਲਮ ਦੀ ਮੁੱਖ ਹੀਰੋਇਨ ਕਹੇ ਜਾ ਸਕਦੇ ਹਨ।

ਰਿਸ਼ਤਿਆਂ ਦੀ ਸਾਂਝ ਨੂੰ ਦਰਸਾਉਂਦੀ ਇਸ ਫ਼ਿਲਮ ਵਿੱਚ ਦੋ NRI ਕੁੜੀਆਂ ਸੋਨਮ ਬਾਜਵਾ ਅਤੇ ਤਾਨੀਆ ਆਪਣੇ ਪਰਿਵਾਰ ਨੂੰ ਮਿਲਣ ਲਈ ਕੈਨੇਡਾ ਤੋਂ ਪੰਜਾਬ ਆਉਂਦੀਆਂ ਹਨ।

ਰਿਸ਼ਤਿਆਂ ਤੋਂ ਦੂਰ ਹੁੰਦੇ NRI ਬੱਚਿਆਂ ਤੇ ਫੋਕਸ ਕਰਦੀ ਇਸ ਫ਼ਿਲਮ ਵਿੱਚ ਦੋਵੇਂ ਗੁੱਡੀਆਂ (ਸੋਨਮ ਤੇ ਤਾਨੀਆ) ਹੌਲੀ-ਹੌਲੀ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਘੁੱਲ ਮਿਲ ਜਾਂਦੀਆਂ ਹਨ। ਪਰ ਨਾਨੀ (ਨਿਰਮਲ ਰਿਸ਼ੀ) ਅਤੇ ਦੋਹਤੀਆਂ (ਸੋਨਮ ਤੇ ਤਾਨੀਆ) ਵਿਚਾਲੇ ਰਿਸ਼ਤਿਆਂ ਦੇ ਨਿੱਘ ਨੂੰ ਬਿਹਤਰ ਤਰੀਕੇ ਨਾਲ ਦਿਖਾਉਂਦੀ ਹੈ ਇਹ ਫ਼ਿਲਮ।

ਨਾਨੀ ਅਤੇ ਦੋਹਤੀਆਂ ਦੀ ਇਹ ਤਿਕੜੀ ਅਜਿਹਾ ਕਮਾਲ ਦਖਾਉਂਦੀ ਹੈ ਕਿ ਦੋਵੇਂ ਭੈਣਾਂ ਦੀ ਆਪਣੀ ਮਾਂ ਨਾਲ ਨਾਰਾਜ਼ਗੀ ਵੀ ਦੂਰ ਹੋ ਜਾਂਦੀ ਹੈ ਅਤੇ ਰਿਸ਼ਤਿਆਂ ਦੀ ਅਹਿਮੀਅਤ ਵੀ ਦੱਸ ਜਾਂਦੀ ਹੈ।

ਕੌਮੀ ਐਵਾਰਡ ਜੇਤੂ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਦੀ ਇਸ ਫ਼ਿਲਮ ਨੂੰ ਜਗਦੀਪ ਸਿੱਧੂ ਨੇ ਲਿਖਿਆ ਹੈ।

ਅੜਬ ਮੁਟਿਆਰਾਂ

ਸੋਨਮ ਬਾਜਵਾ ਦਾ ਕਿਰਦਾਰ ਇਸ ਫ਼ਿਲਮ ਵਿੱਚ ਬੱਬੂ ਬੈਂਸ ਦਾ ਹੈ। ਮੁੱਖ ਭੂਮਿਕਾ ਅਦਾ ਕਰ ਰਹੀ ਸੋਨਮ ਬਾਜਵਾ ਮਰਦਾਂ ਵਾਲੇ ਸ਼ੌਂਕ ਰੱਖਦੀ।

ਬੱਬੂ ਨੇ ਆਪਣੀ ਜੀਪ 'ਚ ਬੇਸ ਬੈਟ ਰੱਖਿਆ ਹੈ ਅਤੇ ਜੀਪ ਮਗਰ ਅੜਬ ਜੱਟੀ ਵੀ ਲਿਖਾ ਰੱਖਿਆ ਹੈ ਤੇ ਇਸੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੋਨਮ ਦਾ ਕਿਰਦਾਰ ਕਾਫ਼ੀ ਆਜ਼ਾਦੀ ਵਾਲਾ ਹੈ।

ਉਹ ਆਪਣੇ ਹੱਕਾਂ ਦੇ ਨਾਲ-ਨਾਲ ਹੋਰਾਂ ਦੇ ਹੱਕਾਂ ਲਈ ਵੀ ਲੜਨਾ ਜਾਣਦੀ ਹੈ। ਬਸ ਹੱਕ ਨੂੰ ਲੈਣ ਦਾ ਇਸ ਅੜਬ ਜੱਟੀ ਦਾ ਢੰਗ ਥੋੜ੍ਹਾ ਅੜਬ (ਲੜਾਈ-ਝਗੜੇ ਵਾਲਾ) ਹੈ।

ਗੱਲ ਭਾਵੇਂ ਬਰਾਬਰੀ ਦੀ ਹੋਵੇ, ਇਨਸਾਫ਼ ਦੀ ਹੋਵੇ ਜਾਂ ਫ਼ਿਰ ਕੁਝ ਗ਼ਲਤ ਹੋਣ ਦੀ ਹੋਵੇ, ਬੱਬੂ ਬੈਂਸ ਹਮਸ਼ਾ ਤਿਆਰ ਰਹਿੰਦੀ ਹੈ।

ਮਾਨਵ ਸ਼ਾਹ ਨਿਰਦੇਸ਼ਿਤ ਇਸ ਫ਼ਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ।