
ਪਾਕਿਸਤਾਨ 'ਚ 400 ਸਾਲ ਪੁਰਾਣੇ 'ਗੁਰੂ ਨਾਨਕ ਮਹਿਲ' ਦਾ ਵੱਡਾ ਹਿੱਸਾ ਢਾਹਿਆ
Mon 27 May, 2019 0
ਇਸਲਾਮਾਬਾਦ :
ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸਥਿਤ ਇਤਿਹਾਸਕ 'ਗੁਰੂ ਨਾਨਕ ਮਹਿਲ' ਬਾਠਾਂਵਾਲਾ ਵਿਚ ਤੋੜਭੰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਸਥਾਨਕ ਲੋਕਾਂ ਨੇ ਓਕਾਫ਼ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਸਹਿਮਤੀ ਨਾਲ ਲਗਭਗ 400 ਸਾਲ ਪੁਰਾਣੇ 'ਗੁਰੂ ਨਾਨਕ ਮਹਿਲ' ਦਾ ਵੱਡਾ ਹਿੱਸਾ ਤੋੜ ਦਿੱਤਾ। ਇਸ ਦੇ ਨਾਲ ਹੀ ਮਹਿਲ ਦੀਆਂ ਕੀਮਤੀ ਖਿੜਕੀਆਂ ਅਤੇ ਦਰਵਾਜੇ ਵੇਚ ਦਿੱਤੇ। ਇਲਾਕੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਤੋੜਭੰਨ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਪਾਕਿਸਤਾਨੀ ਅਖ਼ਬਾਰ 'ਡਾਨ' ਦੀ ਇਕ ਰਿਪੋਰਟ ਮੁਤਾਬਕ ਇਸ ਚਾਰ ਮੰਜ਼ਲਾ ਇਮਾਰਤ ਦੀਆਂ ਕੰਧਾਂ 'ਤੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਇਲਾਵਾ ਹਿੰਦੂ ਸ਼ਾਸਕਾਂ ਅਤੇ ਰਾਜਕੁਮਾਰਾਂ ਦੀਆਂ ਤਸਵੀਰਾਂ ਸਨ। ਦੱਸਿਆ ਜਾਂਦਾ ਹੈ ਕਿ 'ਗੁਰੂ ਨਾਨਕ ਮਹਿਲ' ਚਾਰ ਸਦੀ ਪਹਿਲਾਂ ਬਣਾਇਆ ਗਿਆ ਸੀ ਅਤੇ ਇਸ ਥਾਂ 'ਤੇ ਭਾਰਤ ਸਮੇਤ ਦੁਨੀਆਂ ਭਰ ਤੋਂ ਸਿੱਖ ਆਉਂਦੇ ਹਨ। ਸੂਬਾ ਰਾਜਧਾਨੀ ਲਾਹੌਰ ਤੋਂ ਲਗਭਗ 100 ਕਿਲੋਮੀਟਰ ਦੂਰ ਨਾਰੋਵਾਲ ਸ਼ਹਿਰ ਵਿਚ ਬਣੇ ਇਸ ਮਹਿਲ ਵਿਚ 16 ਕਮਰੇ ਸਨ ਅਤੇ ਹਰ ਕਮਰੇ 'ਚ ਘੱਟੋ-ਘੱਟ ਤਿੰਨ ਦਰਵਾਜੇ ਅਤੇ ਚਾਰ ਰੋਸ਼ਨਦਾਨ ਸਨ।
ਰਿਪੋਰਟ ਮੁਤਾਬਕ ਓਕਾਫ਼ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਸਹਿਮਤੀ ਨਾਲ ਸਥਾਨਕ ਲੋਕਾਂ ਦੇ ਇਕ ਸਮੂਹ ਨੇ ਮਹਿਲ ਦੇ ਅੰਸ਼ਕ ਹਿੱਸੇ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਉਸ ਦੀਆਂ ਕੀਮਤੀ ਖਿੜਕੀਆਂ, ਦਰਵਾਜੇ ਤੇ ਰੋਸ਼ਨਦਾਨ ਵੇਚ ਦਿੱਤੇ। ਅਧਿਕਾਰੀਆਂ ਨੂੰ ਇਸ ਮਹਿਲ ਦੇ ਮਾਲਕ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਥਾਨਕ ਨਾਗਰਿਕ ਮੁਹੰਮਦ ਅਸਲਮ ਨੇ ਕਿਹਾ, "ਇਸ ਪੁਰਾਣੀ ਇਮਾਰਤ ਨੂੰ 'ਬਾਬਾ ਗੁਰੂ ਨਾਨਕ ਮਹਿਲ' ਕਿਹਾ ਜਾਂਦਾ ਹੈ ਅਤੇ ਅਸੀਂ ਉਸ ਨੂੰ ਮਹਲਾਂ ਨਾਮ ਦਿੱਤਾ ਹੈ। ਭਾਰਤ ਸਮੇਤ ਦੁਨੀਆਂ ਭਰ ਤੋਂ ਸਿੱਖ ਇੱਥੇ ਆਇਆ ਕਰਦੇ ਹਨ।"
ਈ.ਟੀ.ਪੀ.ਬੀ. ਸਿਆਲਕੋਟ ਖੇਤਰ ਦੇ ਰੈਂਟ ਕੁਲੈਕਟਰ ਰਾਣਾ ਵਹੀਦ ਨੇ ਕਿਹਾ, "ਸਾਡੀ ਟੀਮ ਗੁਰੂ ਨਾਨਕ ਮਹਿਲ ਬਾਠਾਂਵਾਲਾ ਦੇ ਸਬੰਧ ਵਿਚ ਜਾਂਚ ਕਰ ਰਹੀ ਹੈ। ਜੇ ਇਹ ਜਾਇਦਾਦ ਈ.ਟੀ.ਪੀ.ਬੀ. ਦੀ ਹੈ ਤਾਂ ਇਸ ਵਿਚ ਤੋੜਭੰਨ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Comments (0)
Facebook Comments (0)